ਵਿਧਾਨ ਸਭਾ ਚੋਣਾਂ 2022: ਯੂਪੀ, ਉੱਤਰਾਖੰਡ, ਗੋਆ ਤੇ ਮਨੀਪੁਰ ‘ਚ ਭਾਜਪਾ ਦੀ ਜਿੱਤ, ਪਰ ਪੰਜਾਬ ‘ਚ ਆਪ ਦਾ ਜਾਦੂ ਚੱਲਿਆ

ਨਵੀਂ ਦਿੱਲੀ, 10 ਮਾਰਚ – ਦੇਸ਼ ਦੇ 5 ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 4 ਸੂਬਿਆਂ ਵਿੱਚ ਜਿੱਤ ਦਰਜ ਕੀਤੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੀ ਜਿੱਤ ਦਾ ਝੰਡਾ ਗੱਡਿਆ ਹੈ।
ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ (ਯੂਪੀ) ਦੀਆਂ 403 ਵਿਧਾਨ ਸਭਾ ਸੀਟਾਂ ਵਿੱਚੋਂ 273 ‘ਤੇ ਜਿੱਤ ਦਰਜ ਕੀਤੀ ਹੈ ਅਤੇ ਸੱਤਾ ਵਿੱਚ ਦੂਜੀ ਵਾਰ ਜ਼ੋਰਦਾਰ ਢੰਗ ਨਾਲ ਵਾਪਸੀ ਕੀਤੀ ਹੈ, ਦੂਜੇ ਪਾਸੇ ਸੂਬੇ ਵਿੱਚ ਬਦਲਾਓ ਲਿਆਉਣ ਦੇ ਮਕਸਦ ਨਾਲ ਵੱਖ-ਵੱਖ ਛੋਟੀ ਪਾਰਟੀਆਂ ਨਾਲ ਚੋਣ ਮੈਦਾਨ ‘ਚ ਉੱਤਰੀ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੂੰ 125 ਸੀਟਾਂ ‘ਤੇ ਸਬਰ ਕਰਨਾ ਪਿਆ, ਭਾਵੇਂ ਉਨ੍ਹਾਂ ਨੇ ਭਾਜਪਾ ਨੂੰ ਸੂਬੇ ‘ਚ ਤੱਕੜੀ ਟੱਕਰ ਦਿੱਤੀ ਹੈ, ਉੱਥੇ ਹੀ ਕਾਂਗਰਸ ਨੂੰ 2, ਬਸਪਾ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 2 ਸੀਟਾਂ ਮਿਲੀਆਂ ਹਨ।
ਇਸ ਤੋਂ ਇਲਾਵਾ ਉੱਤਰਾਖੰਡ ਦੀਆਂ 70 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ ਨੇ 47 ਸੀਟਾਂ, ਕਾਂਗਰਸ ਨੇ 19 ਸੀਟਾਂ, ਬੀਐੱਸਪੀ ਨੇ 2 ਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਜਿੱਤੀਆਂ ਹਨ, ਜਦੋਂ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੀ। ਮਨੀਪੁਰ ਦੀਆਂ 60 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ ਨੇ 32 ਸੀਟਾਂ, ਐਨਪੀਪੀ ਨੇ 7, ਜੇਡੀਯੂ ਨੇ 6, ਕਾਂਗਰਸ ਗੱਠਜੋੜ ਨੇ 5 ਸੀਟਾਂ ਅਤੇ ਆਜ਼ਾਦ ਉਮੀਦਵਾਰਾਂ ਨੇ 10 ਸੀਟਾਂ ਜਿੱਤੀਆਂ ਹਨ। ਗੋਆ ਦੀਆਂ 40 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ ਨੇ 20 ਸੀਟਾਂ, ਕਾਂਗਰਸ ਗੱਠਜੋੜ ਨੇ 12 ਸੀਟਾਂ, ਆਪ ਗੱਠਜੋੜ ਨੇ 2 ਅਤੇ ਆਜ਼ਾਦ ਉਮੀਦਵਾਰਾਂ ਨੇ 6 ਸੀਟਾਂ ਜਿੱਤੀਆਂ ਹਨ।
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ‘ਚੋਂ ਆਮ ਆਦਮੀ ਪਾਰਟੀ (ਆਪ) 92, ਕਾਂਗਰਸ 18, ਅਕਾਲੀ-ਬਸਪਾ ਗੱਠਜੋੜ 4, ਭਾਜਪਾ ਗੱਠਜੋੜ 2 ਸੀਟਾਂ ਅਤੇ 1 ਸੀਟ ‘ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ। ਆਪ ਨੇ ਪੰਜਾਬ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ।