ਸੈਕਰਾਮੈਂਟੋ/ਕੈਲੇਫੋਰਨੀਆ, 15 ਫਰਵਰੀ (ਹੁਸਨ ਲੜੋਆ ਬੰਗਾ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਾਕਾ ਨਕੋਦਰ 1986 ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਵਿੱਚ ਸੈਨ ਹੋਜ਼ੇ, ਕੈਲੇਫੋਰਨੀਆ ਵਿਖੇ ਇੱਕ ਸ਼ਹੀਦੀ ਸਮਾਗਮ ਹੋਇਆ। ਸ਼ਹੀਦ ਭਾਈ ਰਵਿੰਦਰ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ, ਸ਼ਹੀਦ ਭਾਈ ਬਲਧੀਰ ਸਿੰਘ ਅਤੇ ਸ਼ਹੀਦ ਭਾਈ ਝਲਮਣ ਸਿੰਘ ਦੀ ਯਾਦ ਵਿੱਚ ਹੋਏ ਇਸ ਸ਼ਹੀਦੀ ਸਮਾਗਮ ਵਿੱਚ ਸ਼ਹੀਦ ਪਰਿਵਾਰਾਂ, ਸਥਾਨਿਕ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ ਅਤੇ ਕਥਾ ਵਾਚਕ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਜੀ ਨੇ ਗੁਰਮਤਿ ਵਿਚਾਰਾਂ ਕੀਤੀਆਂ। ਭਾਈ ਰਾਜਿੰਦਰ ਸਿੰਘ ਜੀ ਮੰਗਰ ਨੇ ਸਟੇਜ ਸਕੱਤਰ ਦੀ ਸੇਵਾ ਕੀਤੀ। ਸਥਾਨਕ ਪਤਵੰਤਿਆਂ ਵਿੱਚੋਂ ਭਾਈ ਸੁਖਦੇਵ ਸਿੰਘ ਜੀ ਬੈਣੀਵਾਲ, ਸੈਂਟਾ ਕਲਾਰਾ ਸ਼ਹਿਰ ਦੇ ਵਾਈਸ ਮੇਅਰ ਰਾਜ ਸਿੰਘ ਚਾਹਲ, ਭਾਈ ਗੁਰਦੀਪ ਸਿੰਘ ਜੀ ਅਤੇ ਭਾਈ ਮਹਿੰਦਰ ਸਿੰਘ ਜੀ ਬਾਜਵਾ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ, ਛੋਟੇ ਵੀਰ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਵੱਲੋਂ ਸੰਗਤਾਂ ਨੂੰ ਤਸਵੀਰਾਂ ਸਹਿਤ ਸਾਕਾ ਨਕੋਦਰ ਦੇ 36 ਸਾਲਾ ਇਤਿਹਾਸ ਨੂੰ ਵਿਸਥਾਰ ਸਹਿਤ ਵਰਣਨ ਕੀਤਾ। ਡਾ. ਹਰਿੰਦਰ ਸਿੰਘ ਵੱਲੋਂ ਜਥੇਦਾਰ ਸੁਖਦੇਵ ਸਿੰਘ ਜੀ ਬੈਣੀਵਾਲ ਵੱਲੋਂ ਸਾਕਾ ਨਕੋਦਰ ਦੀ ਨਾ-ਇਨਸਾਫ਼ੀ ਦੀ ਦਾਸਤਾਨ ਕਾਂਗਰਸ ਵੁਮੈਨ ਬੀਬੀ ਜੋਈ ਲਾਫ਼ਗਰਿਨ ਅਤੇ ਬੀਬੀ ਐਨਾ ਈਸ਼ੂ ਤੱਕ ਪਹੁੰਚਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਜਥੇਦਾਰ ਬੈਣੀਵਾਲ ਨੇ ਕਿਹਾ ਕਿ ਸਾਕਾ ਨਕੋਦਰ ਦੇ ਇਨਸਾਫ਼ ਲਈ ਉਹ ਤੇ ਗੁਰਦਵਾਰਾ ਸਾਹਿਬ ਕਮੇਟੀ ਸ਼ਹੀਦ ਪਰਿਵਾਰਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ। ਵਾਈਸ ਮੇਅਰ ਰਾਜ ਸਿੰਘ ਚਾਹਲ ਜੀ ਨੇ ਡਾ. ਹਰਿੰਦਰ ਸਿੰਘ ਅਤੇ ਸ਼ਹੀਦ ਪਰਿਵਾਰ ਵੱਲੋਂ ਸਾਕਾ ਨਕੋਦਰ ਦੀ ਲਹੂ ਭਿੱਜੀ ਅਤੇ ਬੇ-ਅਨਿਆਈ ਦੀ ਦਾਸਤਾਨ ਅਮਰੀਕਨ ਕਾਂਗਰਸ ਅਤੇ ਚੁਣੇ ਹੋਏ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਕੀਤੀ ਅਣਥੱਕ ਮਿਹਨਤ ਅਤੇ ਲਗਨ ਦੀ ਭਰਪੂਰ ਸ਼ਲਾਘਾ ਕਰਦਿਆਂ ਦਾਦ ਦਿੱਤੀ ਅਤੇ ਸਿੱਖ ਕੌਮ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਆਪਣੇ ਰੁਝੇਵਿਆਂ ਚੋਂ ਘੱਟੋ ਘੱਟ ਅੱਧਾ ਘੰਟਾ ਕੌਮੀ ਕਾਰਜਾਂ ਲਈ ਸਮਰਪਿਤ ਕਰਨ। ਵਾਈਸ ਮੇਅਰ ਚਾਹਲ ਜੀ ਨੇ ਕਿਹਾ ਕਿ ਸਾਕਾ ਨਕੋਦਰ ਦਾ ਇਨਸਾਫ਼ ਇਸ ਲਈ ਜ਼ਰੂਰੀ ਹੈ ਤਾਂ ਕਿ ਦੋਸ਼ੀ ਪੁਲਿਸ ਅਫ਼ਸਰਾਂ ਤੇ ਅਧਿਕਾਰੀਆਂ ਨੂੰ ਸਬਕ ਮਿਲ ਸਕੇ ਤੇ ਭਵਿੱਖ ਵਿੱਚ ਹੋਰ ਬੇਗੁਨਾਹਾਂ ਦੇ ਕਤਲ ਨਾ ਹੋਣ। ਡਾ. ਗੁਰਦੀਪ ਸਿੰਘ ਜੀ ਜੋ ਕਿ ਫਰਵਰੀ 1986 ‘ਚ ਨਕੋਦਰ ਸਨ ਨੇ ਆਪਣੀ ਹੱਡ ਬੀਤੀ ਸੰਗਤਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਉਸ ਸਮੇਂ ਪੁਲਿਸ ਤੇ ਸਰਕਾਰੀ ਸ਼ਹਿ ਤੇ ਸ਼ਿਵ ਸੈਨਿਕਾਂ ਵੱਲੋਂ ਗੁੰਡਾਗਰਦੀ ਇੱਕ ਆਮ ਵਰਤਾਰਾ ਹੋ ਗਿਆ ਸੀ। ਸੈਨ ਹੋਜ਼ੇ ਸ਼ਹਿਰ ਦੇ ਮੇਅਰ ਅਤੇ ਕੌਂਸਿਲ ਵੱਲੋਂ 4 ਫਰਵਰੀ ਨੂੰ “ਸਾਕਾ ਨਕੋਦਰ ਦਿਹਾੜਾ” ਦੀ ਦਿੱਤੀ ਮਾਨਤਾ ਡਾ. ਹਰਿੰਦਰ ਸਿੰਘ ਨੂੰ ਦਿੱਤੀ ਗਈ, ਸਮੂਹ ਸੰਗਤਾਂ ਤੇ ਪ੍ਰਬੰਧਕਾਂ ਵੱਲੋਂ ਮੇਅਰ, ਕੌਂਸਿਲ ਅਤੇ ਸਿਟੀ ਕੌਂਸਿਲ ਵੁਮੈਨ ਸਿਲਵੀਆ ਅਰੀਨਸ ਦਾ ਮਾਨਤਾ ਲਈ ਧੰਨਵਾਦ ਕੀਤਾ।
Home Page ਸਾਕਾ ਨਕੋਦਰ ਦੇ ਸ਼ਹੀਦਾਂ ਦਾ 36ਵਾਂ ਸ਼ਹੀਦੀ ਦਿਹਾੜਾ ਨਾਰਥ ਅਮਰੀਕਾ ਦੇ ਸਭ...