ਟੀ-20: ਭਾਰਤ ਨੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤੀ

ਧਰਮਸ਼ਾਲਾ, 27 ਫਰਵਰੀ – ਮੇਜ਼ਬਾਨ ਭਾਰਤ ਨੇ ਇੱਥੇ ਤੀਸਰੇ ਅਤੇ ਆਖ਼ਰੀ ਟੀ-20 ਮੈਚ ਵਿੱਚ ਐਤਵਾਰ ਨੂੰ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ ਹੈ। ਟੀਮ ਇੰਡੀਆ ਸਾਹਮਣੇ 147 ਦੌੜਾਂ ਦਾ ਟੀਚਾ ਸੀ ਜਿਸ ਨੂੰ ਟੀਮ ਨੇ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਮੌਕੇ ਸ਼੍ਰੇਅਸ ਅਈਅਰ ਟਾਪ ਸਕੋਰਰ ਰਿਹਾ ਜਿਸ ਨੇ 69 ਦੌੜਾਂ ਬਣਾਈਆਂ। ਟੀ-20 ਕੌਮਾਂਤਰੀ ਮੈਚਾਂ ਵਿੱਚ ਭਾਰਤ ਦੀ ਇਹ ਲਗਾਤਾਰ 12ਵੀਂ ਜਿੱਤ ਹੈ। ਸ੍ਰੀਲੰਕਾ ਦੀ ਟੀਮ ਨੇ ਭਾਰਤ ਖ਼ਿਲਾਫ਼ ਕਪਤਾਨ ਦਾਸੁਨ ਸ਼ਨਾਕਾ ਦੇ ਅਰਧਸੈਂਕੜੇ ਦੇ ਦਮ ਉੱਤੇ 5 ਵਿਕਟਾਂ ਗੁਆ ਕੇ 146 ਦੋੜਾਂ ਬਣਾਈਆਂ ਸਨ ਤੇ ਟੀਮ ਇੰਡੀਆ ਨੂੰ ਮੈਚ ਜਿੱਤਣ ਲਈ 147 ਦੋੜਾਂ ਦਾ ਟੀਚਾ ਦਿੱਤਾ ਸੀ। ਸ੍ਰੀਲੰਕਾ ਤਰਫ਼ੋਂ ਦਾਸੁਨ ਸ਼ਨਾਕਾ ਨੇ 74 ਦੋੜਾਂ ਦੀ ਹਾਰੀ ਖੇਡੀ ਜਦੋਂ ਕਿ ਦਿਨੇਸ਼ ਚਾਂਦੀਮਲ ਨੇ 25 ਤੇ ਚਾਮਿਕਾ ਕਰੂਣਾਰਤਨੇ ਨੇ ਨਾਬਾਦ 12 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਗੇਂਦਬਾਜ਼ ਆਵੇਸ਼ ਖਾਨ ਨੇ 2 ਖਿਡਾਰੀਆਂ ਨੂੰ ਪੈਵੀਲੀਅਨ ਦਾ ਰਾਹ ਦਿਖਾਇਆ ਜਦੋਂ ਕਿ ਮੁਹੰਮਦ ਸਿਰਾਜ, ਹਰਸ਼ ਪਟੇਲ ਤੇ ਰਵੀ ਬਿਸ਼ਨੋਈ ਨੇ 1-1 ਖਿਡਾਰੀ ਨੂੰ ਆਊਟ ਕੀਤਾ। ਸ੍ਰੀਲੰਕਾ ਦੇ ਕਪਤਾਨ ਦਾਸੂਨ ਸ਼ਨਾਕਾ ਨੇ ਇੱਥੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਟੀਮ ਇੰਡੀਆ ਇਹ ਸੀਰੀਜ਼ ਪਹਿਲਾਂ ਹੀ 2-0 ਦੇ ਫ਼ਰਕ ਨਾਲ ਜਿੱਤ ਚੁੱਕੀ ਹੈ।