ਖ਼ਬਰਦਾਰ! ਪਟਿਆਲਵੀਆਂ ਦੀ ਗੂੜ੍ਹੀ ਭਾਈਚਾਰਕ ਸਾਂਝ ਨੂੰ ਖੋਰਾ ਨਾ ਲਾਓ!

ਲੇਖਕ – ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ: +91 94178 13072, E-mail: ujagarisngh48@yahoo.com

ਭਾਰਤ ਧਰਮ ਨਿਰਪੱਖ ਦੇਸ਼ ਹੈ। ਇੱਥੇ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਂਦਾ ਹੈ। ਧਰਮ ਵੈਸੇ ਵੀ ਨਿੱਜੀ ਮਾਮਲਾ ਹੈ। ਹਰ ਇਕ ਨਾਗਰਿਕ ਨੂੰ ਆਪਣੀ ਮਰਜ਼ੀ ਅਨੁਸਾਰ ਆਪਣੇ ਧਰਮ ਦੀ ਚੋਣ ਕਰਨ ਦਾ ਅਧਿਕਾਰ ਹੈ ਪ੍ਰੰਤੂ ਕਿਸੇ ਨੂੰ ਦੂਜੇ ਦੇ ਧਰਮ ਵਿੱਚ ਦਖ਼ਲਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ। ਕੋਈ ਵੀ ਨਾਗਰਿਕ ਕਿਸੇ ਦੂਜੇ ਨਾਗਰਿਕ ਦੇ ਧਰਮ ਦਾ ਨਿਰਾਦਰ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ। ਪਟਿਆਲਾ ਪੰਜਾਬ ਵਿੱਚ ਗੂੜ੍ਹੀ ਭਾਈਚਾਰਕ ਸਾਂਝ ਦਾ ਬਿਹਤਰੀਨ ਪ੍ਰਤੀਕ ਸ਼ਹਿਰ ਰਿਹਾ ਹੈ। ਇਸ ਸ਼ਹਿਰ ਨੂੰ ਪੰਜਾਬ ਦੇ ਸਭਿਆਚਾਰ ਦਾ ਕੇਂਦਰੀ ਧੁਰਾ ਕਿਹਾ ਜਾਂਦਾ ਹੈ। ਇੱਥੋਂ ਦੇ ਬਾਸ਼ਿੰਦੇ ਪੜ੍ਹੇ ਲਿਖੇ ਅਤੇ ਸੂਝਵਾਨ ਹਨ। ਛੇਤੀ ਕੀਤਿਆਂ ਇਨ੍ਹਾਂ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਕਈ ਵਾਰ ਧਾਰਮਿਕ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਜ਼ਰੂਰ ਜਾਂਦੇ ਹਨ। ਇਸ ਸ਼ਹਿਰ ਅਤੇ ਆਲੇ ਦੁਆਲੇ ਦੇ ਕੁੱਝ ਕੁ ਮੁੱਠੀ ਭਰ ਲੋਕਾਂ ਨੂੰ ਪਟਿਆਲਵੀਆਂ ਦੀ ਖ਼ੁਸ਼ਨਸੀਬੀ, ਦਰਿਆ-ਦਿਲੀ ਅਤੇ ਖ਼ੁਸ਼ਹਾਲੀ ਬਰਦਾਸ਼ਤ ਨਹੀਂ ਹੁੰਦੀ। ਉਹ ਹਮੇਸ਼ਾ ਇਸ ਸਾਂਝ ਨੂੰ ਖੋਰਾ ਲਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹ ਮਾਸੂਮ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਅਜਿਹਾ ਕਰਦੇ ਹਨ। ਇਸ ਮੰਤਵ ਲਈ ਉਹ ਸਿਰਫ਼ ਤੇ ਸਿਰਫ਼ ਅਫ਼ਵਾਹਾਂ ਦਾ ਸਹਾਰਾ ਲੈਂਦੇ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਸਾਰਥਿਕ ਦਲੀਲ ਤਾਂ ਹੁੰਦੀ ਨਹੀਂ। ਅਫ਼ਵਾਹ ਦੇ ਅਰਥ ਹੀ ਇਹ ਹੁੰਦੇ ਹਨ ਕਿ ਇਹ ਪੱਕੀ ਗੱਲ ਨਹੀਂ, ਪਤਾ ਨਹੀਂ ਫਿਰ ਵੀ ਲੋਗ ਕਿਉਂ ਅਫ਼ਵਾਹਾਂ ਦੇ ਮਗਰ ਲੱਗਦੇ ਹੋਏ ਇਨ੍ਹਾਂ ‘ਤੇ ਵਿਸ਼ਵਾਸ ਕਰਦੇ ਹਨ। ਅਫ਼ਵਾਹ ਦੀ ਤਹਿ ਵਿੱਚ ਤਹਿਕੀਕ ਕਰਨ ਦੀ ਥਾਂ ਧਾਰਮਿਕ ਭਾਵਨਾਵਾਂ ਵਿੱਚ ਵਹਿ ਕੇ ਕੁੱਝ ਲੋਕ ਅਮਨ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਹਨ। ਸ਼ਰਾਰਤੀ ਲੋਕ ਆਪ ਤਾਂ ਅਜਿਹੇ ਮੌਕਿਆਂ ਤੇ ਪਿੱਛੇ ਰਹਿ ਕੇ ਹਵਾ ਦਿੰਦੇ ਹਨ, ਅਣਭੋਲ ਅਤੇ ਮਾਸੂਮ ਲੋਕਾਂ ਨੂੰ ਜੋਖ਼ਮ ਵਿੱਚ ਪਾ ਕੇ ਬਲੀ ਦੇ ਬੱਕਰੇ ਬਣਾ ਦਿੰਦੇ ਹਨ। ਕਹਿਣ ਤੋਂ ਭਾਵ ‘ਅੱਗ ਲਾਈ ਡੱਬੂ ਕੰਧ ‘ਤੇ’ ਦੀ ਕਹਾਵਤ ਅਨੁਸਾਰ ਆਪ ਮੌਕੇ ਤੋਂ ਖਿਸਕ ਜਾਂਦੇ ਹਨ। ਮੈਂ ਉਨ੍ਹਾਂ ਦੀਆਂ ਹਰਕਤਾਂ ਪਿਛਲੀ ਅੱਧੀ ਸਦੀ ਤੋਂ ਵੇਖਦਾ ਆ ਰਿਹਾ ਹਾਂ। ਅਜਿਹੀਆਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਵੀ ਰਿਹਾ ਹਾਂ। ਸਿਰ ਝੁਕਦਾ ਹੈ ਪਟਿਆਲਵੀਆਂ ਦੀ ਸਿਆਣਪ ਦੇ ਕਿ ਉਹ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਮੂੰਹ ਨਹੀਂ ਲਾਉਂਦੇ। ਵਰਤਮਾਨ ਘਟਨਾ ਬਾਰੇ ਵੀ ਅਫ਼ਵਾਹਾਂ ਦਾ ਜ਼ੋਰ ਗਰਮ ਹੈ। ਪਟਿਆਲਾ ਸਥਿਤ ਮਾਤਾ ਕਾਲੀ ਦੇਵੀ ਮੰਦਰ ਦੀ ਸਥਾਪਨਾ ਹੀ ਇਕ ਸਿੱਖ ਮਹਾਰਾਜਾ ਨੇ ਕੀਤੀ ਸੀ। ਇੱਥੇ ਮੱਥਾ ਟੇਕਣ ਵਾਲਿਆਂ ਵਿੱਚ 40 ਫ਼ੀਸਦੀ ਸਿੱਖ ਭਾਈਚਾਰੇ ਨਾਲ ਸਬੰਧਿਤ ਲੋਕ ਹੁੰਦੇ ਹਨ। ਏਸੇ ਤਰ੍ਹਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਲਗਪਗ ਇਤਨੇ ਹੀ ਹਿੰਦੂ ਭਾਈਚਾਰੇ ਦੇ ਲੋਕ ਹੁੰਦੇ ਹਨ। ਪਟਿਆਲਵੀਆਂ ਦੇ ਭਾਈਚਾਰਕ ਸੰਬੰਧ ਬਹੁਤ ਗੂੜ੍ਹੇ ਹਨ। ਇੱਥੋਂ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਦੀ ਵੀ ਸਫਲ ਨਹੀਂ ਹੁੰਦੀਆਂ ਪ੍ਰੰਤੂ ਕੁੱਝ ਸਮੇਂ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਬਣਦੀਆਂ ਹਨ। ਕੁੱਝ ਉਦਾਹਰਨਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਅਜਿਹੇ ਲੋਕਾਂ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।
ਮੈਂ ਦਸਵੀਂ ਪਾਸ ਕਰਕੇ ਆਪਣੇ ਪਿੰਡ ਕੱਦੋਂ ਤੋਂ ਪਟਿਆਲਾ 1967 ਵਿੱਚ ਆ ਗਿਆ ਸੀ। ਵਿਦਿਆਰਥੀ ਜੀਵਨ ਵਿੱਚ ਅਖਾਉਤੀ ਨੇਤਾਵਾਂ ਵੱਲੋਂ ਵਿਦਿਆਰਥੀਆਂ ਨੂੰ ਗੁਮਰਾਹ ਕਰਦੇ ਵੀ ਅੱਖੀਂ ਵੇਖਿਆ ਹੈ। ਕੁੱਝ ਏਜੰਸੀਆਂ ਦੀਆਂ ਸਰਗਰਮੀਆਂ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਮਿਲਿਆ ਹੈ। ਸਭ ਤੋਂ ਪਹਿਲਾਂ ਮੈਂ ਪਟਿਆਲਾ ਦੇ ਧਾਰਮਿਕ ਸਥਾਨਾਂ ਨੂੰ ਅਪਵਿੱਤਰ ਕਰਨ ਦੀਆਂ ਕਾਰਵਾਈਆਂ ਦੇ ਮੌਕੇ ਲੋਕ ਅਫ਼ਵਾਹਾਂ ਕਰਕੇ ਗੁਮਰਾਹ ਹੁੰਦੇ ਵੇਖੇ ਅਤੇ ਉਸ ਦੇ ਇਵਜ਼ ਵਜੋਂ ਪਟਿਆਲਵੀਆਂ ਦੀ ਖੁੱਲ੍ਹਦਿਲੀ, ਸਹਿਜਤਾ, ਫਰਾਕ ਦਿਲੀ, ਸਾਂਝੀਵਾਲਤਾ ਅਤੇ ਸਹਿਣਸ਼ੀਲਤਾ ਦਾ ਵੀ ਮੌਕੇ ਦਾ ਗਵਾਹ ਰਿਹਾ ਹਾਂ। ਸ਼ਰਾਰਤੀ ਅਨਸਰਾਂ ਦੀਆਂ ਹਰਕਤਾਂ ਮੂਹਰੇ ਅਜਿਹੇ ਮੌਕਿਆਂ ‘ਤੇ ਜ਼ਿਲ੍ਹਾ ਪ੍ਰਬੰਧ ਅਤੇ ਸਰਕਾਰਾਂ ਬੇਬਸ ਹੁੰਦੀਆਂ ਵੇਖੀਆਂ ਹਨ। ਜ਼ਿਲ੍ਹਾ ਪ੍ਰਬੰਧ ਇਨਸਾਨੀਅਤ ਦੇ ਨਾਤੇ ਗ਼ੈਰ ਸਮਾਜੀ ਅਨਸਰਾਂ ਨਾਲ ਗ਼ੈਰ ਮਨੁੱਖੀ ਵਿਵਹਾਰ ਕਰਨ ਤੋਂ ਪਾਸਾ ਵਟਦੀਆਂ ਹਨ ਕਿਉਂਕਿ ਲੋਕ ਰਾਏ ਉਨ੍ਹਾਂ ਦੇ ਵਿਰੁੱਧ ਨਾ ਹੋ ਜਾਵੇ। ਜ਼ਿਲ੍ਹਾ ਪ੍ਰਬੰਧ ਦੀਆਂ ਮਜਬੂਰੀਆਂ ਬਾਰੇ ਵੀ ਭਲੀ ਭਾਂਤ ਜਾਣਦਾ ਹਾਂ। ਸਥਾਨਕ ਨੇਤਾਵਾਂ ਦੀ ਦਖ਼ਲ ਅੰਦਾਜ਼ੀ ਵੀ ਵੇਖੀ ਹੈ। ਇਸ ਲਈ ਪਟਿਆਲਵੀਆਂ ਅਤੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਸੰਜੀਦਗੀ ਤੋਂ ਕੰਮ ਲੈਂਦੇ ਹੋਏ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਸਗੋਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਨਕੇਲ ਪਾਉਣ ਵਿੱਚ ਜ਼ਿਲ੍ਹਾ ਪ੍ਰਬੰਧ ਨੂੰ ਸਹਿਯੋਗ ਦੇਣ ਤਾਂ ਜੋ ਪਟਿਆਲਵੀ ਅਤੇ ਪੰਜਾਬੀ ਸ਼ਾਂਤਮਈ ਢੰਗ ਨਾਲ ਆਪਣਾ ਜੀਵਨ ਬਸਰ ਕਰ ਸਕਣ। ਬਹਿਕਾਵੇ ਵਿੱਚ ਆਉਣ ਤੋਂ ਪਰਹੇਜ਼ ਕਰਨ। ਜੇਕਰ ਤੁਸੀਂ ਗ਼ੈਰ ਸਮਾਜੀ ਅਨਸਰਾਂ ਦੇ ਮਗਰ ਲੱਗੋਗੇ ਤਾਂ ਆਪਣੇ ਪਰਿਵਾਰਾਂ ਅਤੇ ਪੰਜਾਬ ਦਾ ਨੁਕਸਾਨ ਕਰੋਗੇ। ਮੈਂ ਪਟਿਆਲਾ ਵਿਖੇ 25 ਸਾਲ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਿਆਂ ਜ਼ਿਲ੍ਹਾ ਪ੍ਰਬੰਧ ਦਾ ਅੰਗ ਬਣ ਕੇ ਫ਼ਰਜ਼ ਨਿਭਾਉਂਦਾ ਰਿਹਾ ਹਾਂ। ਇਸ ਲਈ ਮੈਨੂੰ ਇਨ੍ਹਾਂ ਗ਼ੈਰ ਸਮਾਜੀ ਅਨਸਰਾਂ ਦੀਆਂ ਸਰਗਰਮੀਆਂ ਦੀ ਪੂਰੀ ਜਾਣਕਾਰੀ ਹੈ। ਪਟਿਆਲਾ ਦੇ ਦੁਕਾਨਦਾਰਾਂ ਦੇ ਰਸਤੇ ਵਿੱਚ ਆਈਆਂ ਅਨੇਕਾਂ ਮੁਸ਼ਕਲਾਂ ਨੂੰ ਵੀ ਵੇਖਿਆ ਹੈ। ਉਨ੍ਹਾਂ ਦੇ ਕਾਰੋਬਾਰ ਬੰਦ ਅਤੇ ਤਬਾਹ ਹੁੰਦੇ ਵੇਖੇ ਹਨ। ਦੁਕਾਨਦਾਰ ਅਤੇ ਕਾਰੋਬਾਰੀ ਅਜਿਹੇ ਹਾਲਾਤਾਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਗ਼ੈਰ ਸਮਾਜੀ ਅਨਸਰ ਇਨ੍ਹਾਂ ਤੋਂ ਹੀ ਚੰਦਾ ਲੈਂਦੇ ਹਨ ਅਤੇ ਇਨ੍ਹਾਂ ਦਾ ਹੀ ਨੁਕਸਾਨ ਕਰਦੇ ਹਨ। ਕਰਫ਼ਿਊ ਦੌਰਾਨ ਮੈਂ ਨਿੱਕੇ-ਨਿੱਕੇ ਮਾਸੂਮ ਬੱਚੇ ਦੁੱਧ ਨੂੰ ਵਿਲਕਦੇ ਵੇਖੇ ਹਨ। ਜ਼ਰੂਰੀ ਵਸਤਾਂ ਦੇ ਭਾਅ ਅਸਮਾਨ ਨੂੰ ਚੜ੍ਹ ਜਾਂਦੇ ਹਨ। ਆਮ ਲੋਕ ਇਸ ਦਾ ਨੁਕਸਾਨ ਉਠਾਉਂਦੇ ਹਨ। ਇਕ ਤਾਂ ਕਾਰੋਬਾਰ ਬੰਦ ਹੋ ਜਾਂਦੇ ਹਨ। ਦੂਜੇ ਸਾਮਾਨ ਮਹਿੰਗਾ ਹੋ ਜਾਂਦਾ ਹੈ। ਇਸ ਲਈ ਪਟਿਆਲਵੀਆਂ ਅਤੇ ਪੰਜਾਬੀਆਂ ਨੂੰ ਸਲਾਹ ਹੈ ਕਿ ਉਹ ਮੁੱਠੀ ਭਰ ਲੋਕਾਂ ਦੇ ਬਹਿਕਾਵੇ ਵਿੱਚ ਨਾ ਆਉਣ ਸਗੋਂ ਅਮਨ ਤੇ ਸ਼ਾਂਤੀ ਬਹਾਲ ਕਰਨ ਵਿੱਚ ਸਹਿਯੋਗ ਦੇਣ।
ਮੈਂ ਆਪਣੇ ਨਿੱਜੀ ਤਜਰਬੇ ਦੇ ਆਧਾਰ ਤੇ ਕਹਿ ਰਿਹਾ ਹਾਂ। ਮੇਰਾ ਸਿਆਸਤ ਨਾਲ ਕੋਈ ਤੁਅੱਲਕ ਨਹੀਂ ਪ੍ਰੰਤੂ ਆਮ ਲੋਕਾਂ ਦੇ ਹਿਤਾਂ ਲਈ ਇਹ ਦੱਸਣਾ ਜ਼ਰੂਰੀ ਹੈ। ਕੁੱਝ ਉਦਾਹਰਨਾਂ ਨਾਲ ਤੁਹਾਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਜਦੋਂ 1970-72 ਵਿੱਚ ਕੁੱਝ ਸੰਸਥਾਵਾਂ ਦਾ ਟਕਰਾਓ ਚੱਲ ਰਿਹਾ ਸੀ। ਪਟਿਆਲਾ ਵਿੱਚ ਵੀ ਕਰਫ਼ਿਊ ਲੱਗਿਆ ਹੋਇਆ ਸੀ। ਅਸੀਂ ਕੁੱਝ ਨੌਜਵਾਨ ਦੋਸਤ ਮਿਲ ਕੇ ਤਵੱਕਲੀ ਮੋੜ ‘ਤੇ ਕਿਰਪਾਲ ਸਿੰਘ ਦੇ ਘਰ ਦਫ਼ਤਰ ਬਣਾ ਕੇ ਪੰਜਾਬੀ ਦਾ ਸਾਹਿਤਕ ਮਾਸਿਕ ਰਸਾਲਾ ‘ਵਹਿਣ’ ਪ੍ਰਕਾਸ਼ਿਤ ਕਰਦੇ ਸੀ। ਅਸੀਂ ਅਜੇ ਵਿਦਿਆਰਥੀ ਹੋਣ ਕਰਕੇ ਆਪਣੇ ਰਸਾਲੇ ਵਿੱਚ ਭਖਦੇ ਮਸਲਿਆਂ ਬਾਰੇ ਵੀ ਥੋੜ੍ਹੇ ਜਜ਼ਬਾਤੀ ਸੰਪਾਦਕੀ ਲਿਖ ਦਿੰਦੇ ਸੀ। ਉਦੋਂ ਸਾਡੇ ਕੋਲ ਸ਼ੱਕ ਹੈ ਕਿਸੇ ਏਜੰਸੀ ਦਾ ਇਕ ਵਿਅਕਤੀ ਆਇਆ ਅਤੇ ਕਹਿਣ ਲੱਗਾ ਕਿ ਉਹ ਰਸਾਲੇ ਦੀ ਛਪਾਈ ਦਾ ਸਾਰਾ ਖ਼ਰਚਾ ਦੇਵੇਗਾ ਪ੍ਰੰਤੂ ਉਨ੍ਹਾਂ ਅਨੁਸਾਰ ਰਸਾਲੇ ਵਿੱਚ ਲਿਖਿਆ ਜਾਵੇ। ਅਸੀਂ ਨੌਜਵਾਨ ਸੀ , ਸਾਨੂੰ ਉਸ ਦੇ ਨਤੀਜਿਆਂ ਬਾਰੇ ਸੋਝੀ ਨਹੀਂ ਸੀ, ਅਸੀਂ ਖ਼ੁਸ਼ ਹੋ ਗਏ ਕਿ ਹੁਣ ਪੈਸੇ ਖ਼ਰਚਣੇ ਨਹੀਂ ਪੈਣਗੇ। ਜਦੋਂ ਅਸੀਂ ਸਾਡੀ ਰਹਿਨੁਮਾਈ ਕਰ ਰਹੇ ਹਰਸ਼ਰਨ ਸਿੰਘ ਕੀੜੂ ਦੇ ਰਿਸ਼ਤੇਦਾਰ ਡਾ. ਅਜਮੇਰ ਸਿੰਘ ਨਾਲ ਸਲਾਹ ਕੀਤੀ ਜੋ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਸਨ। ਉਨ੍ਹਾਂ ਸਾਨੂੰ ਦੱਸਿਆ ਕਿ ਇਹ ਤੁਹਾਨੂੰ ਗੁਮਰਾਹ ਕਰਕੇ ਬਲੈਕ ਮੇਲ ਕਰਨਾ ਚਾਹੁੰਦੇ ਹਨ। ਐਵੇਂ ਲਾਲਚ ਵੱਸ ਉਨ੍ਹਾਂ ਦੇ ਵਿਛਾਏ ਜਾਲ ਵਿੱਚ ਫਸ ਨਾ ਜਾਇਓ। ਅਸੀਂ ਉਨ੍ਹਾਂ ਦੀ ਆਫ਼ਰ ਠੁਕਰਾ ਦਿੱਤੀ। ਉਸ ਤੋਂ ਬਾਅਦ ਨੌਕਰੀ ਦੌਰਾਨ ਬਲਿਊ ਸਟਾਰ ਅਪ੍ਰੇਸ਼ਨ ਦੇ ਮੌਕੇ ਸਮੁੱਚੇ ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਸੀ ਤਾਂ ਇਕ ਸਥਾਨਕ ਵਿਅਕਤੀ ਨੇ ਟੈਲੀਫ਼ੋਨ ‘ਤੇ ਅਫ਼ਵਾਹ ਫੈਲਾ ਦਿੱਤੀ ਕਿ ਇਕ ਫ਼ਿਰਕੇ ਦੇ ਲੋਕਾਂ ਨੇ ਅਨਾਰਦਾਣਾ ਚੌਕ ਵਿੱਚ ਬਲਿਊ ਸਟਾਰ ਦੀ ਖ਼ੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਹਨ। ਪੁਲਿਸ ਤੁਰੰਤ ਪਹੁੰਚ ਗਈ, ਉਸ ਥਾਂ ‘ਤੇ ਕੁੱਝ ਵੀ ਨਹੀਂ ਸੀ। ਹਾਲਾਂ ਕਿ ਉਨ੍ਹਾਂ ਦਿਨਾ ਵਿੱਚ ਪੰਜਾਬ ਵਿੱਚ ਲਗਾਤਾਰ ਕਰਫ਼ਿਊ ਲੱਗਾ ਰਹਿਣ ਕਰਕੇ ਕੋਈ ਮਠਿਆਈ ਬਣਾਈ ਹੀ ਨਹੀਂ ਜਾ ਸਕਦੀ ਸੀ। ਪੰਦਰਾਂ ਦਿਨ ਤਾਂ ਪੰਜਾਬ ਬੰਦ ਰਿਹਾ ਸੀ। ਜਦੋਂ ਪੁਲਿਸ ਨੇ ਤਹਿਕੀਕਾਤ ਕੀਤੀ ਤਾਂ ਉਹ ਵਿਅਕਤੀ ਕਹਿਣ ਲੱਗਿਆ ਕਿ ਲੱਡੂ ਨਹੀਂ ਚੌਲ ਵੰਡੇ ਸਨ। ਜਦੋਂ ਪੁਲਿਸ ਨੇ ਸ਼ਿਕੰਜਾ ਕੱਸਿਆ ਤਾਂ ਫਿਰ ਉਸ ਨੇ ਆਪਣੀ ਗ਼ਲਤੀ ਮੰਨ ਕੇ ਖਹਿੜਾ ਛਡਾਇਆ। ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ, ਜਿਹੜੀਆਂ ਨਿਰੀਆਂ ਅਫ਼ਵਾਹਾਂ ਹੁੰਦੀਆਂ ਸਨ। ਕੁੱਝ ਵਿਅਕਤੀਆਂ ਦਾ ਕੰਮ ਹੀ ਇਹੋ ਹੁੰਦਾ ਹੈ ਕਿ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹਿੰਦੇ ਹਨ। ਖ਼ਾਸ ਤੌਰ ‘ਤੇ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਧਰਮ ਸਾਰੇ ਬਰਾਬਰ ਅਤੇ ਇੱਕੋ ਜਿਹਾ ਸੰਦੇਸ਼ ਆਪਸੀ ਮਿਲਵਰਤਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਦਿੰਦੇ ਹਨ। ਪੰਜਾਬ ਦੇ ਹਿੰਦੂ ਅਤੇ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਪਟਿਆਲਵੀਆਂ ਨੇ ਹਮੇਸ਼ਾ ਸ਼ਾਂਤੀ ਬਣਾਈ ਰੱਖੀ ਹੈ। ਇਸ ਲਈ ਜ਼ਿਲ੍ਹਾ ਪ੍ਰਬੰਧ ਅਤੇ ਸਰਕਾਰ ਨੂੰ ਵੀ ਸਹੀ ਮੌਕੇ ‘ਤੇ ਸਹੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਗੁਮਰਾਹ ਹੋਣ ਦਾ ਮੌਕਾ ਹੀ ਨਾ ਦਿੱਤਾ ਜਾ ਸਕੇ। ਸਿਆਸਤਦਾਨਾਂ ਨੂੰ ਬੇਨਤੀ ਹੈ ਕਿ ਉਨ੍ਹਾਂ ਨੂੰ ਸਿਆਸਤ ਕਰਨ ਦੇ ਹੋਰ ਬਥੇਰੇ ਮੌਕੇ ਮਿਲਣਗੇ ਪ੍ਰੰਤੂ ਪੰਜਾਬ ਦੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਦੂਸ਼ਣਬਾਜ਼ੀ ਤੋਂ ਪਰਹੇਜ਼ ਕਰਨ।