ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕੇਸਾਂ ਅਤੇ ਘਰੇਲੂ ਸੰਪਰਕਾਂ ਲਈ ਆਈਸੋਲੇਸ਼ਨ ਦੀ ਮਿਆਦ ਹੁਣ 10 ਦਿਨਾਂ ਤੋਂ ਘੱਟ ਕੇ 7 ਦਿਨ ਹੋਈ

ਆਕਲੈਂਡ, 12 ਮਾਰਚ – ਬੀਤੀ ਰਾਤ 11.59 ਵਜੇ ਤੋਂ ਹੁਣ ਕੇਸਾਂ ਅਤੇ ਘਰੇਲੂ ਸੰਪਰਕਾਂ ਲਈ ਆਈਸੋਲੇਸ਼ਨ ਦੀ ਮਿਆਦ 10 ਦਿਨਾਂ ਤੋਂ ਘਟਾ ਕੇ 7 ਦਿਨ ਹੋ ਗਈ ਹੈ। ਸਿਹਤ ਮੰਤਰਾਲੇ ਨੇ ਫਿਰ ਕਿਹਾ ਕਿ ਇਹ ਬਦਲਾਓ ਉਨ੍ਹਾਂ ਸਾਰੇ ਵਿਅਕਤੀ ‘ਤੇ ਲਾਗੂ ਹੁੰਦਾ ਹੈ ਜੋ ਬਦਲਾਓ ਦੇ ਸਮੇਂ ਆਈਸੋਲੇਸ਼ਨ ਵਿੱਚ ਹਨ।
ਮੰਤਰਾਲੇ ਨੇ ਕਿਹਾ ਕਿ ਜੇ ਤੁਹਾਡਾ ਕੋਵਿਡ -19 ਦਾ ਟੈੱਸਟ ਸਕਾਰਾਤਮਿਕ ਆਇਆ ਹੈ ਤਾਂ ਤੁਹਾਨੂੰ 7 ਦਿਨਾਂ ਲਈ ਆਈਸੋਲੇਟ ਕਰਨ ਦੀ ਲੋੜ ਹੈ।ਤੁਹਾਨੂੰ ਆਪਣੇ ਸ਼ੁਰੂਆਤੀ ਸਕਾਰਾਤਮਿਕ ਨਤੀਜੇ ਤੋਂ ਬਾਅਦ ਦੁਬਾਰਾ ਟੈੱਸਟ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਹਾਨੂੰ 7 ਦਿਨਾਂ ਬਾਅਦ ਵੀ ਲੱਛਣ ਹਨ, ਤਾਂ ਉਦੋਂ ਤੱਕ ਘਰ ਰਹੋ ਜਦੋਂ ਤੱਕ ਤੁਸੀਂ ਬਿਹਤਰ ਮਹਿਸੂਸ ਨਹੀਂ ਕਰਦੇ ਅਤੇ ਫਿਰ 24 ਘੰਟੇ ਹੋਰ ਉਡੀਕ ਕਰੋ।
ਮੰਤਰਾਲੇ ਨੇ ਕਿਹਾ ਜੇ ਤੁਸੀਂ ਇੱਕ ਘਰੇਲੂ ਸੰਪਰਕ ਹੋ ਅਤੇ ਤੁਸੀਂ ਆਪਣੇ ਘਰ ਵਿੱਚ ਪਹਿਲੇ ਕੋਵਿਡ -19 ਸਕਾਰਾਤਮਿਕ ਵਿਅਕਤੀ ਦੇ ਆਈਸੋਲੇਸ਼ਨ ਪੀਰੀਅਡ ਦੇ 3 ਅਤੇ 7 ਦੋਵੇਂ ਦਿਨ ਰੈਪਿਡ ਐਂਟੀਜੇਨ ਟੈੱਸਟ (RAT) ਕੀਤਾ ਹੈ ਅਤੇ ਦੋਵੇਂ ਟੈੱਸਟ ਨੈਗੇਟਿਵ ਹਨ। ਜੇਕਰ ਤੁਸੀਂ ਠੀਕ ਹੋ ਤਾਂ 8ਵੇਂ ਦਿਨ ਆਈਸੋਲੇਸ਼ਨ ਛੱਡ ਸਕਦੇ ਹੋ।
ਪਰ ਜੇਕਰ ਤੁਸੀਂ ਇੱਕ ਘਰੇਲੂ ਸੰਪਰਕ ਹੋ ਅਤੇ ਆਈਸੋਲੇਟ ਕਰਦੇ ਸਮੇਂ ਇੱਕ ਸਕਾਰਾਤਮਿਕ RAT ਨਤੀਜਾ ਵਾਪਸ ਕਰਦੇ ਹੋ, ਤਾਂ ਤੁਹਾਨੂੰ ਹੋਰ 7 ਦਿਨਾਂ ਲਈ ਆਈਸੋਲੇਟ ਕਰਨ ਦੀ ਲੋੜ ਹੋਵੇਗੀ ਅਤੇ ਤੁਹਾਡੇ ਲੱਛਣਾਂ ਤੋਂ ਮੁਕਤ ਹੋਣ ਤੋਂ ਬਾਅਦ 24 ਘੰਟਿਆਂ ਤੱਕ ਇੰਤਜ਼ਾਰ ਕਰਨਾ ਹੋਵੇਗਾ। ਪਰਿਵਾਰ ਦੇ ਹੋਰ ਮੈਂਬਰਾਂ ਨੂੰ ਆਪਣੇ ਆਈਸੋਲੇਸ਼ਨ ਨੂੰ ਰੀਸੈਟ ਕਰਨ ਦੀ ਲੋੜ ਨਹੀਂ ਹੈ ਅਤੇ ਉਹ 8ਵੇਂ ਦਿਨ ਨੂੰ ਆਈਸੋਲੇਸ਼ਨ ਕਰਨਾ ਛੱਡ ਸਕਦੇ ਹਨ। ਉਸੇ ਦਿਨ ਪਹਿਲਾ ਕੇਸ ਆਈਸੋਲੇਸ਼ਨ ਛੱਡ ਸਕਦਾ ਹੈ, ਬਸ਼ਰਤੇ ਉਨ੍ਹਾਂ ਨੇ RAT ਦੇ ਨਕਾਰਾਤਮਿਕ ਨਤੀਜੇ ਵਾਪਸ ਕੀਤੇ ਹੋਣ ਅਤੇ ਉਸ ਨੂੰ ਕੋਵਿਡ ਦੇ ਲੱਛਣ ਨਾ ਹੋਣ।
ਮੰਤਰਾਲੇ ਨੇ ਕਿਹਾ ਕਿ ਜੇ ਤੁਸੀਂ ਨਕਾਰਾਤਮਿਕ ਟੈੱਸਟ ਕੀਤਾ ਹੈ, ਪਰ ਫਿਰ ਵੀ ਬਿਮਾਰ ਜਾਂ ਲੱਛਣ ਮਹਿਸੂਸ ਕਰਦੇ ਹੋ, ਤਾਂ ਉਨ੍ਹਾਂ ਨੇ ਲੋਕਾਂ ਨੂੰ ਜਨਤਕ ਸਿਹਤ ਮਾਰਗਦਰਸ਼ਨ ਦੀ ਪਾਲਣਾ ਕਰਨ ਅਤੇ ਦੂਜਿਆਂ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਘਰ ਅਤੇ ਜਨਤਕ ਸਥਾਨਾਂ, ਕੰਮ ਅਤੇ ਹੋਰ ਸਮਾਜਿਕ ਇਕੱਠਾਂ ਤੋਂ ਦੂਰ ਰਹਿਣ ਦੀ ਜ਼ੋਰਦਾਰ ਸਲਾਹ ਦਿੱਤੀ ਹੈ
ਸਿਹਤ ਮੰਤਰਾਲੇ ਨੇ ਰੈਪਿਡ ਐਂਟੀਜੇਨ ਟੈੱਸਟਾਂ (RAT) ਨੂੰ ਪੂਰਾ ਕਰਨ ਵਾਲਿਆਂ ਨੂੰ ਆਪਣਾ ਸਕਾਰਾਤਮਿਕ ਨਤੀਜਾ ਜਮ੍ਹਾ ਕਰਨ ਦੀ ਵੀ ਅਪੀਲ ਕੀਤੀ ਹੈ।