ਸਿੱਖਾਂ ਵਿੱਚ ਸ਼ਹੀਦੀ ਦਾ ਮੁੱਢ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿੱਚ ਹੀ ਬੰਨ੍ਹਿਆ ਸੀ। ਤਦੇ ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਲਾਹੌਰ ਵਿੱਚ ਸਿੱਖਾਂ ਦੀਆਂ ਹੋਈਆਂ ਸ਼ਹੀਦੀਆਂ ਦੀ ਲਿੱਸਟ ਬਹੁਤ ਲੰਮੀ ਹੈ। ਸਮੇਂ ਦੀ ਜ਼ਾਲਮ ਜਕਰੀਆ ਖਾਨ ਸਰਕਾਰ ਵੱਲੋਂ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿੱਚ ਕੇਸਾਂ ਸਣੇ ਖੋਪੜੀ ਲਾਹ ਕੇ ਸ਼ਹੀਦ ਕੀਤਾ ਗਿਆ ਸੀ। ਲਾਹੌਰ ਵਿੱਚ ਹੀ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਇਸੇ ਲਾਹੌਰ ਵਿੱਚ ਭਾਈ ਸੁਬੇਗ ਸਿੰਘ ਅਤੇ ਉਨ੍ਹਾਂ ਦੇ 18 ਸਾਲ ਦੇ ਨੌਜਵਾਨ ਬੇਟੇ ਭਾਈ ਸ਼ਾਹਬਾਜ਼ ਸਿੰਘ ਨੂੰ ਸਮੇਂ ਦੀ ਹਕੂਮਤ ਨੇ 1745 ਈਸਵੀ ‘ਚ ਚਰਖੜੀਆਂ ‘ਤੇ ਚਾੜ੍ਹ ਕੇ ਸ਼ਹੀਦ ਕੀਤਾ ਸੀ।
ਭਾਈ ਸੁਬੇਗ ਸਿੰਘ ਇਲਾਕਾ ਲਾਹੌਰ ਦੇ ਪਿੰਡ ਜੰਬਰ ਦੇ ਰਹਿਣ ਵਾਲੇ ਸਨ। ਫ਼ਾਰਸੀ ਦੇ ਵਿਦਵਾਨ ਪੁਰਸ਼ ਹੋਣ ਕਰਕੇ ਆਪ ਜੀ ਨੂੰ ਖਾਨ ਬਹਾਦਰ ਜਕਰੀਆ ਖਾਨ ਦੇ ਦਰਬਾਰ ਵਿੱਚ ਨੌਕਰੀ ਮਿਲੀ ਹੋਈ ਸੀ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਆਪ ਕੁੱਝ ਚਿਰ ਲਾਹੌਰ ਦੇ ਕੋਤਵਾਲ ਭੀ ਰਹੇ, ਜਿਸ ਸਮੇਂ ਆਪ ਨੇ ਕਈ ਸ਼ਹੀਦਗੰਜ ਅਤੇ ਗੁਰਦੁਆਰਾ ਵੀ ਬਣਵਾਏ ਸਨ। ਲੋਕ ਭਲਾਈ ਦੇ ਕਾਰਜ ਕਰਨ ਕਰਕੇ ਕੱਟੜਪੰਥੀ ਮੁਸਲਮਾਨ ਆਪ ਨਾਲ ਖ਼ਾਰ ਖਾਂਦੇ ਸਨ। ਲਾਹੌਰ ਦਰਬਾਰ ਦੇ ਸੂਬੇਦਾਰ ਜਕਰੀਆ ਖਾਨ ਨੇ ਮੁਗ਼ਲੀਆ ਹਕੂਮਤ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੂੰ ਦਿੱਲੀ ਵਿੱਚ ਚਿੱਠੀ ਭੇਜ ਕੇ ਇਸ ਮੱਤੇ ਦੀ ਮਨਜ਼ੂਰੀ ਲੈ ਲਈ ਸੀ ਕਿ ਸਿੱਖ ਕੌਮ ਨਾਲ ਸੁਲਾਅ-ਸਫਾਈ ਕਰ ਲਈ ਜਾਵੇ ਤਾਂ ਕਿ ਅਮਨ ਚੈਨ ਨਾਲ ਹਿੰਦੁਸਤਾਨ ‘ਤੇ ਰਾਜ ਭਾਗ ਕੀਤਾ ਜਾ ਸਕਦਾ ਹੈ। ਜਕਰੀਆ ਖਾਨ ਨੇ 29 ਮਾਰਚ 1733 ਈਸਵੀ ਵਿੱਚ ਭਾਈ ਸੁਬੇਗ ਸਿੰਘ ਨੂੰ ਆਪਣਾ ਖ਼ਾਸ ਨੁਮਾਇੰਦਾ (ਵਕੀਲ) ਬਣਾ ਕੇ ਸਿੱਖ ਪੰਥ ਦੇ ਜਥੇਦਾਰ ਨੂੰ ਨਵਾਬੀ ਦਾ ਖ਼ਿਤਾਬ ਅਤੇ ਵੱਡੀਆਂ ਜਗੀਰਾਂ ਨਾਲ ਨਿਵਾਜਣ ਲਈ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਭੇਜਿਆ ਸੀ। ਭਾਈ ਸੁਬੇਗ ਸਿੰਘ ਜੀ ਵੱਲੋਂ ਲਿਜਾਇਆ ਗਿਆ ‘ਨਵਾਬੀ ਦਾ ਖ਼ਿਤਾਬ’ ਪੰਥਕ ਇਕੱਠ ਵੱਲੋਂ ਸੰਗਤ ਅਤੇ ਘੋੜਿਆਂ ਦੀ ਸੇਵਾ ਕਰਨ ਵਾਲੇ ਸਰਦਾਰ ਕਪੂਰ ਸਿੰਘ ਫੈਜਲਪੁਰੀਆ ਨੂੰ ਦਿੱਤਾ ਗਿਆ ਸੀ ਅਤੇ ਇਕ ਲੱਖ ਸਾਲਾਨਾ ਆਮਦਨ ਵਾਲੀ ਦਿਆਲਪੁਰ, ਕੰਗਣਵਾਲ ਅਤੇ ਝਬਾਲ ਦੇ ਪਰਗਨੇ ਦੀ ਜਗੀਰ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜੁੜੇ ਪੰਥ ਨੇ ਪ੍ਰਵਾਨ ਕਰ ਲਿਆ ਸੀ। ਸਿੱਖ ਇਤਿਹਾਸ ਵਿੱਚ ਭਾਈ ਸੁਬੇਗ ਸਿੰਘ ਨੂੰ “ਵਕੀਲ” ਪੱਦ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਸਮੇਂ ਨੇ ਜਦੋਂ ਕਰਵੱਟ ਬਦਲੀ ਤਾਂ ਭਾਈ ਸੁਬੇਗ ਸਿੰਘ ਜੀ ਦੇ ਸੁੱਖੀ ਵੱਸਦੇ ਪਰਿਵਾਰ ਵਿੱਚ ਦੁੱਖਾਂ ਦੇ ਪਹਾੜ ਉਸ ਵੇਲੇ ਟੁੱਟ ਪਏ ਜਦ ਆਪ ਦੇ 18 ਸਾਲ ਦੇ ਨੌਜਵਾਨ ਗੱਭਰੂ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੇ ਮਦਰਸੇ ਪੜ੍ਹਦੇ ਸਮੇਂ ਮੌਲਵੀ ਨੂੰ ਧਰਮਾਂ ਦੀ ਚਰਚਾ ਕਰਦੇ ਸਮੇਂ ਸਿੱਖ ਧਰਮ ਦੀ ਸੱਚੀ ਮਰਿਆਦਾ ਤੋਂ ਜਾਣੂ ਕਰਵਾਇਆ ਸੀ। ਚਰਚਾ ‘ਚੋਂ ਹਾਰੇ ਤੇ ਆਪਣੀ ਹੇਠੀ ਸਮਝਦੇ ਹੋਏ ਮੌਲਵੀ ਨੇ ਭਾਈ ਸ਼ਾਹਬਾਜ਼ ਸਿੰਘ ਨੂੰ ਇਸਲਾਮ ਦੀ ਤੌਹੀਨ ਕਰਨ ਦੀਆਂ ਝੂਠੀਆਂ ਤੋਹਮਤਾਂ ਲਾ ਕੇ ਕੈਦ ਕਰਵਾ ਦਿੱਤਾ ਸੀ। ਥੋੜ੍ਹੇ ਸਮੇਂ ਬਾਅਦ ਆਪ ਦੇ ਪਿਤਾ ਭਾਈ ਸੁਬੇਗ ਸਿੰਘ ਨੂੰ ਵੀ ਬਿਨਾ ਕੋਈ ਕਸੂਰ ਕੀਤੇ ਕੈਦ ਕਰ ਲਿਆ ਗਿਆ। ਲਾਹੌਰ ਦਰਬਾਰ ਵਿੱਚ ਭਾਈ ਸੁਬੇਗ ਸਿੰਘ ਜੀ ਨਾਲ ਖ਼ਾਰ ਖਾਣ ਵਾਲੇ ਕੱਟੜਪੰਥੀ ਮੁਸਲਮਾਨਾਂ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਣ ਲਈ ਪਿਉ-ਪੁੱਤਰ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਾਕਮਾਂ ਨੂੰ ਬਹੁਤ ਉਕਸਾਇਆ। ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਨੇ ਇਸਲਾਮ ਧਰਮ ਕਬੂਲ ਕਰਨ ਨਾਲੋਂ ਮੌਤ ਨੂੰ ਗਲੇ ਲਗਾਉਣ ਨੂੰ ਪਹਿਲ ਦਿੱਤੀ। ਭਾਈ ਸੁਬੇਗ ਸਿੰਘ ਦੇ ਨਜ਼ਦੀਕੀਆਂ ਨੇ ਭਾਈ ਜੀ ਨੂੰ ਸਲਾਹ ਦਿੱਤੀ ਕਿ ‘ਆਪਣੇ ਇਕਲੌਤੇ ਪੁੱਤਰ ਦੀ ਜਾਨ ਬਖਸ਼ੀ ਕਰਵਾਉਣ ਲਈ ਹਕੂਮਤ ਦੀਆਂ ਸ਼ਰਤਾਂ ਮੰਨ ਲਵੋ ਤਾਂ ਕੇ ਆਪ ਜੀ ਦੀ ਅੰਸ਼ ਚਲਦੀ ਰਹੇਗੀ’। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਿੰਘ ਭਾਈ ਸੁਬੇਗ ਸਿੰਘ ਨੇ ਜੋ ਜੁਆਬ ਦਿੱਤਾ ਉਸ ਨੂੰ ਭਾਈ ਰਤਨ ਸਿੰਘ ਭੰਗੂ ਨੇ ਆਪਣੀ ਲਿਖਤ ‘ਪੰਥ ਪ੍ਰਕਾਸ਼’ ਗ੍ਰੰਥ ‘ਚ ਬਹੁਤ ਸੋਹਣਾ ਜ਼ਿਕਰ ਕੀਤਾ ਹੈ:
“ਸਿਖਨ ਕਾਜ ਸੁ ਗੁਰੂ ਸਵਾਰੇ, ਸੀਸ ਦੀਓ ਨਿਜ ਸੈਣ ਪ੍ਰਵਾਰੇ।
ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈ ਕੌਣ ਬਡਾਈ।”
ਕਾਜ਼ੀ ਵੱਲੋਂ ਸੁਣਾਏ ਹੁਕਮ ਅਨੁਸਾਰ ਦੋਵਾਂ ਪਿਉ-ਪੁੱਤਰਾਂ ਨੂੰ ਜ਼ਾਲਮਾਂ ਨੇ ਬਹੁਤ ਹੀ ਤਿੱਖੇ ਦੰਦਿਆਂ ਵਾਲੀਆਂ ਦੋ ਵੱਖ ਵੱਖ ਚਰਖੜੀਆਂ ‘ਤੇ ਚਾੜ੍ਹ ਕੇ ਕਈ ਵਾਰ ਘੁਮਾਇਆ ਗਿਆ ਤਾਂ ਪਿਉ-ਪੁੱਤਰ ਜਰਾ ਜਿੰਨਾ ਵੀ ਨਹੀਂ ਡੋਲੇ। ਆਪ ਦੋਵੇਂ ਨਿਰਭੈ ਜੋਧੇ ਅਕਾਲ ਅਕਾਲ ਦੇ ਜੈਕਾਰਿਆਂ ਛੱਡਦੇ ਅਤੇ ਵਾਹਿਗੁਰੂ ਦੇ ਸਿਮਰਨ ਕਰਦੇ ਰਹੇ।
“ਚਰਖੜੀ ਚਾੜ੍ਹ ਫਿਰ ਬਹੁਤ ਘੁਮਾਇਆ।
ਵਾਹਿਗੁਰੂ ਤਿਨ ਨਾਹਿ ਭੁਲਾਇਆ।”
ਇਸ ਤਰ੍ਹਾਂ 177 ਸਾਲ ਪਹਿਲਾਂ 1745 ਈਸਵੀ ਨੂੰ ਲਾਹੌਰ ਵਿਖੇ ਪਿਉ-ਪੁੱਤਰ ਨੂੰ ਚਰਖੜੀਆਂ ‘ਤੇ ਚਾੜ੍ਹ ਕੇ ਬੇ-ਰਹਿਮੀ ਨਾਲ ਸ਼ਹੀਦ ਕੀਤਾ ਗਿਆ ਸੀ।
ਇਸੇ ਲਾਹੌਰ ਦੀ ਧਰਤੀ ‘ਤੇ ਉੱਬਲਦੀ ਤੇਗ ‘ਚ ਬਹਿਕੇ, ਬੰਦ ਬੰਦ ਕਟਵਾ ਕੇ ਅਤੇ ਖੋਪੜੀਆਂ ਲੂਹਾ ਕੇ ਸ਼ਹੀਦ ਹੋਣ ਵਾਲੀ ਸ਼ਹੀਦੀ ਪਰੰਪਰਾ ਨੂੰ ਹੋਰ ਪਰਪੱਕ ਕਰ ਗਏ ਪਿਉ-ਪੁੱਤਰ ਸ਼ਹੀਦ ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਦੀ ਲਾਸਾਨੀ ਸ਼ਹੀਦੀ ਨੂੰ ਰੋਜ਼ਾਨਾ ਸਿੱਖ ਅਰਦਾਸ ‘ਚ (‘ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ‘ਚਰਖੜੀਆਂ ‘ਤੇ ਚੜ੍ਹੇ’, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ’) “ਚਰਖੜੀਆਂ ‘ਤੇ ਚੜ੍ਹੇ” ਦੇ ਸਤਿਕਾਰਤ ਸ਼ਬਦਾਂ ਰਾਹੀਂ ਯਾਦ ਕੀਤਾ ਜਾਂਦਾ ਹੈ।
Columns 277ਵੇਂ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼: ਚਰਖੜੀਆਂ ‘ਤੇ ਚਾੜ੍ਹ ਕੇ ਸ਼ਹੀਦ ਕੀਤੇ ਪਿਉ-ਪੁੱਤਰ-ਭਾਈ...