ਸ. ਜਗਜੀਤ ਸਿੰਘ ਕਥੂਰੀਆ ਨੇ ‘ਆਸਟਰੇਲੀਅਨ ਮਾਸਟਰਜ਼ ਗੇਮਜ਼ 2022’ ਵਿੱਚ ਸੋਨੇ, ਚਾਂਦੀ ਤੇ ਕਾਂਸੀ ਸਣੇ ਕੁੱਲ 12 ਤਗਮੇ ਜਿੱਤੇ

ਪਰਥ (ਆਸਟਰੇਲੀਆ), 2 ਮਈ (ਕੂਕ ਪੰਜਾਬੀ ਸਮਾਚਾਰ) – ਇੱਥੇ 23 ਅਪ੍ਰੈਲ ਤੋਂ 30 ਅਪ੍ਰੈਲ ਤੱਕ ਹੋਈਆਂ ‘18ਵੀਆਂ ਮਾਸਟਰਜ਼ ਗੇਮਜ਼ 2022′ ਵਿੱਚ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਤੋਂ 84 ਸਾਲਾ ਸ. ਜਗਜੀਤ ਸਿੰਘ ਕਥੂਰੀਆ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਸੋਨੇ, ਚਾਂਦੀ ਅਤੇ ਕਾਂਸੀ ਸਣੇ ਕੁੱਲ 12 ਤਗਮੇ ਜਿੱਤੇ, ਜਿਸ ਵਿੱਚ 5 ਸੋਨੇ, 5 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਿਲ ਹਨ। ਉਨ੍ਹਾਂ ਇਹ ਤਗਮੇ ਜਿੱਤ ਕੇ ਨਿਊਜ਼ੀਲੈਂਡ ਰਹਿੰਦੀ ਭਾਰਤੀ ਅਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ। ਸ. ਜਗਜੀਤ ਸਿੰਘ ਕਥੂਰੀਆ ਨੇ ਇਨ੍ਹਾਂ ਖੇਡਾਂ ਦੇ 80 ਤੋਂ 84 ਸਾਲ ਉਮਰ ਵਰਗ ਦੀਆਂ ਖੇਡਾਂ ਵਿੱਚ ਭਾਗ ਲਿਆ।
ਜ਼ਿਕਰਯੋਗ ਹੈ ਕਿ ਸ. ਜਗਜੀਤ ਸਿੰਘ ਕਥੂਰੀਆ ਪਹਿਲਾਂ ਵੀ ਨਿਊਜ਼ੀਲੈਂਡ ਮਾਸਟਰ ਗੇਮਾਂ ਦੇ ਵਿੱਚ ਭਾਗ ਲੈ ਕੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਦੇ ਰਹੇ ਹਨ। ਉਨ੍ਹਾਂ ਨੇ ਮਾਸਟਰ ਖੇਡਾਂ ਦੇ ਵਿੱਚ ਭਾਗ ਲੈਣ ਦਾ ਸਫ਼ਰ 2019 ਦੇ ਵਿੱਚ ਨਿਊਜ਼ੀਲੈਂਡ ਮਾਸਟਰ ਗੇਮਾਂ ਤੋਂ ਸ਼ੁਰੂ ਕੀਤਾ ਸੀ। ‘18ਵੀਆਂ ਮਾਸਟਰਜ਼ ਗੇਮਜ਼ 2022′ ਵਿੱਚ ਉਨ੍ਹਾਂ ਨੇ 13 ਐਥਲੈਟਿਕਸ ਖੇਡਾਂ ਦੇ ਵੱਖ-ਵੱਖ ਵਰਗਾਂ ਵਿੱਚ ਭਾਗ ਲਿਆ ਅਤੇ 12 ਤਗਮੇ ਹਾਸਿਲ ਕੀਤੇ।
ਸ. ਜਗਜੀਤ ਸਿੰਘ ਕਥੂਰੀਆ ਦੀਆਂ ਖੇਡਾਂ ਤੇ ਉਸ ਵਿੱਚ ਜਿੱਤੇ ਤਗਮਿਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ :-
1. 1500 ਪੈਦਲ ਵਾਕ : ਸੋਨੇ ਦਾ ਤਗਮਾ
2. ਜੈਵਲਿਨ ਥ੍ਰੋਅ : ਸੋਨੇ ਦਾ ਤਗਮਾ
3. ਹੈਮਰ ਥ੍ਰੋਅ : ਸੋਨੇ ਦਾ ਤਗਮਾ
4. ਸ਼ਾਟ ਪੁੱਟ : ਸੋਨੇ ਦਾ ਤਗਮਾ
5. ਪੈਨਟਾਥਲੋਨ ਥ੍ਰੋਅ : ਸੋਨੇ ਦਾ ਤਗਮਾ
6. ਲੌਂਗ ਜੰਪ : ਚਾਂਦੀ ਦਾ ਤਗਮਾ
7. ਟ੍ਰਿਪਲ ਜੰਪ : ਚਾਂਦੀ ਦਾ ਤਗਮਾ
8. ਡਿਸਕਸ ਥ੍ਰੋਅ : ਚਾਂਦੀ ਦਾ ਤਗਮਾ
9. ਵੇਟ ਥ੍ਰੋਅ : ਚਾਂਦੀ ਦਾ ਤਗਮਾ
10. 200 ਮੀਟਰ ਦੌੜ : ਚਾਂਦੀ ਦਾ ਤਗਮਾ
11. 60 ਮੀਟਰ ਦੌੜ : ਕਾਂਸੀ ਦਾ ਤਗਮਾ
12. 100 ਮੀਟਰ ਦੌੜ : ਕਾਂਸੀ ਦਾ ਤਗਮਾ
13. 3000 ਮੀਟਰ ਪੈਦਲ ਦੌੜ : ਉਨ੍ਹਾਂ ਦੱਸਿਆ ਕਿ ਇਸ ਦੌੜ ਦੇ ਵਿੱਚ ਉਹ ਸਿਰਫ਼ 10 ਮਿੰਟ ਲੇਟ ਹੋਣ ਕਾਰਣ, ਉਨ੍ਹਾਂ ਨੂੰ ਦੌੜ ਵਿੱਚ ਭਾਗ ਨਹੀਂ ਲੈਣ ਦਿੱਤਾ ਗਿਆ। ਗੌਰਤਲਬ ਹੈ ਕਿ ਇਸ ਦੌੜ ਵਿੱਚ ਉਨ੍ਹਾਂ ਦੇ ਮੁਕਾਬਲੇ ਵਿੱਚ ਕੋਈ ਹੋਰ ਹੈ ਵੀ ਨਹੀਂ ਸੀ।