ਲਖੀਮਪੁਰ ਖੀਰੀ ਹਿੰਸਾ: ਸੁਪਰੀਮ ਕੋਰਟ ‘ਚ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀ ਦੂਜੀ ਪਟੀਸ਼ਨ ਦਾਖ਼ਲ

ਨਵੀਂ ਦਿੱਲੀ, 21 ਫਰਵਰੀ – ਯੂਪੀ ਦੇ ਲਖੀਮਪੁਰ ਖੀਰੀ ਵਿੱਚ ਜੀਪ ਹੇਠ ਦਰੜ ਕੇ ਗਏ ਕਿਸਾਨਾਂ ਦੇ ਪਰਿਵਾਰਾਂ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਇਸ ਕੇਸ ਵਿੱਚ ਮੁੱਖ ਮੁਲਜ਼ਮ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਅਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਪੀੜਤ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਹਾਈ ਕੋਰਟ ਦੇ 10 ਫਰਵਰੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਕਿਉਂਕਿ ਯੂਪੀ ਸਰਕਾਰ, ਜਿੱਥੇ ਮੁਲਜ਼ਮ ਤੇ ਉਸ ਦੇ ਪਿਤਾ ਦੀ ਪਾਰਟੀ ਸੱਤਾ ਵਿੱਚ ਹੈ, ਇਸ ਫ਼ੈਸਲੇ ਖ਼ਿਲਾਫ਼ ਬੋਲਣ ‘ਚ ਨਾਕਾਮ ਰਹੀ ਹੈ। ਚੇਤੇ ਰਹੇ ਕਿ ਪਿਛਲੇ ਸਾਲ 3 ਅਕਤੂਬਰ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਫੇਰੀ ਖ਼ਿਲਾਫ਼ ਵਿਰੋਧ ਕਰਕੇ ਵਾਪਸ ਪਰਤ ਰਹੇ ਕਿਸਾਨਾਂ ਦੇ ਇਕ ਸਮੂਹ ਨੂੰ ਗੱਡੀਆਂ ਨਾਲ ਦਰੜ ਦਿੱਤਾ ਸੀ। ਇਸ ਹਾਦਸੇ ‘ਚ 4 ਕਿਸਾਨਾਂ ਤੇ 1 ਸਥਾਨਕ ਪੱਤਰਕਾਰ ਦੀ ਜਾਨ ਜਾਂਦੀ ਰਹੀ ਸੀ। ਇਸ ਘਟਨਾ ਮਗਰੋਂ ਭੜਕੀ ਹਿੰਸਾ ‘ਚ 3 ਹੋਰ ਵਿਅਕਤੀਆਂ ਦੀ ਜਾਨ ਗਈ ਸੀ।