ਵਿਧਾਨ ਸਭਾ ਚੋਣਾਂ: ਦੂਜੇ ਗੇੜ ਦੌਰਾਨ ਯੂਪੀ ‘ਚ 61.80% ਵੋਟਾਂ ਪਈਆਂ

ਲਖਨਊ, 14 ਫਰਵਰੀ – ਉੱਤਰ ਪ੍ਰਦੇਸ਼ ‘ਚ ਦੂਜੇ ਗੇੜ ਦੀਆਂ ਵੋਟਾਂ ਦੌਰਾਨ ਅੱਜ 61.80% ਪੋਲਿੰਗ ਹੋਈ। ਪਹਿਲੇ ਗੇੜ ਦੀਆਂ 10 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ 62.4% ਵੋਟਿੰਗ ਹੋਈ ਸੀ। ਸੂਬੇ ਦੇ 9 ਜ਼ਿਲ੍ਹਿਆਂ ਦੀਆਂ 55 ਸੀਟਾਂ ‘ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ। ਦੂਜੇ ਗੇੜ ‘ਚ 586 ਉਮੀਦਵਾਰਾਂ ਦੀ ਕਿਸਮਤ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ‘ਚ ਬੰਦ ਹੋ ਗਈ ਹੈ ਜਿਨ੍ਹਾਂ ‘ਚ ਸਾਬਕਾ ਮੰਤਰੀ ਧਰਮ ਸਿੰਘ ਸੈਣੀ ਵੀ ਸ਼ਾਮਲ ਹਨ ਜੋ ਚੋਣਾਂ ਤੋਂ ਐਨ ਪਹਿਲਾਂ ਸਮਾਜਵਾਦੀ ਪਾਰਟੀ ‘ਚ ਸ਼ਾਮਲ ਹੋ ਗਿਆ ਸੀ। ਸਮਾਜਵਾਦੀ ਪਾਰਟੀ ਦਾ ਆਗੂ ਆਜ਼ਮ ਖ਼ਾਨ ਰਾਮਪੁਰ ਅਤੇ ਉਸ ਦਾ ਪੁੱਤਰ ਅਬਦੁੱਲਾ ਆਜ਼ਮ ਖ਼ਾਨ ਸਵਾਰ ਸੀਟ ਤੋਂ ਚੋਣ ਲੜ ਰਿਹਾ ਹੈ। ਜਿਨ੍ਹਾਂ 55 ਸੀਟਾਂ ‘ਤੇ ਵੋਟਿੰਗ ਹੋਈ ਹੈ, ਉਨ੍ਹਾਂ ‘ਚੋਂ ਭਾਜਪਾ ਨੇ 2017 ਦੀਆਂ ਚੋਣਾਂ ਦੌਰਾਨ 38 ਸੀਟਾਂ ਜਿੱਤੀਆਂ ਸਨ ਜਦੋਂ ਕਿ ਸਮਾਜਵਾਦੀ ਪਾਰਟੀ ਨੂੰ 15 ਅਤੇ ਕਾਂਗਰਸ ਨੂੰ 2 ਸੀਟਾਂ ‘ਤੇ ਜਿੱਤ ਹਾਸਲ ਹੋਈ ਸੀ।