ਪ੍ਰਧਾਨ ਮੰਤਰੀ ਆਰਡਰਨ, ਨੈਸ਼ਨਲ ਪਾਰਟੀ ਆਗੂ ਲਕਸਨ ਅਤੇ ਐਕਟ ਪਾਰਟੀ ਆਗੂ ਸੀਮੋਰ ਵੱਲੋਂ ਵਿਸਾਖੀ ਦੀਆਂ ਵਧਾਈਆਂ

ਵੈਲਿੰਗਟਨ, 13 ਅਪ੍ਰੈਲ – ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਭਾਰਤੀ ਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਲਈ ਵੀਡੀਓ ਸੁਨੇਹੇ ਜਾਰੀ ਕਰਕੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਵਿਸਾਖੀ ਦੀਆਂ ਵਧਾਈਆਂ ਦੇਣ ਦੇ ਨਾਲ ਪਿਛਲੇ ਦੋ ਸਾਲ ਤੋਂ ਚੱਲ ਰਹੀ ਕੋਰੋਨਾ ਮਹਾਂਮਾਰੀ ਦੌਰਾਨ ਭਾਰਤੀ ਭਾਈਚਾਰੇ ਵੱਲੋਂ ਕੀਤੀ ਸੇਵਾ ਦਾ ਜ਼ਿਕਰ ਕਰਨ ਦੇ ਨਾਲੇ ਭਾਈਚਾਰੇ ਦਾ ਧੰਨਵਾਦ ਕੀਤਾ।
ਦੇਸ਼ ਦੀ ਵਿਰੋਧੀ ਨੈਸ਼ਨਲ ਪਾਰਟੀ ਦੇ ਆਗੂ ਕ੍ਰਿਸਟੋਫਰ ਲਕਸਨ ਸਿੱਖ ਭਾਈਚਾਰੇ ਦੇ ਨਾਲ ਭਾਰਤੀ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਸਿੱਖ ਵਿਸਾਖੀ ਨੂੰ ਆਪਣੀ ਪਛਾਣ ਵੱਜੋ ਮਨਾਉਂਦੇ ਹਨ ਅਤੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਉਨ੍ਹਾਂ ਦੇ ਨਾਲ ਡੇਵਿਡ ਬੈਨਟ ਅਤੇ ਮਲੀਸਾ ਲੀ ਨੇ ਵੀ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ।
ਐਕਟ ਪਾਰਟੀ ਆਗੂ ਡੇਵਿਡ ਸੀਮੋਰ ਸਿੱਖ ਭਾਈਚਾਰੇ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਿੱਖ ਭਾਈਚਾਰਾ ਆਪਣੀ ਮਿਹਨਤ ਕਰਕੇ ਸਥਾਪਿਤ ਹੋਇਆ ਹੈ ਅਤੇ ਕੋਵਿਡ ਦੌਰਾਨ ਕੀਤੀ ਭਾਈਚਾਰੇ ਦੀ ਸੇਵਾ ਲਈ ਵੀ ਵਧਾਈਆਂ ਦਿੱਤੀਆਂ।
ਗੌਰਤਲਬ ਹੈ ਕਿ ਜਿੱਥੇ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਗੁਰੂ ਘਰਾਂ ਵੱਲੋਂ ਕੀਤੀ ਸੇਵਾ ਲਈ ਧੰਨਵਾਦ ਕੀਤਾ ਗਿਆ ਹੈ। ਉੱਥੇ ਹੀ ਪ੍ਰਧਾਨ ਮੰਤਰੀ ਅਤੇ ਦੇਸ਼ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵਿਸਾਖੀ ਮੌਕੇ ਭੇਜੇ ਵੀਡੀਓ ਸੁਨੇਹੇ ਲਈ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਵੀ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਸੁਪਰੀਮ ਸਿੱਖ ਸੁਸਾਇਟੀ ਨੇ ਕਿਹਾ ਕਿ ਵਿਸਾਖੀ ਮੌਕੇ ਇਸ ਉਪਰਾਲੇ ਲਈ ਉਸ ਨੇ ਪ੍ਰਧਾਨ ਮੰਤਰੀ ਨਾਲ ਰਾਬਤਾ ਕਾਇਮ ਕੀਤਾ ਸੀ।