400 ਸਾਲਾ ਪ੍ਰਕਾਸ਼ ਪੂਰਬ ਸ਼ਤਾਬਦੀ ਵਰ੍ਹੇ ਦੀ ਸੰਪੂਰਨਤਾ ਨੂੰ ਸਮਰਪਿਤ ਤਿੰਨ ਦਿਨਾਂ ਵਿਸ਼ੇਸ਼ ਕੀਰਤਨ ਸਮਾਗਮ
ਸਿਨਸਿਨਾਟੀ, ਓਹਾਇਓ, 25 ਅਪ੍ਰੈਲ (ਸਮੀਪ ਸਿੰਘ ਗੁਮਟਾਲਾ) – ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਸੋਸਾਇਟੀ ਆਫ਼ ਗ੍ਰੇਟਰ ਸਿਨਸਿਨਾਟੀ ਵਿਖੇ ਸ਼ਹੀਦਾਂ ਦੇ ਸਰਤਾਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰਿਸ਼ਟ ਦੀ ਚਾਦਰ ਜੀ ਦੇ 401ਵੇਂ ਪ੍ਰਕਾਸ਼ ਗੁਰਪੁਰਬ ਅਤੇ 400 ਸਾਲਾ ਸ਼ਤਾਬਦੀ ਵਰ੍ਹੇ ਦੀ ਸੰਪੂਰਨਤਾ ਨੂੰ ਸਮਰਪਿਤ ਤਿੰਨ ਦਿਨਾਂ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਗਏ। ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਇਹ ਪੂਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ।
ਇਨ੍ਹਾਂ ਤਿੰਨ ਦਿਨਾਂ ਕੀਰਤਨ ਸਮਾਗਮਾਂ ਲਈ ਪਹੁੰਚੇ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਪ੍ਰੀਤ ਸਿੰਘ ਅਤੇ ਭਾਈ ਬਚਿੱਤਰ ਸਿੰਘ ਜੀ ਦੇ ਜੱਥੇ ਨੇ ਰਸ ਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ, ਭਾਈ ਜੀਤ ਸਿੰਘ ਨੇ ਵੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਗੁਰੂ ਸਾਹਿਬ ਜੀ ਦੇ ਜੀਵਨ ਤੇ ਇਤਿਹਾਸ ਬਾਰੇ ਆਈ ਸੰਗਤ ਨੂੰ ਜਾਣਕਾਰੀ ਦਿੱਤੀ। ਭਾਈ ਰਵਿੰਦਰ ਸਿੰਘ ਜੀ ਦਾ ਕੀਰਤਨੀ ਜੱਥਾ ਪਹਿਲੀ ਵਾਰ ਓਹਾਇਓ ਵਿਖੇ ਕੀਰਤਨ ਦੀ ਸੇਵਾ ਲਈ ਪੁੱਜਾ ਸੀ। ਉਨ੍ਹਾਂ ਦੇ ਜੱਥੇ ਨੂੰ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ।
ਇਨ੍ਹਾਂ ਵਿਸ਼ੇਸ਼ ਸਮਾਗਮਾਂ ਵਿੱਚ ਸਿਨਸਿਨਾਟੀ ਦੇ ਲਾਗਲੇ ਸ਼ਹਿਰਾਂ ਡੇਟਨ, ਕੋਲੰਬਸ ਤੋਂ ਇਲਾਵਾ ਨਾਲ ਲੱਗਦੇ ਸੂਬੇ ਕੈਨਟੱਕੀ, ਇੰਡੀਆਣਾ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਇਸ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਤਿੰਨ ਦਿਨਾਂ ਲਈ ਚੱਲੇ ਇਨ੍ਹਾਂ ਵਿਸ਼ੇਸ਼ ਸਮਾਗਮਾਂ ਲਈ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਦਿਲ ਦੇ ਰੋਗਾਂ ਨਾਲ ਸੰਬੰਧਿਤ ਇਕ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਸੰਗਤਾਂ ਦੇ ਈਕੇਜੀ, ਈਸੀਜੀ ਟੈੱਸਟ ਕੀਤੇ ਗਏ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਮੈਡੀਕਲ ਜਾਂਚ ਕੀਤੀ ਅਤੇ ਹਰੇਕ ਵਿਅਕਤੀ ਨੂੰ ਜਾਂਚ ਰਿਪੋਰਟ ਵੀ ਦਿੱਤੀਆਂ ਗਈਆਂ।
Home Page ਸਿਨਸਿਨਾਟੀ ਵਿਖੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਅਤੇ ਗੁਰੂ ਅਰਜਨ...