ਮਹਿਲਾ ਵਰਲਡ ਕੱਪ ਕ੍ਰਿਕਟ 2022: ਭਾਰਤ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ

ਮਾਊਂਟ ਮਾਂਗਾਨੁਈ, 6 ਮਾਰਚ – ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਈਸੀਸੀ ਵਰਲਡ ਕੱਪ ਦੇ ਆਪਣੇ ਪਹਿਲੇ ਲੀਗ ਮੈਚ ਵਿੱਚ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾ ਕੇ ਜਿੱਤ ਨਾਲ ਆਗਾਜ਼ ਕੀਤਾ। ਭਾਰਤ ਨੇ ਪਹਿਲਾਂ ਖੇਡਦਿਆਂ 244 ਦੌੜਾਂ ਬਣਾਈਆਂ ਤੇ ਪਾਕਿਸਤਾਨ ਦੀ ਟੀਮ 137 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਸਨੇਹ ਰਾਣਾ ਅਤੇ ਪੂਜਾ ਵਸਤਰਾਕਰ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਦਿਆਂ 7 ਵਿਕਟਾਂ ‘ਤੇ 244 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਪਾਕਿਸਤਾਨੀ ਟੀਮ 43 ਓਵਰਾਂ ਵਿੱਚ 137 ਦੌੜਾਂ ‘ਤੇ ਹੀ ਆਊਟ ਹੋ ਗਈ। ਪਾਕਿਸਤਾਨ 50 ਓਵਰਾਂ ਵਾਲੀ ਕ੍ਰਿਕਟ ਦੀ ਇਸ ਵੰਨਗੀ ਵਿੱਚ ਭਾਰਤ ਤੋਂ ਲਗਾਤਾਰ 11ਵੀਂ ਵਾਰ ਹਾਰਿਆ ਹੈ। ਭਾਰਤੀ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਨੇ 31 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ 29 ਅਤੇ ਰਾਣਾ ਨੇ 27 ਦੌੜਾਂ ਦੇ ਕੇ 2-2 ਵਿਕਟਾਂ ਹਾਸਲ ਕੀਤੀਆਂ।
ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਤੀਜੇ ਹੀ ਓਵਰ ਵਿੱਚ ਖਾਤਾ ਖੋਲ੍ਹੇ ਬਿਨਾਂ ਪੈਵਿਲੀਅਨ ਪਰਤ ਗਈ। ਮੰਧਾਨਾ (52) ਅਤੇ ਦੀਪਤੀ ਸ਼ਰਮਾ (40) ਨੇ ਪਾਰੀ ਨੂੰ ਅੱਗੇ ਵਧਾਇਆ। ਪਾਕਿਸਤਾਨ ਨੇ ਕਪਤਾਨ ਮਿਤਾਲੀ ਰਾਜ (9) ਅਤੇ ਉਪ ਕਪਤਾਨ ਹਰਮਨਪ੍ਰੀਤ ਕੌਰ (5) ਦੀਆਂ ਵਿਕਟਾਂ ਲੈ ਕੇ ਭਾਰਤ ‘ਤੇ ਦਬਾਅ ਬਣਾਇਆ। ਸ਼ੈਫਾਲੀ ਦੇ ਆਊਟ ਹੋਣ ਮਗਰੋਂ ਮੰਧਾਨਾ ਅਤੇ ਦੀਪਤੀ ਨੇ ਪਾਰੀ ਸੰਭਾਲੀ। ਇਸ ਤੋਂ ਬਾਅਦ ਰਾਣਾ (ਨਾਬਾਦ 53) ਅਤੇ ਵਸਤਰਾਕਰ (67) ਨੇ 122 ਦੌੜਾਂ ਦੀ ਸਾਂਝੇਦਾਰੀ ਕੀਤੀ।