ਚੇਨਈ, 22 ਫਰਵਰੀ – ਭਾਰਤ ਦੇ 16 ਸਾਲਾ ਗਰੈਂਡ ਮਾਸਟਰ ਆਰ. ਪ੍ਰਗਨਾਨੰਦਾ ਨੇ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਜ਼ ਮਾਸਟਰਜ਼ ਦੇ 8ਵੇਂ ਗੇੜ ਵਿੱਚ ਦੁਨੀਆ ਦੇ ਅੱਵਲ ਨੰਬਰ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਉਲਟ ਫੇਰ ਕਰ ਦਿੱਤਾ। ਪ੍ਰਗਨਾਨੰਦਾ ਨੇ ਅੱਜ ਸਵੇਰੇ ਖੇਡੀ ਗਈ ਬਾਜ਼ੀ ਵਿੱਚ ਕਾਲੇ ਮੋਹਰਿਆਂ ਨਾਲ ਖੇਡਦਿਆਂ ਕਾਰਲਸਨ ਨੂੰ 39 ਚਾਲਾਂ ਵਿੱਚ ਮਾਤ ਦਿੱਤੀ। ਉਸ ਨੇ ਇਸ ਤਰ੍ਹਾਂ ਕਾਲਰਸਨ ਦੀ ਜੇਤੂ ਮੁਹਿੰਮ ਵੀ ਰੋਕ ਦਿੱਤੀ ਹੈ, ਜਿਸ ਨੇ ਇਸ ਤੋਂ ਪਹਿਲਾਂ ਲਗਾਤਾਰ ਤਿੰਨ ਬਾਜ਼ੀਆਂ ਜਿੱਤੀਆਂ ਸਨ। ਭਾਰਤੀ ਗਰੈਂਡ ਮਾਸਟਰ ਦੇ ਇਸ ਜਿੱਤ ਨਾਲ 8 ਅੰਕ ਹੋ ਗਏ ਹਨ ਅਤੇ ਉਹ 8ਵੇਂ ਗੇੜ ਮਗਰੋਂ ਸੰਯੁਕਤ 12ਵੇਂ ਸਥਾਨ ‘ਤੇ ਹੈ। ਪਿਛਲੇ ਗੇੜ ਦੀਆਂ ਬਾਜ਼ੀਆਂ ਵਿੱਚ ਉਮੀਦ ਮੁਤਾਬਿਕ ਪ੍ਰਦਰਸ਼ਨ ਨਾ ਕਰ ਸਕਣ ਕਾਰਨ ਪ੍ਰਗਨਾਨੰਦਾ ਦੀ ਕਾਰਲਸਨ ‘ਤੇ ਜਿੱਤ ਹੈਰਾਨੀਜਨਕ ਹੈ।
ਉਸ ਨੇ ਇਸ ਤੋਂ ਪਹਿਲਾਂ ਸਿਰਫ਼ ਲੇਵ ਆਰੋਨੀਅਨ ਖ਼ਿਲਾਫ਼ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ ਪ੍ਰਗਨਾਨੰਦਾ ਨੇ 2 ਬਾਜ਼ੀਆਂ ਡਰਾਅ ਖੇਡੀਆਂ, ਜਦੋਂ ਕਿ 4 ਬਾਜ਼ੀਆਂ ਵਿੱਚ ਉਸ ਨੂੰ ਹਾਰ ਝੱਲਣੀ ਪਈ ਸੀ। ਉਸ ਨੇ ਅਨੀਸ਼ ਡਿੱਗੀ ਅਤੇ ਕਵਾਂਗ ਲੀਮ ਦੇ ਖ਼ਿਲਾਫ਼ ਬਾਜ਼ੀਆਂ ਡਰਾ ਕਰਾਈ ਸੀ ਜਦੋਂ ਕਿ ਏਰਿਕ ਹੈਨਸੇਨ, ਡਿੰਗ ਲਿਰੇਨ, ਜਾਨ ਕਰਿਜਸਟੋਫ ਡੂਡਾ ਅਤੇ ਸ਼ਖਰਿਆਰ ਮਾਮੇਦਯਾਰੋਵ ਤੋਂ ਉਸ ਨੂੰ ਹਾਰ ਝੇਲਣੀ ਪਈ ਸੀ।
ਕੁੱਝ ਮਹੀਨੇ ਪਹਿਲਾਂ ਨਾਰਵੇ ਦੇ ਕਾਰਲਸਨ ਤੋਂ ਵਰਲਡ ਚੈਂਪੀਅਨਸ਼ਿਪ ਦਾ ਮੁਕਾਬਲਾ ਹਾਰਨ ਵਾਲੇ ਰੂਸ ਦੇ ਇਯਾਨ ਨੇਪੋਮਨਿਆਚਚੀ 19 ਅੰਕ ਦੇ ਨਾਲ ਸਿਖਰ ਉੱਤੇ ਹਨ। ਉਨ੍ਹਾਂ ਦੇ ਬਾਅਦ ਡਿੰਗ ਲਿਰੇਨ ਅਤੇ ਹੈਨਸੇਨ (ਦੋਵਾਂ ਦੇ 15 ਅੰਕ) ਦਾ ਨੰਬਰ ਆਉਂਦਾ ਹੈ। ਏਅਰਥਿੰਗਜ਼ ਮਾਸਟਰਜ਼ ਵਿੱਚ 16 ਖਿਡਾਰੀ ਭਾਗ ਲੈ ਰਹੇ ਹਨ। ਇਸ ਵਿੱਚ ਖਿਡਾਰੀ ਨੂੰ ਜਿੱਤ ‘ਤੇ 3 ਅੰਕ ਅਤੇ ਡਰਾ ਉੱਤੇ 1 ਅੰਕ ਮਿਲਦਾ ਹੈ। ਅਰੰਭ ਦੇ ਪੜਾਅ ਵਿੱਚ ਹੁਣੇ 7 ਦੌਰ ਦੀਆਂ ਬਾਜ਼ੀਆਂ ਖੇਡੀ ਜਾਣੀਆਂ ਬਾਕੀ ਹਨ।
Home Page ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਜ਼ ਮਾਸਟਰਜ਼: ਭਾਰਤ ਦੇ 16 ਸਾਲਾ ਪ੍ਰਗਨਾਨੰਦਾ ਨੇ ਦੁਨੀਆ...