ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ 23 ਮਾਰਚ ਨੂੰ ਆਪਣਾ ਨਿੱਜੀ ਵਟਸਐਪ ਨੰਬਰ ਜਾਰੀ ਕਰਾਂਗਾ – ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 18 ਮਾਰਚ – ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਅੱਜ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ, ਜਿਸ ‘ਤੇ ਰਿਸ਼ਵਤ ਦੀ ਮੰਗ ਕਰਨ ਵਾਲੇ ਅਧਿਕਾਰੀਆਂ ਦੀ ਆਡੀਓ ਜਾਂ ਵੀਡੀਓ ਮੈਸੇਜ ਭੇਜ ਸਕਦੇ ਹੋ। ਉਸ ਉੱਪਰ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਨੰਬਰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੱਲ ਦਾ ਐਲਾਨ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਜਿਸ ਦਾ ਖ਼ਾਤਮਾ ਜ਼ਰੂਰੀ ਹੈ। ਸੂਬੇ ਦੇ 99 ਫ਼ੀਸਦ ਅਧਿਕਾਰੀ ਇਮਾਨਦਾਰ ਹਨ ਪਰ 1 ਫ਼ੀਸਦ ਅਧਿਕਾਰੀ ਬੇਈਮਾਨ ਹਨ। 1 ਫ਼ੀਸਦ ਭ੍ਰਿਸ਼ਟ ਅਧਿਕਾਰੀਆਂ ਕਰਕੇ 99 ਫ਼ੀਸਦ ਨੂੰ ਬਦਨਾਮ ਨਹੀਂ ਹੋਣ ਦਿੱਤਾ ਜਾਵੇਗਾ। ਪੁਰਾਣੀਆਂ ਪਾਰਟੀਆਂ ਦੀ ਤਰ੍ਹਾਂ ‘ਆਪ’ ਨੂੰ ਕਿਸੇ ਰਿਸ਼ਵਤ ਦੇ ਪੈਸੇ ਦੀ ਲੋੜ ਨਹੀਂ ਹੈ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਵੀ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉੱਪਰੋਂ ਕੋਈ ਫ਼ੋਨ ਨਹੀਂ ਆਵੇਗਾ, ਨਾ ਪੈਸਿਆਂ ਲਈ, ਨਾ ਤਬਾਦਲੇ ਲਈ ਹੁਣ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਕੀਤੇ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੱਲ ਦਾ ਪ੍ਰਗਟਾਵਾ ਟਵੀਟ ਰਾਹੀ ਕੀਤਾ ਸੀ ਕਿ ਉਹ ਅੱਜ ਪੰਜਾਬ ਲਈ ਕੋਈ ਵੱਡਾ ਐਲਾਨ ਕਰ ਸਕਦੇ ਹਨ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ‘ਪੰਜਾਬ ਦੇ ਹਿੱਤ ‘ਚ ਅੱਜ ਇੱਕ ਬਹੁਤ ਵੱਡਾ ਫ਼ੈਸਲਾ ਲਿਆ ਜਾਵੇਗਾ। ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਨੇ ਵੀ ਅਜਿਹਾ ਫ਼ੈਸਲਾ ਨਹੀਂ ਲਿਆ ਹੋਵੇਗਾ। ਇਸ ਦਾ ਐਲਾਨ ਕੁੱਝ ਹੀ ਦੇਰ ਤਕ ਐਲਾਨ ਕਰਾਂਗਾ’।