ਵਿੰਟਰ ਪੈਰਾਲੰਪਿਕ 2022: ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ਹਿੱਸਾ ਨਹੀਂ ਲੈ ਸਕਣਗੇ

ਪੇਈਚਿੰਗ, 4 ਮਾਰਚ – ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ (ਆਈਪੀਸੀ) ਨੇ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਯੂਕਰੇਨ ਵਿੱਚ ਉਨ੍ਹਾਂ ਦੇ ਦੇਸ਼ਾਂ ਦੀ ਭੂਮਿਕਾ ਕਾਰਨ ‘ਵਿੰਟਰ ਪੈਰਾਲੰਪਿਕ ਖੇਡਾਂ 2022’ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਪੈਰਾਲੰਪਿਕ ਕਮੇਟੀ ਨੇ 24 ਘੰਟਿਆਂ ਦੇ ਅੰਦਰ ਆਪਣਾ ਫ਼ੈਸਲਾ ਬਦਲ ਲਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਸ ਨੇ ਕਿਹਾ ਸੀ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਰੂਸੀ ਅਤੇ ਬੇਲਾਰੂਸੀ ਖਿਡਾਰੀਆਂ ਨੂੰ ਨਿਰਪੱਖ ਖਿਡਾਰੀਆਂ ਵਜੋਂ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਵਿੱਚ ਉਹ ਆਪਣੇ ਦੇਸ਼ ਦੇ ਨਾਮ ਅਤੇ ਝੰਡੇ ਦੀ ਵਰਤੋਂ ਨਹੀਂ ਕਰ ਸਕਦੇ ਸਨ। ਇਸ ਮਾਮਲੇ ‘ਤੇ ਕਾਫ਼ੀ ਆਲੋਚਨਾ ਝੱਲਣ ਮਗਰੋਂ ਕਮੇਟੀ ਨੇ ਇਹ ਫ਼ੈਸਲਾ ਵਾਪਸ ਲੈ ਲਿਆ ਹੈ। ਚੀਨ ਦੇ ਪੇਈਚਿੰਗ ਵਿੱਚ ਸਰਦ-ਰੁੱਤ ਓਲੰਪਿਕਸ ਤੋਂ ਬਾਅਦ ਹੋਣ ਵਾਲੀਆਂ ਪੈਰਾਲੰਪਿਕਸ ਖੇਡਾਂ 4 ਮਾਰਚ ਤੋਂ 13 ਮਾਰਚ ਤੱਕ ਚੱਲਣਗੀਆਂ। ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਐਂਡਰਿਊ ਪਰਸਨਜ਼ ਨੇ ਪਾਬੰਦੀ ਲਾਉਣ ਦੇ ਐਲਾਨ ਤੋਂ ਬਾਅਦ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਹੁਣ ਯੁੱਧ ਦਾਖ਼ਲ ਹੋ ਗਿਆ ਹੈ ਅਤੇ ਪਰਦੇ ਪਿੱਛੇ ਬਹੁਤ ਸਾਰੀਆਂ ਸਰਕਾਰਾਂ ਸਾਡੇ ਇਸ ਮਹੱਤਵਪੂਰਨ ਪ੍ਰੋਗਰਾਮ ‘ਤੇ ਅਸਰ ਪਾ ਰਹੀਆਂ ਹਨ।