ਨਵੀਂ ਦਿੱਲੀ, 18 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਸਿੱਖ ਭਾਈਚਾਰੇ ਦੇ ਕਈ ਆਗੂਆਂ, ਸੰਤ ਸਮਾਜ ਦੇ ਕੁੱਝ ਸੰਤਾਂ ਤੇ ਬਾਬਿਆਂ ਨੇ ਮੁਲਾਕਾਤ ਕੀਤੀ। ਇਹ ਮੁਲਾਕਾਤ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਹੋਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਦੇ ਸੁਖਦੇਵ ਸਿੰਘ ਢੀਂਡਸਾ ਧੜੇ ਨਾਲ ਗੱਠਜੋੜ ਕਰਕੇ ਸਿੱਖ ਭਾਈਚਾਰੇ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਖ਼ਬਰਾਂ ਮੁਤਾਬਿਕ ਸ੍ਰੀ ਮੋਦੀ ਨੂੰ ਮਿਲਣ ਵਾਲੇ ਸਿੱਖ ਭਾਈਚਾਰੇ ਦੇ ਨੇਤਾਵਾਂ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਪਦਮਸ੍ਰੀ ਬਾਬਾ ਬਲਬੀਰ ਸਿੰਘ ਸੀਚੇਵਾਲ, ਸੇਵਾਪੰਥੀ ਯਮੁਨਾ ਨਗਰ ਦੇ ਮਹੰਤ ਕਰਮਜੀਤ ਸਿੰਘ, ਕਰਨਾਲ ਦੇ ਡੇਰਾ ਬਾਬਾ ਜੰਗ ਸਿੰਘ ਦੇ ਬਾਬਾ ਜੋਗਾ ਸਿੰਘ ਤੇ ਬਾਬਾ ਮੇਜਰ ਸਿੰਘ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਾਰ ਸੇਵਾ ਦੇ ਜਥੇਦਾਰ ਬਾਬਾ ਸਾਹਿਬ ਸਿੰਘ, ਭੈਣੀ ਸਾਹਿਬ ਦੇ ਨਾਮਧਾਰੀ ਦਰਬਾਰ ਦੇ ਸੁਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਬਾਬਾ ਜੱਸਾ ਸਿੰਘ, ਦਮਦਮੀ ਟਕਸਾਲ ਦੇ ਹਰਭਜਨ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਵੀ ਹਾਜ਼ਰੀ ਭਰੀ। ਪ੍ਰਧਾਨ ਮੰਤਰੀ ਮੋਦੀ ਨੂੰ ਸਿੱਖ ਆਗੂਆਂ ਨੇ ਇੱਕ ਮੰਗ ਪੱਤਰ ਵੀ ਦਿੱਤਾ, ਜਿਸ ਵਿੱਚ ਕੁੱਝ ਮੰਗਾਂ ਰੱਖੀਆਂ ਗਈਆਂ ਹਨ।
Home Page ਪ੍ਰਧਾਨ ਮੰਤਰੀ ਮੋਦੀ ਨਾਲ ਸਿੱਖ ਆਗੂਆਂ ਨੇ ਕੀਤੀ ਮੁਲਾਕਾਤ