24 ਸਾਲ ਬਾਅਦ ਆਸਟਰੇਲੀਆ ਨੇ ਪਾਕਿਸਤਾਨ ਨੂੰ ਉਸੇ ਦੇ ਘਰ ‘ਚ ਹਰਾ ਕੇ ਸੀਰੀਜ਼ ਜਿੱਤੀ

ਲਾਹੌਰ, 25 ਮਾਰਚ – ਆਸਟਰੇਲੀਆ ਨੇ 24 ਸਾਲ ਬਾਅਦ ਮੇਜ਼ਬਾਨ ਪਾਕਿਸਤਾਨ ਨੂੰ ਅੱਜ ਉਸੇ ਦੇ ਘਰ ਵਿੱਚ ਤੀਜੇ ਤੇ ਆਖ਼ਰੀ ਕ੍ਰਿਕਟ ਟੈੱਸਟ ਮੈਚ ਵਿੱਚ 115 ਦੌੜਾਂ ਨਾਲ ਹਰਾ ਦਿੱਤਾ ਅਤੇ ਟੈੱਸਟ ਸੀਰੀਜ਼ ਉੱਤੇ ਕਬਜ਼ਾ ਕੀਤਾ। ਇਸ ਤਰ੍ਹਾਂ ਆਸਟਰੇਲੀਆ ਨੇ ਇਹ ਸੀਰੀਜ਼ 1-0 ਨਾਲ ਜਿੱਤ ਲਈ ਹੈ। ਮੇਜ਼ਬਾਨ ਟੀਮ ਦੂਜੀ ਪਾਰੀ ਵਿੱਚ 235 ਦੌੜਾਂ ਬਣਾ ਕੇ ਆਊਟ ਹੋ ਗਈ।
ਆਸਟਰੇਲੀਆ ਤੇ ਮੇਜ਼ਬਾਨ ਪਾਕਿਸਤਾਨ ਵਿਚਾਲੇ 1998 ਤੋਂ ਬਾਅਦ ਖੇਡੀ ਜਾ ਰਹੀ ਹੈ ਇਹ ਪਹਿਲੀ ਟੈੱਸਟ ਸੀਰੀਜ਼ ਸੀ। ਗੌਰਤਲਬ ਹੈ ਕਿ ਆਸਟਰੇਲੀਆ ਨੇ ਪਾਕਿਸਤਾਨ ਵਿੱਚ 24 ਸਾਲ ਬਾਅਦ ਜਿੱਤ ਦਰਜ ਕੀਤੀ ਹੈ।
ਆਸਟਰੇਲੀਆ ਨੇ ਆਪਣੀ ਦੂਜੀ ਪਾਰੀ 3 ਵਿਕਟਾਂ ‘ਤੇ 227 ਦੌੜਾਂ ਉੱਤੇ ਹੀ ਐਲਾਨ ਦਿੱਤੀ ਸੀ ਤੇ ਪਾਕਿਸਤਾਨ ਨੂੰ 351 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 391 ਦੌੜਾਂ ਬਣਾਈਆਂ ਸਨ ਜਦੋਂ ਕਿ ਪਾਕਿਸਤਾਨ 268 ਦੌੜਾਂ ਹੀ ਬਣਾ ਸਕਿਆ ਸੀ। ਇਸ ਤਰ੍ਹਾਂ ਆਸਟਰੇਲੀਆ ਨੂੰ ਪਹਿਲੀ ਪਾਰੀ ਦੇ ਅਧਾਰ ‘ਤੇ 123 ਦੌੜਾਂ ਦੀ ਲੀਡ ਮਿਲ ਗਈ ਸੀ।