ਬਦਲਾਅ ਲਈ ਜ਼ਮੀਨ ਕਿਸਾਨ ਅੰਦੋਲਨ ਸਮੇਂ ਹੀ ਤਿਆਰ ਹੋ ਗਈ ਸੀ। ਉਸ ਨੂੰ ਹਵਾ ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਨਾ, ਕੈਪਟਨ ਦਾ ਪਾਰਟੀ ਛੱਡਣਾ, ਸਿੱਧੂ ਦੀ ਕੈਪਟਨ-ਚੰਨੀ ਨਾਲ ਤੂੰ ਤੂੰ ਮੈਂ ਮੈਂ ਅਤੇ ਹਰੇਕ ਨਾਲ ਟਕਰਾ ਵਾਲਾ ਵਤੀਰਾ ਕਾਂਗਰਸ ਨੂੰ ਲੈ ਡੁੱਬਾ। ਰਹਿੰਦੀ ਕਸਰ ਸੁਨੀਲ ਜਾਖੜ ਨੇ ਕੱਢ ਦਿੱਤੀ। ਉਸ ਦੇ ਤਿੱਖੇ ਤੇਵਰਾਂ ਨੇ ਵਾਹਵਾ ਵੋਟ ਲਾਂਭੇ ਕਰ ਦਿੱਤੀ। ਅਕਾਲੀ ਦਲ ਤੋਂ ਬਦਲਾ ਲੈਣ ਬਾਰੇ ਲੋਕਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਪਰੰਤੂ ਉਸ ਦੀ ਧਾਰ ਉਦੋਂ ਤਿੱਖੀ ਹੋ ਗਈ ਜਦੋਂ ਬਦਲਦੇ ਰੂਪ ਵਿਚ ਆਪ ਦਾ ਦਿੱਲੀ ਮਾਡਲ ਸਾਹਮਣੇ ਆਇਆ।
ਜਿਵੇਂ ਕਿਸਾਨ ਅੰਦੋਲਨ ਸਮੇਂ ਪਿੰਡਾਂ ਦੇ ਲੋਕ ਇਕ ਹੋ ਗਏ ਸਨ। ਓਵੇਂ ਚੋਣਾਂ ਸਮੇਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸਾਰੇ ਆਪ ਨਾਲ ਖੜ੍ਹੇ ਹੋ ਗਏ। ਬਦਲਾਅ ਲਈ, ਬਦਲੇ ਲਈ। ਗ਼ੁੱਸਾ ਏਨਾ ਕਿ ਕੇਵਲ ਚੋਣ-ਚਿੰਨ੍ਹ ਵੇਖਿਆ ਹੋਰ ਕੁਝ ਨਹੀਂ। ਪੰਜਾਬ ਵਿਚ ਪਹਿਲਾਂ ਕਦੇ ਇੰਝ ਨਹੀਂ ਹੋਇਆ, ਸਭ ਸਿਆਸੀ ਮਾਹਿਰਾਂ ਦੀਆਂ ਕਿਆਸ ਅਰਾਈਆਂ ਫ਼ੇਲ੍ਹ ਹੋ ਗਈਆਂ।
ਟੈਲੀਵਿਜ਼ਨ ਚੈਨਲਾਂ ਅਤੇ ਅਖ਼ਬਾਰਾਂ ਨੇ ਆਪ ਦੀ ਵੱਡੀ ਜਿੱਤ ਦੇ ਕੁਝ ਕਾਰਨ ਦੱਸੇ ਹਨ। ਪੰਜਾਬ ਵਾਸੀਆਂ ਨੇ ਕੇਜਰੀਵਾਲ ਦੀਆਂ ਗਰੰਟੀਆਂ ਅਤੇ ਦਿੱਲੀ ਮਾਡਲ ‘ਤੇ ਭਰੋਸਾ ਜਤਾਇਆ। ਮੁੱਖ ਮੰਤਰੀ ਚਿਹਰੇ ਨੂੰ ਪਸੰਦ ਕੀਤਾ। ਭਗਵੰਤ ਮਾਨ ਦੀ ਪੰਜਾਬ ਪ੍ਰਤੀ ਪ੍ਰਤੀਬੱਧਤਾ ਅਤੇ ਇਮਾਨਦਾਰ ਅਕਸ ਨੇ ਪੰਜਾਬੀਆਂ ਦਾ ਮਨ ਜਿੱਤ ਲਿਆ। ਜਿਵੇਂ ਬਿਖਰਦੇ ਕਿਸਾਨ ਅੰਦੋਲਨ ਵਿਚ ਰਾਕੇਸ਼ ਟਕੈਤ ਦੇ ਹੰਝੂ ਨਵੀਂ ਰੂਹ ਫ਼ੂਕ ਗਏ ਸਨ। ਐਨ ਇਹੀ ਭੂਮਿਕਾ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਸਮੇਂ ਭਗਵੰਤ ਮਾਨ ਦੀਆਂ ਅੱਖਾਂ ‘ਚੋਂ ਵਗੇ ਅੱਥਰੂਆਂ ਨੇ ਨਿਭਾਈ। ਸਾਰੇ ਵਰਗਾਂ ਨੇ, ਪੇਂਡੂ ਸ਼ਹਿਰੀ ਵੋਟਰ ਨੇ ਜਾਤਾਂ, ਧਰਮਾਂ, ਧੜੇਬੰਦੀਆਂ ਤੋਂ ਉੱਪਰ ਉੱਠ ਕੇ, ਖੁੱਲ੍ਹ ਕੇ ਵੋਟ ਪਾਈ। ਦਿੱਲੀ ਮਾਡਲ ਅਤੇ ਅਰਵਿੰਦ ਕੇਜਰੀਵਾਲ ਦੀ ਕੰਮ ਕਰਨ ਦੀ ਸਮਰੱਥਾ ਨੇ ਪ੍ਰਭਾਵਿਤ ਕੀਤਾ। ਆਪਣੀ ਗੱਲ ਇਸ ਵਾਰ ਮਾਝਾ ਤੇ ਦੁਆਬਾ ਵਿਚ ਵੀ ਪਹੁੰਚਾਈ। ਜਦ ਕਿਸਾਨ ਅੰਦੋਲਨ ਸਿਖਰ ‘ਤੇ ਸੀ ਤਾਂ ਕਾਂਗਰਸ ਆਪਣੀ ਲੜਾਈ ਵਿਚ ਉਲਝੀ ਰਹੀ। ਉਸ ਦੇ ਖਾਲੀਪਨ ਨੂੰ ਅਰਵਿੰਦ ਕੇਜਰੀਵਾਲ ਧਰਨੇ ਵਿਚ ਜਾ ਕੇ ਭਰਦੇ ਰਹੇ।
ਪ੍ਰਚਾਰ ਦੇ ਐਨ ਆਖ਼ਰੀ ਦਿਨਾਂ ‘ਚ ਮੁੱਖ ਮੰਤਰੀ ਚੰਨੀ ਦੇ ਯੂਪੀ ਬਿਹਾਰ ਦੇ ਪਰਵਾਸੀਆਂ ਬਾਰੇ ਬਿਆਨ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ। ਗ਼ੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਚੰਨੀ ਦੇ ਰਿਸ਼ਤੇਦਾਰ ਪਾਸੋਂ ਵੱਡੀਆਂ ਰਕਮਾਂ ਦਾ ਫੜੇ ਜਾਣਾ ਉਸ ਦੇ ਅਕਸ ਨੂੰ ਧੁੰਦਲਾ ਕਰ ਗਿਆ।
ਅਕਾਲੀ ਦਲ ਪ੍ਰਤੀ ਗ਼ੁੱਸੇ ਤੇ ਨਰਾਜ਼ਗੀ ਦੀਆਂ ਕਈ ਪਰਤਾਂ ਸਨ। ਖੇਤੀ ਕਾਨੂੰਨਾਂ ਸਬੰਧੀ ਵੱਡੀ ਨਰਾਜ਼ਗੀ, ਬਰਗਾੜੀ ਬੇਅਦਬੀ ਬਾਰੇ ਨਰਾਜ਼ਗੀ, ਨਸ਼ੇ ਦਾ ਮੁੱਦਾ, ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋਣਾ, ਵੱਡੇ ਨੇਤਾਵਾਂ ਦਾ ਪਾਰਟੀ ਤੋਂ ਵੱਖ ਹੋ ਕੇ ਨਵੀਆਂ ਪਾਰਟੀਆਂ ਬਣਾਉਣਾ, ਅਕਾਲੀ-ਭਾਜਪਾ ਗੱਠਜੋੜ ਟੁੱਟਣਾ ਅਤੇ ਪੇਂਡੂ ਇਲਾਕਿਆਂ ‘ਚ ਆਪ ਦੇ ਪ੍ਰਭਾਵ ਨੇ ਅਕਾਲੀ ਦਲ ਦਾ ਸਫ਼ਾਇਆ ਕਰ ਦਿੱਤਾ।
ਇਸ ਵਾਰ ਅਰਵਿੰਦ ਕੇਜਰੀਵਾਲ ਨੇ ਕੁਝ ਐਲਾਨ ਕੀਤੇ, ਮੁੱਦਿਆਂ ਦੀ ਗੱਲ ਕੀਤੀ, ਪਾਰਟੀ ਬਿਹਤਰ ਯੋਜਨਾਬੰਦੀ ਨਾਲ ਚੱਲੀ। ਵਿਰੋਧ ਦੀ, ਟਕਰਾ ਦੀ, ਬੋਲ ਕਬੋਲ ਦੀ ਰਾਜਨੀਤੀ ਨਹੀਂ ਕੀਤੀ। ਪੰਜਾਬ ਨੂੰ ਇਸ ਸਮੇਂ ਅਜਿਹੀ ਹਾਂ-ਪੱਖੀ ਤੇ ਸਕਾਰਾਤਮਿਕ ਸਿਆਸਤ ਦੀ ਲੋੜ ਹੈ। ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਸਿੰਘ ਮਾਨ ਨੇ ਠੀਕ ਹੀ ਕਿਹਾ ਹੈ ਕਿ ਉਹ ਬਦਲੇ ਦੀ ਰਾਜਨੀਤੀ ਨਹੀਂ ਕਰਨਗੇ।
ਸ਼ਹੀਦ ਭਗਤ ਸਿੰਘ, ਬਾਬਾ ਸਾਹਿਬ ਅੰਬੇਦਕਰ ਨੂੰ ਯਾਦ ਕਰਦਿਆਂ, ਮਹੱਤਵ ਦੇਂਦਿਆਂ ਅੱਗੇ ਵਧਣਾ ਚੰਗੀ ਸੋਚ, ਚੰਗੀ ਸਮਝ ਦਾ ਸੰਕੇਤ ਹੈ। ਪੰਜਾਬ ਵਿਚ ਲੰਮੇ ਸਮੇਂ ਤੋਂ ਦੌਲਤ ਕਮਾਓ ਤੇ ਸੱਤਾ ਵਿਚ ਬਣੇ ਰਹੋ ਦੀ ਰਾਜਨੀਤੀ ਚੱਲਦੀ ਰਹੀ ਹੈ। ਪੰਜਾਬ ਦੀਆਂ, ਲੋਕਾਂ ਦੀਆਂ ਸਮੱਸਿਆਵਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਪੰਜਾਬ ਨਿੱਘਰਦਾ ਨਿੱਘਰਦਾ ਖੋਖਲਾ ਹੋ ਗਿਆ। ਸੱਚ ਹੀ ਕਹਿੰਦੇ ਹਨ ਅੱਤ ਤੇ ਖ਼ੁਦਾ ਦਾ ਵੈਰ ਹੁੰਦਾ ਹੈ। ਦਰਅਸਲ ਹੁਣ ਅੱਤ ਹੀ ਹੋ ਗਈ ਸੀ। ਛੋਟੇ-ਛੋਟੇ ਕੰਮ ਕਰਵਾਉਣ ਲਈ ਵੀ ਸਿਆਸੀ ਲੋਕਾਂ ਦੇ ਮਗਰ ਮਗਰ ਫਿਰਨਾ ਪੈਂਦਾ ਹੈ। ਧਨਾਢ ਤੇ ਸਰਮਾਏਦਾਰ ਸਿਆਸਤਦਾਨ ਵੋਟਾਂ ਖ਼ਰੀਦਣ ਲੱਗ ਗਏ ਸਨ। ਕੋਈ ਅਹੁਰ ਨਹੀਂ ਜਿਹੜੀ ਪੰਜਾਬ ਨੂੰ ਨਾ ਚਿੰਬੜੀ ਹੋਵੇ। ਇਸੇ ਲਈ ਰਵਾਇਤੀ ਰਾਜਨੀਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ।
ਨਵੀਂ ਸਰਕਾਰ ਸਾਹਮਣੇ, ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਅੱਗੇ ਅਨੇਕਾਂ ਚੁਣੌਤੀਆਂ ਹਨ। ਆਰਥਿਕ ਸੰਕਟ ਨਾਲ ਨਜਿੱਠਣਾ ਪੈਣਾ ਹੈ, ਬੇਰੁਜ਼ਗਾਰੀ ਦੂਰ ਕਰਨੀ ਪੈਣੀ ਹੈ, ਕਰਜ਼ੇ ਦੀ ਪੰਡ ਉਤਾਰਨ ਵਾਲੀ ਹੈ। ਨਸ਼ੇ ਦਾ ਖ਼ਾਤਮਾ ਕਰਨਾ ਪੈਣਾ ਹੈ। ਅਮਨ ਕਾਨੂੰਨ ਲਈ ਕੰਮ ਕਰਨ ਦੀ ਲੋੜ ਹੈ। ਕਿਸਾਨੀ ਸੰਕਟ ਸੁਲਝਾਉਣ ਲਈ ਸਿਰਤੋੜ ਯਤਨਾਂ ਦੀ ਜ਼ਰੂਰਤ ਹੈ।
ਹੁਣ ਤੱਕ ਆਪਣੇ ਅਤੇ ਆਪਣੇ ਇਰਦ ਗਿਰਦ ਦੇ ਲੋਕਾਂ ਦੇ ਘਰ ਭਰਨ ਦੀ ਰਾਜਨੀਤੀ ਭਾਰੂ ਰਹੀ ਹੈ। ਇਸ ਘੁੰਮਣਘੇਰੀ ‘ਚੋਂ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਕੱਢਣ ਦੀ ਅਵੱਸ਼ਕਤਾ ਹੈ।
ਮੀਡੀਆ ਦੀ ਸਾਂਝੀ ਰਾਏ ਹੈ ਕਿ ਕਿਸੇ ਸਿਆਸੀ ਪੰਡਤ ਨੇ, ਕਿਸੇ ਸਿਆਸੀ ਪਾਰਟੀ ਨੇ, ਕਿਸੇ ਸਿਆਸੀ ਨੇਤਾ ਨੇ, ਇੱਥੋਂ ਤੱਕ ਕਿ ਆਮ ਆਦਮੀ ਪਾਰਟੀ, ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਵੀ ਐਡੇ ਵੱਡੇ ਬਹੁਮਤ ਬਾਰੇ ਕਲਪਨਾ ਵੀ ਨਹੀਂ ਕੀਤੀ ਸੀ। ਬਹੁਮਤ ਜਾਂ ਬਹੁਮਤ ਦੇ ਨੇੜ-ਤੇੜ ਦੀ ਉਮੀਦ ਜ਼ਰੂਰ ਸੀ। ਐਗਜ਼ਿਟ ਪੋਲ ਆਏ ਤਾਂ ਇਹ ਉਮੀਦ ਇਹ ਦੁਬਿਧਾ ਹੋਰ ਵੱਧ ਗਈ। ਪਹਿਲੀ ਵਾਰ ਹੈ ਜਦ ਐਗਜ਼ਿਟ ਪੋਲ ਕਾਫ਼ੀ ਹੱਦ ਤੱਕ ਸਹੀ ਨਿਕਲੇ ਹਨ। ਵਧੇਰੇ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਨੂੰ ੫੦ ਤੋਂ ੭੦ ਸੀਟਾਂ ਦੇ ਰਹੇ ਸਨ। ਨਿਊਜ਼ ੨੪ ਚਾਣਕਿਆ ਨੇ ੧੦੦ ਸੀਟਾਂ ਮਿਲਦੀਆਂ ਵਿਖਾਈਆਂ ਸਨ।
ਪੰਜਾਬ ਵਾਸੀਆਂ ਨੇ ਉਮੀਦਵਾਰ ਨੂੰ ਨਹੀਂ, ਚੋਣ-ਚਿੰਨ੍ਹ ਨੂੰ ਵੋਟ ਪਾਈ ਹੈ। ਜਿਹੜਾ ਵੀ ਝਾੜੂ ਚੋਣ-ਚਿੰਨ੍ਹ ਵੱਲੋਂ ਖੜ੍ਹਾ ਹੋਇਆ ਉਸ ਨੂੰ ਜਿਤਾਇਆ ਹੈ। ਅਸਲੀ ਲੋਕਤੰਤਰ, ਅਸਲੀ ਬਦਲਾਅ, ਅਸਲੀ ਬਦਲਾ। ਹੋਰ ਕੁਝ ਨਹੀਂ ਵੇਖਿਆ ਨਾ ਧਰਮ, ਨਾ ਜਾਤ, ਨਾ ਕੱਦ, ਨਾ ਸ਼ੁਹਰਤ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਇਮਾਨਦਾਰੀ ਅਤੇ ਸਾਧਾਰਨਤਾ ਨੂੰ ਵੋਟ ਪਈ ਹੈ ਅਤੇ ਇਹ ਵੋਟ ਪੰਜਾਬ ਦੇ ਬਿਹਤਰ ਭਵਿੱਖ ਲਈ ਪਾਈ ਗਈ ਹੈ।
ਕਾਂਗਰਸ ਅਤੇ ਅਕਾਲੀ ਦਲ ਨੇ ਪੰਜਾਬ ਨੂੰ ਆਪੋ ਆਪਣੀ ਮਨ ਮਰਜ਼ੀ ਮੁਤਾਬਿਕ ਚਲਾਇਆ। ਪੰਜਾਬੀ ਗ਼ੁੱਸੇ ਨਾਲ ਨੱਕੋਂ ਨੱਕ ਭਰੇ ਪਏ ਸਨ। ਆਖੀਰ ਦਹਾਕਿਆਂ ਦਾ ਉਹ ਗ਼ੁੱਸਾ ਮਸ਼ੀਨ ਦੇ ਬਟਨ ਰਾਹੀਂ ਫੁੱਟ ਨਿਕਲਿਆ। ਜੋ ਬਿਹਤਰ ਬਦਲ ਹੈ, ਉਸ ਨੂੰ ਚੁਣਿਆ। ਉਸ ਨੂੰ ਇਕ ਮੌਕਾ ਦਿੱਤਾ।
ਅੱਗੇ ਤੋਂ ਪੰਜਾਬ ਵਿਚ ਉਹੀ ਜਿੱਤੇਗਾ ਜਿਹੜਾ ਪੰਜਾਬ ਦੀ, ਪੰਜਾਬੀਆਂ ਦੀ ਬਿਹਤਰੀ ਲਈ ਕੰਮ ਕਰੇਗਾ। ਘਰਾਣਿਆਂ ਦੀ ਸਿਆਸਤ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ।
ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਨਹੀਂ ਲੜਨੀ ਚਾਹੀਦੀ ਸੀ। ਲਾਲਸਾ ਦੀ ਵੀ ਕੋਈ ਸੀਮਾ ਹੁੰਦੀ ਹੈ।
ਪੰਜਾਬ ਵਿਚ ਆਪ ਦੀ ਇਹ ਜਿੱਤ ਨਵੇਂ ਰਾਹ ਖੋਲ੍ਹੇਗੀ। ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪੱਧਰ ‘ਤੇ ਉਭਾਰੇਗੀ। ਜੇ ਪੰਜਾਬ ਵਿਚ ਚੰਗੇ ਨਤੀਜੇ ਦੇਵੇਗੀ ਤਾਂ ਪੰਜਾਬ ਮਾਡਲ ਹੋਰਨਾਂ ਰਾਜਾਂ ਨੂੰ ਵੀ ਆਕਰਸ਼ਿਤ ਕਰੇਗਾ। ਪਰ ਯਾਦ ਰੱਖਿਓ, ਹਕੂਮਤ ਬਦਲੀ ਹੈ, ਸਿਸਟਮ ਉਹੀ ਹੈ।
ਪ੍ਰੋ. ਕੁਲਬੀਰ ਸਿੰਘ
ਮੋਬਾਈਲ : +91 94171 53513
Columns ਆਪ ਦੀ ਵੱਡੀ ਜਿੱਤ, ਕਾਂਗਰਸ-ਅਕਾਲੀ ਦਲ ਦੀ ਵੱਡੀ ਹਾਰ ਦੇ ਕਾਰਨ