ਆਕਲੈਂਡ, 4 ਮਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਸਿੱਖ ਗੇਮਜ਼ (ਐਨਜ਼ੈੱਡਐੱਸਜੀ) ਦੀ ਪ੍ਰਬੰਧਕੀ ਕਮੇਟੀ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਇਨਡੋਰ ਅਤੇ ਆਊਟਡੋਰ (ਹਾਲ ਕਮਰਿਆਂ ਦੇ ਅੰਦਰ ਅਤੇ ਖੁੱਲ੍ਹੇ ਖੇਡ ਮੈਦਾਨਾਂ) ਦੇ ਵਿੱਚ ਵੱਡੇ ਇਕੱਠ ਕਰਨ ਦੀ ਇਜਾਜ਼ਤ ਹੁਣ ਦੇ ਦਿੱਤੀ ਹੈ। ਅਜਿਹੇ ਦੇ ਵਿੱਚ ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਪ੍ਰਬੰਧਕੀ ਕਮੇਟੀ ਵੀ ‘ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਗੇਮਜ਼’ ਦੀ ਤਿਆਰੀ ਵਿੱਚ ਜੁੱਟ ਗਈ ਹੈ।
ਐਨਜ਼ੈੱਡਐੱਸਜੀ ਦੇ ਪ੍ਰਬੰਧਕ ਕਮੇਟੀ ਨੇ ਇੱਕ ਸੰਖੇਪ ਮੀਟਿੰਗ ਦੇ ਵਿੱਚ ਜਿੱਥੇ ਮੌਜੂਦਾ ਕੋਰੋਨਾ ਹਲਾਤਾਂ ਦਾ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਪੜਾਅ ਵਾਰ ਖੁੱਲ੍ਹਣ ਉੱਤੇ ਤਸੱਲੀ ਪ੍ਰਗਟ ਕੀਤੀ ਉੱਥੇ ਇਹ ਫ਼ੈਸਲਾ ਲੈ ਲਿਆ ਹੈ ਕਿ ਵਾਅਦੇ ਦੇ ਮੁਤਾਬਿਕ ਇਸ ਵਾਰ ਇਹ ਖੇਡਾਂ ਦੁੱਗਣੇ ਉਤਸ਼ਾਹ ਅਤੇ ਹੋਰ ਵਧੀਆ ਪ੍ਰਬੰਧਾਂ ਨਾਲ ਆਯੋਜਿਤ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਪਿਛਲੇ ਸਾਲਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਵਧੀਆਂ ਹੋਈਆਂ ਕੀਮਤਾਂ ਤੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਖੇਡਾਂ ਇਸ ਵਾਰ ਇਕ ਮਿਲੀਅਨ ਦੇ ਖ਼ਰਚੇ ਵਿੱਚ ਨੇਪਰੇ ਚੜ੍ਹਨਗੀਆਂ। ਇਸ ਤੋਂ ਪਹਿਲਾਂ ਇਨ੍ਹਾਂ ਦਾ ਖਰਚਾ 7-8 ਲੱਖ ਤੱਕ ਪੁੱਜਦਾ ਰਿਹਾ ਹੈ।
ਐਨਜ਼ੈੱਡਐੱਸਜੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਖੇਡਾਂ ਨਵੰਬਰ ਮਹੀਨੇ ਦੇ ਕਿਸ ਹਫ਼ਤੇ ਹੋਣਗੀਆਂ, ਇਸ ਬਾਰੇ 26 ਜੂਨ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਦੇ ਕਾਨਫ਼ਰੰਸ ਹਾਲ ਦੇ ਵਿੱਚ ਮੀਡੀਆ, ਖੇਡਾਂ ਕਲੱਬਾਂ ਅਤੇ ਕਮਿਊਨਿਟੀ ਨੂੰ ਦੱਸਿਆ ਜਾਵੇਗਾ ਅਤੇ ਇਸ ਦਿਨ ਆਸ ਹੈ ਕਿ ਨਿਊਜ਼ੀਲੈਂਡ ਸਿੱਖ ਗੇਮਜ਼ ਸਬੰਧੀ ਐਪ ਵੀ ਜਾਰੀ ਕੀਤੀ ਜਾਵੇ।
Home Page ਐਨਜ਼ੈੱਡਐੱਸਜੀ: ਪ੍ਰਬੰਧਕਾਂ ਵੱਲੋਂ 26 ਜੂਨ ਨੂੰ ‘ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਗੇਮਜ਼’...