ਕੋਵਿਡ -19 ਮਹਾਂਮਾਰੀ ਹਾਲੇ ਖ਼ਤਮ ਨਹੀਂ ਹੋਈ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਗੁਟੇਰੇਜ਼

ਸੰਯੁਕਤ ਰਾਸ਼ਟਰ, 9 ਮਾਰਚ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਸੋਚਣਾ ਕਿ ਕੋਵਿਡ -19 ਮਹਾਂਮਾਰੀ ਦਾ ਦੁਨੀਆ ਤੋਂ ਖ਼ਤਰਾ ਟੱਲ ਗਿਆ ਹੈ ਬਹੁਤ ਵੱਡੀ ਗ਼ਲਤੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਦੋ ਸਾਲ ਪੂਰੇ ਹੋ ਗਏ ਹਨ ਤੇ ਇਸ ਕਾਰਨ ਦੁਨੀਆ ਭਰ ਵਿੱਚ ਹੁਣ ਤੱਕ 60 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਲਗਭਗ ਤਿੰਨ ਅਰਬ ਲੋਕ ਅਜੇ ਵੀ ਕੋਵਿਡ -19 ਵੈਕਸੀਨ ਦੀ ਪਹਿਲੀ ਖ਼ੁਰਾਕ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ, ‘ਦੋ ਸਾਲ ਪਹਿਲਾਂ ਦੁਨੀਆ ਭਰ ਦੇ ਲੋਕਾਂ ਦੀਆਂ ਜ਼ਿੰਦਗੀਆਂ ਇੱਕ ਵਾਇਰਸ ਦੁਆਰਾ ਪ੍ਰਭਾਵਿਤ ਹੋਈਆਂ ਸਨ। ਕੋਵਿਡ -19 ਤੇਜ਼ੀ ਨਾਲ ਅਤੇ ਨਿਰੰਤਰ ਤੌਰ ‘ਤੇ ਦੁਨੀਆ ਦੇ ਹਰ ਕੋਨੇ ਵਿੱਚ ਫੈਲਿਆ। ਇਸ ਕਾਰਣ ਦੁਨੀਆ ਭਰ ਦੀ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਟਰਾਂਸਪੋਰਟ ਸਿਸਟਮ, ਸਪਲਾਈ ਚੇਨ ਤੇ ਸਕੂਲਾਂ ਨੂੰ ਬੰਦ ਕਰਨਾ ਤੇ ਲੋਕਾਂ ਨੂੰ ਆਪਣੇ ਨੇੜਲਿਆਂ ਤੋਂ ਵੱਖ ਹੋਣਾ ਪਿਆ। ਕੋਵਿਡ -19 ਨੇ ਲੱਖਾਂ ਲੋਕਾਂ ਨੂੰ ਗ਼ਰੀਬੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਮਿਸਾਲ ਜਨਤਕ ਸਿਹਤ ਉਪਾਵਾਂ ਅਤੇ ਅਸਧਾਰਨ ਤੌਰ ‘ਤੇ ਤੇਜ਼ੀ ਨਾਲ ਟੀਕਿਆਂ ਦੇ ਵਿਕਾਸ ਅਤੇ ਟੀਕਾਕਰਨ ਕਾਰਣ ਨਾਲ ਦੁਨੀਆ ਦੇ ਬਹੁਤੇ ਮੁਲਕ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਵਿੱਚ ਫ਼ਿਲਹਾਲ ਸਫਲ ਰਹੇ ਪਰ ਇਹ ਸੋਚਣਾ ਕਿ ਮਹਾਂਮਾਰੀ ਖ਼ਤਮ ਹੋ ਗਈ ਹੈ, ਗੰਭੀਰ ਗ਼ਲਤੀ ਹੋਵੇਗਾ।