ਭਾਰਤੀ ਹਾਈ ਕਮਿਸ਼ਨਰ ਸ੍ਰੀ ਪਰਦੇਸ਼ੀ ਵੱਲੋਂ ਚੀਫ਼ ਸੈਂਸਰ ਸ਼ੈਂਕਸ ਨੂੰ ਪੱਤਰ ਲਿਖ ਕੇ ਫਿਲਮ ‘ਦਿ ਕਸ਼ਮੀਰ ਫਾਈਲਸ’ ਦੀ ਸੰਪੂਰਨ ਤੇ ਨਿਰਪੱਖ ਸਮੀਖਿਆ ਦੀ ਅਪੀਲ

  • ਵੈਲਿੰਗਟਨ, 21 ਮਾਰਚ – ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪਰਦੇਸ਼ੀ ਵੱਲੋਂ ਨਿਊਜ਼ੀਲੈਂਡ ਵਿੱਚ ਫਿਲਮ ਅਤੇ ਸਾਹਿਤ ਵਰਗੀਕਰਨ ਦੇ ਦਫ਼ਤਰ ਦੇ ਚੀਫ਼ ਸੈਂਸਰ ਡੇਵਿਡ ਸ਼ੈਂਕਸ ਨੂੰ ਪੱਤਰ ਲਿਖ ਕੇ ਫਿਲਮ ‘ਦਿ ਕਸ਼ਮੀਰ ਫਾਈਲਸ’ ਦੀ ਰਿਲੀਜ਼ ਨਾਲ ਸਬੰਧਿਤ ਮੁੱਦਿਆਂ ‘ਤੇ ਸੰਪੂਰਨ ਤੇ ਨਿਰਪੱਖ ਸਮੀਖਿਆ ਕਰਨ ਦੀ ਆਸ ਜਤਾਈ ਹੈ।
    ਸ੍ਰੀ ਪਰਦੇਸ਼ੀ ਨੇ ਚੀਫ਼ ਸੈਂਸਰ ਡੇਵਿਡ ਸ਼ੈਂਕਸ ਪੱਤਰ ਵਿੱਚ ਕਿਹਾ ਕਿ ਭਾਰਤੀ ਫਿਲਮ ‘ਦਿ ਕਸ਼ਮੀਰ ਫਾਈਲਸ’ ਨੂੰ R16 (16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਸੀਮਤ) ਸਰਟੀਫਿਕੇਟ ਦੇਣ ਦਾ ਫ਼ੈਸਲਾ ਸਮੀਖਿਆ ਅਧੀਨ ਹੈ ਅਤੇ ਖ਼ਬਰਾਂ ਮੁਤਾਬਿਕ ਕਸ਼ਮੀਰ ਫਾਈਲਸ ਫਿਲਮ ਨੂੰ ਨਿਊਜ਼ੀਲੈਂਡ ਵਿੱਚ ਪਾਬੰਦੀ ਨਹੀਂ ਲਗਾਈ ਗਈ ਹੈ।
    ਉਨ੍ਹਾਂ ਨੇ ਚੀਫ਼ ਸੈਂਸਰ ਨੂੰ ਲਿਖਿਆ ਕਿ ਨਿਊਜ਼ੀਲੈਂਡ ਦੇ ਵੀਡੀਓਜ਼ ਅਤੇ ਪਬਲੀਕੇਸ਼ਨ ਵਰਗੀਕਰਣ ਐਕਟ 1993 ਦੇ ਅਧੀਨ ਇਸ ਮਾਮਲੇ ‘ਚ ਇੱਕ ਸੰਪੂਰਨ, ਸੰਤੁਲਿਤ ਅਤੇ ਨਿਰਪੱਖ ਦ੍ਰਿਸ਼ਟੀਕੋਣ ਲਈ ਬੇਨਤੀ ਹੈ, ਨਾ ਕਿ ਗ਼ਲਤ ਜਾਣਕਾਰੀ ਅਤੇ ਰਾਜਨੀਤਿਕ ਸਰਗਰਮੀ ਦੇ ਨਤੀਜੇ ਵਜੋਂ ਕੋਈ ਫ਼ੈਸਲਾ ਲਿਆ ਜਾਵੇ। ਜੇਕਰ ਕਿਸੇ ਵਾਧੂ ਜਾਣਕਾਰੀ ਦੀ ਲੋੜ ਹੈ, ਤਾਂ ਭਾਰਤ ਦੇ ਹਾਈ ਕਮਿਸ਼ਨ ਨੂੰ ਨਿਊਜ਼ੀਲੈਂਡ ਵਿੱਚ ਭਾਰਤੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਤੁਹਾਡੇ ਅਤੇ ਤੁਹਾਡੀ ਟੀਮ ਨਾਲ ਜੁੜਨ ਵਿੱਚ ਬਹੁਤ ਖ਼ੁਸ਼ੀ ਹੋਵੇਗੀ।
    ਉਨ੍ਹਾਂ ਕਿਹਾ ਕਿ ਫੈਡਰੇਸ਼ਨ ਆਫ਼ ਇਸਲਾਮਿਕ ਐਸੋਸੀਏਸ਼ਨ ਆਫ਼ ਨਿਊਜ਼ੀਲੈਂਡ (FIANZ) ਦੀ ਅਗਵਾਈ ਹੇਠ ਕੁੱਝ ਮੁਸਲਿਮ ਭਾਈਚਾਰੇ ਦੇ ਸੰਗਠਨਾਂ ਨੇ ਪ੍ਰਧਾਨ ਮੰਤਰੀ ਸਮੇਤ ਨਿਊਜ਼ੀਲੈਂਡ ਸਰਕਾਰ ਤੱਕ ਪਹੁੰਚ ਕੀਤੀ ਹੈ, ਜਿਸ ਵਿੱਚ ਫਿਲਮ ਦੀ ਰਿਲੀਜ਼ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ। ਅਜਿਹੀਆਂ ਖ਼ਬਰਾਂ ਹਨ ਕਿ ਚੀਫ਼ ਸੈਂਸਰ ਦਾ ਦਫ਼ਤਰ ਬਹੁਤ ਸਿਆਸੀ ਦਬਾਅ ਹੇਠ ਹੈ। ਉਨ੍ਹਾਂ ਕਿਹਾ ਕਿ ਫਿਲਮ ਦੀ ਰਿਲੀਜ਼ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਦੌਰਾਨ ਮੈਨੂੰ ਅਣਗਿਣਤ ਕਾਲਾਂ ਅਤੇ ਈ-ਮੇਲਾਂ ਪ੍ਰਾਪਤ ਹੋਈਆਂ ਹਨ, ਕੀਵੀ ਸਿਨੇ-ਦਰਸ਼ਕਾਂ ਅਤੇ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਵੱਲੋਂ ਡੂੰਘੀਆਂ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਹਨ ਜੋ ਨਿਊਜ਼ੀਲੈਂਡ ਦੇ ਸਿਨੇਮਾਘਰਾਂ ਵਿੱਚ ਇਸ ਫਿਲਮ ਨੂੰ ਦੇਖਣ ਦੀ ਉਡੀਕ ਕਰ ਰਹੇ ਹਨ।
    ਜ਼ਿਕਰਯੋਗ ਹੈ ਕਿ ਫਿਲਮ ਅਤੇ ਇਸ ਦੀ ਰਿਲੀਜ਼ ਨੂੰ ਲੈ ਕੇ ਵੀਕੈਂਡ ਦੌਰਾਨ ਨਿਊਜ਼ੀਲੈਂਡ ਵਿੱਚ ਵਿਵਾਦ ਪੈਦਾ ਹੋ ਗਿਆ, ਫਿਲਮ 24 ਮਾਰਚ ਤੋਂ ਨਿਊਜ਼ੀਲੈਂਡ ਭਰ ਵਿੱਚ ਈਵੈਂਟ ਸਿਨੇਮਾ ਦੁਆਰਾ ਰਿਲੀਜ਼ ਕੀਤੀ ਜਾਣੀ ਸੀ। ਜਦੋਂ ਕਿ ਫਿਲਮ ‘ਦਿ ਕਸ਼ਮੀਰ ਫਾਈਲਸ’ ਭਾਰਤ ਵਿੱਚ 11 ਮਾਰਚ ਰਿਲੀਜ਼ ਕੀਤੀ ਗਈ ਸੀ ਅਤੇ ਇਸ ਨੂੰ ਅਮਰੀਕਾ, ਯੂਨਾਈਟਿਡ ਕਿੰਗਡਮ ਅਤੇ ਆਸਟਰੇਲੀਆ ਸਮੇਤ ਵਿਦੇਸ਼ਾਂ ਵਿੱਚ ਦਿਖਾਈ ਜਾ ਰਹੀ ਹੈ।