ਨਗਰ ਕੀਰਤਨ: ਗੁਰਦੁਆਰਾ ਸਾਹਿਬ ਨਾਨਕਸਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਿਲ ਹੋਈਆਂ

ਆਕਲੈਂਡ, 30 ਅਪ੍ਰੈਲ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ਅੱਜ ਖਾਲਸਾ ਸਾਜਨਾ ਦਿਵਸ ਦੇ ਸੰਬੰਧ ‘ਚ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਕੀਤਾ ਗਿਆ। ਨਗਰ ਕੀਰਤਨ ਦੀ ਆਰੰਭਤਾ ਉਪਰੰਤ ਸ਼ਾਨਦਾਰ ਤਰੀਕੇ ਨਾਲ ਸਜੇ ਵੱਡੇ ਖੁੱਲ੍ਹੇ ਟਰੱਕ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਜਾਇਆ ਗਿਆ ਅਤੇ ਗੁਰੂ ਸਾਹਿਬਾਂ ਨੇ ਨਗਰ ਕੀਰਤਨ ਦੀ ਸਰਪ੍ਰਸਤੀ ਕੀਤੀ। ਪੰਜ ਪਿਆਰੇ, ਪੰਜ ਨਿਸ਼ਾਨਚੀ ਅਤੇ ਸਿੱਖ ਬਸਤਰਾਂ ਵਿੱਚ ਸਜੇ ਬੱਚੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸਿੱਖ ਮਾਰਸ਼ਲ ਆਰਟ ਪੇਸ਼ ਕਰਨ ਵਾਸਤੇ ਭਾਈ ਮੰਦੀਪ ਸਿੰਘ ਆਪਣੇ ਗਤਕੇ ਦੇ ਜੱਥੇ ਨਾਲ ਨਗਰ ਕੀਰਤਨ ਦੌਰਾਨ ਅਤੇ ਗੁਰਦੁਆਰਾ ਸਾਹਿਬ ਵਿਖੇ ਜੌਹਰ ਵਿਖਾ ਰਹੇ ਸਨ। ਟਰਾਂਸਪੋਰਟਰ ਸ. ਹਰਜੀਤ ਸਿੰਘ ਗਿੱਲ ਨੇ ਟਰੱਕ ਦੀ ਸੇਵਾ ਕੀਤੀ। ਮੋਟਰ ਸਾਈਕਲਾਂ ਉੱਤੇ ਨੌਜਵਾਨ ਵੀ ਇਸ ਵਾਰ ਨਗਰ ਕੀਰਤਨ ਦੇ ਮੋਹਰੇ-ਮੋਹਰੇ ਚੱਲ ਰਹੇ ਸਨ। ਲੋਕਲ ਬੋਰਡ ਦੇ ਲੇਬਰ ਪਾਰਟੀ ਉਮੀਦਵਾਰ ਸ. ਖੜਗ ਸਿੰਘ ਅਤੇ ਐਨ. ਸਿੰਘ ਵੀ ਨਗਰ ਕੀਰਤਨ ਦੌਰਾਨ ਸੇਵਾ ਕਰਦੇ ਨਜ਼ਰ ਆਏ। ਗੁਰਦੁਆਰਾ ਸਾਹਿਬ ਨੂੰ ਰੰਗ-ਬਰੰਗੀਆਂ ਝੰਡੀਆਂ ਨਾਲ ਸਜਾਇਆ ਗਿਆ ਸੀ। ਕੀਰਤਨ ਆਨ ਵੀਲ੍ਹ: ਨਗਰ ਕੀਰਤਨ ਦੌਰਾਨ ਭਾਈ ਈਸ਼ਵਰ ਸਿੰਘ ਦਾ ਹਜ਼ੂਰੀ ਰਾਗੀ ਜੱਥਾ ਕੀਰਤਨ ਕਰ ਰਿਹਾ ਸੀ। ਭਾਈ ਗੁਰਚਰਨ ਸਿੰਘ ਅਤੇ ਸਾਥੀਆਂ ਨੇ ਬਹੁਤ ਖ਼ੂਬ ਧਾਰਮਿਕ ਰਚਨਾਵਾਂ ਸਰਵਣ ਕਰਵਾਈਆਂ। ਬੱਚੇ ਵੀ ਸ਼ਬਦ ਕੀਰਤਨ ਨਾਲ ਹਾਜ਼ਰੀ ਲਗਵਾ ਰਹੇ ਸਨ। ਬੀਬੀਆਂ ਨਗਰ ਕੀਰਤਨ ਵੇਲੇ ਗੁਰੂ ਸਾਹਿਬ ਦੀ ਉਸਤਤ ਵਿੱਚ ਧਾਰਮਿਕ ਕਵਿਤਾਵਾਂ ਅਤੇ ਸ਼ਬਦ ਗਾਇਣ ਕਰ ਰਹੀਆਂ ਸਨ।
ਲੰਗਰ: ਗੁਰੂ ਕੇ ਲੰਗਰਾਂ ਵਿੱਚ ਛੋਲੇ-ਪਨੀਰ, ਦਾਲ , ਰਾਇਤਾ, ਜਲੇਬੀਆਂ, ਬੇਸਨ ਬਰਫ਼ੀ, ਮਿਕਸ ਪਕੌੜੇ, ਬ੍ਰੈੱਡ ਪਕੌੜੇ, ਗਰਮਾ-ਗਰਮ ਚਾਹ, ਜੂਸ, ਸਲਾਦ ਅਤੇ ਹੋਰ ਬਹੁਤ ਕੁੱਝ ਤਿਆਰ ਕੀਤਾ ਗਿਆ ਸੀ। ਫਲ ਫਰੂਟ ਅਤੇ ਪੇਯਜਲ ਖ਼ੂਬ ਸੰਗਤਾਂ ਨੂੰ ਅਤੇ ਦਰਸ਼ਕਾਂ ਨੂੰ ਵਰਤਾਏ ਗਏ।