ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਸੰਸਦ ਮੈਂਬਰ ਬਰੈਡ ਵਿਸ ਦਾ ਕੀਤਾ ਧੰਨਵਾਦ
ਮਾਰਚ 7, 2022: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਬ੍ਰਿਟੀਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਫ੍ਰੇਜ਼ਰ ਕੈਨਿਯਨ-ਮੈਟਸਕੀ ਖੇਤਰ ਦੀ ਨੁਮਾਇੰਦਗੀ ਕਰਦੇ ਕੈਨੇਡਾ ਦੇ ਸੰਸਦ ਮੈਂਬਰ ਬਰੈਡ ਵਿੱਸ ਵਲੋਂ ਕੈਨੇਡਾ ਦੇ ਵੈਨਕੂਵਰ ਅਤੇ ਟੋਰਾਂਟੋ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਣ ਦੀ ਮੰਗ ਨੂੰ ਕੈਨੇਡਾ ਦੀ ਸੰਸਦ ਵਿੱਚ ਉਠਾਉਣ ਅਤੇ ਸਰਗਰਮੀ ਨਾਲ ਇਸ ਦੀ ਵਕਾਲਤ ਕਰਨ ‘ਤੇ ਉਹਨਾਂ ਦਾ ਧੰਨਵਾਦ ਕੀਤਾ ਹੈ।
ਵੈਨਕੂਵਰ ਤੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ, ਅਤੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸ: ਸਮੀਪ ਸਿੰਘ ਗੁਮਟਾਲਾ, ਨੇ ਦੱਸਿਆ ਕਿ ਕੈਨੇਡਾ ਵਿੱਚ ਅਭਿਆਨ ਦੇ ਬੁਲਾਰੇ ਸਰੀ ਵਾਸੀ ਮੋਹਿਤ ਧੰਜੂ ਵਲੋਂ ਸੰਸਦ ਵਿੱਚ ਸਿੱਧੀਆਂ ਉਡਾਣਾਂ ਸੰਬੰਧੀ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸਾਂਸਦ ਬਰੈਡ ਵਿੱਸ ਦੁਆਰਾ ਸਮਰਥਨ ਦਿੱਤਾ ਗਿਆ ਸੀ।
ਇਸ ਯਾਚਿਕਾ ਰਾਹੀਂ ਕੈਨੇਡਾ ਸਰਕਾਰ ਨੂੰ ਵੈਨਕੂਵਰ/ਟੋਰਾਂਟੋ ਤੋਂ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਓਣ ਲਈ ਵਿਕਲਪਾਂ ਦੀ ਖੋਜ ਅਤੇ ਸਰਗਰਮੀ ਨਾਲ ਵਕਾਲਤ ਕਰਨ ਲਈ ਬੇਨਤੀ ਕੀਤੀ ਗਈ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ 30 ਦਿਨਾਂ (12 ਜਨਵਰੀ ਤੋਂ 11 ਫਰਵਰੀ ਤੱਕ) ਦੇ ਥੋੜ੍ਹੇ ਸਮੇਂ ਵਿੱਚ ਇਸ ਪਟੀਸ਼ਨ ਉੱਤੇ’ ਕੈਨੇਡਾ ਦੇ 14160 ਵਸਨੀਕਾਂ ਨੇ ਆਨਲਾਈਨ ਅਤੇ ਹਜਾਰਾਂ ਹੋਰਨਾਂ ਨੇ ਕਾਗਜ਼ ‘ਤੇ ਦਸਤਖਤ ਕੀਤੇ ਸਨ।
ਐਮਪੀ ਵਿੱਸ ਨੇ ਸੰਸਦ ਵਿੱਚ ਸਿੱਧੀਆ ਉਡਾਣਾਂ ਸੰਬੰਧੀ ਪੇਟੀਸ਼ਨ ‘ਤੇ ਸੰਸਦ ਦੀ ਕਾਰਵਾਈ ਦੋਰਾਨ ਬੋਲਦਿਆਂ ਹੋਇਆਂ ਕਿਹਾ ਕਿ , “ਮਿਸ਼ਨ-ਮੈਟਸਕੀ-ਫ੍ਰੇਜ਼ਰ ਕੈਨਿਯਨ, ਬ੍ਰਿਟਿਸ਼ ਕੋਲੰਬੀਆ ਸੂਬੇ ਸਮੇਤ ਕੈਨੇਡਾ ਵਿੱਚ 10 ਲੱਖ (1 ਮਿਲੀਅਨ) ਤੋਂ ਵੱਧ ਪੰਜਾਬੀ ਭਾਈਚਾਰਾ ਵੱਸਦਾ ਹੈ। ਹਰ ਸਾਲ, ਸੈਂਕੜੇ ਪਰਿਵਾਰ ਪੰਜਾਬ ਵਿੱਚ ਰਹਿੰਦੇ ਪਰਿਵਾਰਕ ਸਾਕ ਸੰਬੰਧੀਆਂ, ਦੋਸਤ-ਮਿੱਤਰਾਂ ਨੂੰ ਮਿਲਣ, ਹਰਿਮੰਦਰ ਸਾਹਿਬ ਅਤੇ ਹੋਰਨਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਪੰਜਾਬ ਖੇਤਰ ਦੀ ਯਾਤਰਾ ਕਰਦੇ ਹਨ। ਪਰ ਇਸ ਸਮੇਂ, ਉਨ੍ਹਾਂ ਨੂੰ ਸਿੱਧਾ ਦਿੱਲੀ ਲਈ ਉਡਾਣ ਭਰਨੀ ਪੈਂਦੀ ਹੈ ਅਤੇ ਅੱਗੇ ਫਿਰ ਰੇਲ, ਬੱਸ ਜਾਂ ਹੋਰ ਸਾਧਨਾਂ ਦੁਆਰਾ ਕਈਆਂ ਘੰਟਿਆਂ ਦਾ ਲੰਮਾ ਸਫ਼ਰ ਕਰਨਾ ਪੈਂਦਾ ਹੈ। ਇਹ ਕੈਨੇਡਾ ਵਾਸੀ ਵੈਨਕੂਵਰ ਜਾਂ ਟੋਰਾਂਟੋ ਤੋਂ ਅੰਮ੍ਰਿਤਸਰ, ਪੰਜਾਬ ਲਈ ਸਿੱਧੀ ਉਡਾਣ ਸੇਵਾ ਦੀ ਮੰਗ ਕਰ ਰਹੇ ਹਨ, ਜਿਸ ਨਾਲ ਯਾਤਰਾ ਦੇ ਸਮੇਂ ਵਿੱਚ ਭਾਰੀ ਕਮੀ ਆਵੇਗੀ।” ਐਮਪੀ ਵਿਸ ਨੇ ਸੰਸਦ ਵਿੱਚ ਸਿੱਧੀਆ ਉਡਾਣਾਂ ਸੰਬੰਧੀ ਬੋਲਦੇ ਹੋਇਆਂ ਦੀ ਵੀਡੀਓ ਉਨ੍ਹਾਂ ਦੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
ਐਮਪੀ ਵਿੱਸ ਨੇ ਅੱਗੇ ਕਿਹਾ, “ਇਹ ਸਿੱਧੀਆਂ ਉਡਾਣਾਂ ਸਾਡੀ ਆਰਥਿਕਤਾ ਅਤੇ ਉਦਯੋਗ ਲਈ ਵੀ ਲਾਹੇਵੰਦ ਹੋਣਗੀਆਂ। ਮੈਂ ਅੱਜ 14000 ਤੋਂ ਵੱਧ ਕੈਨੇਡਾ ਵਾਸੀਆਂ ਦੁਆਰਾ ਦਸਤਖਤ ਕੀਤੀ ਪਟੀਸ਼ਨ ਈ-3771 ਨੂੰ ਟੇਬਲ ਕਰਦਾ ਹੋਇਆ, ਕੈਨੇਡਾ ਸਰਕਾਰ ਨੂੰ ਇਸ ਸਿੱਧੀ ਉਡਾਣ ਸੇਵਾ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਏਅਰਲਾਈਨ ਅਤੇ ਭਾਰਤ ਦੇ ਹਾਈ ਕਮਿਸ਼ਨ ਨਾਲ ਗੱਲਬਾਤ ਕਰਨ ਦੀ ਮੰਗ ਕਰਦਾ ਹਾਂ। ਅਸੀਂ ਇਸ ਮੰਗ ਨੂੰ ਪੂਰਾ ਕਰ ਸਕਦੇ ਹਾਂ, ਅਤੇ ਕੈਨੇਡਾ ਭਰ ਤੋਂ ਪਟੀਸ਼ਨ ਤੇ ਦਸਤਖਤ ਕਰਨ ਵਾਲੇ, ਸਰਕਾਰ ਵਲੋਂ ਚੰਗੀ ਭਾਵਨਾ ਨਾਲ ਜਵਾਬ ਆਉਣ ਦੀ ਉਡੀਕ ਕਰਦੇ ਹਨ।”
ਇਨੀਸ਼ੀਏਟਿਵ ਨੇ ਕੈਨੇਡਾ ਦੀ ਸੰਸਦ ਵਿੱਚ ਪੰਜਾਬੀ ਮੂਲ਼ ਦੇ ਅਤੇ ਹੋਰਨਾਂ ਪਾਰਟੀਆ ਦੇ ਸੰਸਦ ਮੈਂਬਰਾਂ ਨੂੰ ਵੀ ਇਸ ਬਿਹਤਰ ਹਵਾਈ ਸੰਪਰਕ ਲਈ ਪ੍ਰਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਇਸ ਮੰਗ ਨੂੰ ਪੂਰਾ ਕਰਨ ਲਈ ਇਕੱਠੇ ਯਤਨ ਕਰਨ ਦੀ ਅਪੀਲ ਕੀਤੀ ਹੈ। ਢਿੱਲੌਂ ਅਤੇ ਗੁਮਟਾਲਾ ਨੇ ਆਪਣੇ ਸਾਂਝੇ ਬਿਆਨ ਵਿਚ ਇਹ ਵੀ ਦੱਸਿਆ ਕਿ ਸਾਡੀ ਟੀਮ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੈਨੇਡਾ ਅਤੇ ਭਾਰਤ ਸਰਕਾਰਾਂ ਅਤੇ ਨਾਲ ਹੀ ਵੱਖ-ਵੱਖ ਹਵਾਈ ਕੰਪਣੀਆਂ ਨੂੰ ਅੰਕੜਿਆਂ ਸਮੇਤ ਪੰਜਾਬੀਆਂ ਦੀ ਇਸ ਅਹਿਮ ਮੰਗ ਬਾਰੇ ਜਾਣੂ ਕਰਵਾ ਰਹੇ ਹਨ ਅਤੇ ਉਨ੍ਹਾਂ ਨੇ 2019 ਵਿੱਚ ਏਅਰ ਕੈਨੇਡਾ ਦੇ ਅਧਿਕਾਰੀਆਂ ਨਾਲ ਹੋਈ ਅਹਿਮ ਮੀਟਿੰਗ ਵਿੱਚ ਇਸ ਸੰਬੰਧੀ ਵਿਸ਼ੇਸ਼ ਅੰਕੜੇ ਵੀ ਪੇਸ਼ ਕੀਤੇ ਸਨ।
ਅੰਮ੍ਰਿਤਸਰ ਤੋਂ ਜਾਰੀ ਇੱਕ ਹੋਰ ਬਿਆਨ ਵਿੱਚ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਜੋ ਕਿ ਕਈ ਸਾਲਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਲਈ ਵੀ ਯਤਨਸ਼ੀਲ ਹਨ, ਨੇ ਵੀ ਕੈਨੇਡਾ ਦੀ ਸੰਸਦ ਵਿੱਚ ਐਮਪੀ ਵਿੱਸ ਵਲੋਂ ਉਠਾਈ ਗਈ ਇਸ ਮੰਗ ਦਾ ਸੁਆਗਤ ਕੀਤਾ ਹੈ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਇਸ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਵਾਜ਼ ਉਠਾਉਣ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਬਰਾੜ ਨੇ ਨਾਲ ਹੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਮੂਲ ਦੇ ਸੰਸਦ ਮੈਂਬਰ ਵੀ ਅੱਗੇ ਆਉਣ ਅਤੇ ਇਸ ਸੰਬੰਧੀ ਸਰਗਰਮੀ ਨਾਲ ਕੰਮ ਕਰਨ।