ਮਿਸੀਸਿੱਪੀ ਦਰਿਆ ਵਿੱਚ ਡੁੱਬੇ 3 ਬੱਚਿਆਂ ਵਿੱਚੋਂ 2 ਦੀਆਂ ਲਾਸ਼ਾਂ ਬਰਾਮਦ, ਤੀਸਰੇ ਬੱਚੇ ਦੀ ਤਲਾਸ਼ ਜਾਰੀ

ਹੈਲੀਕਾਪਟਰ ਦੀ ਮਦਦ ਨਾਲ ਮਿਸੀਸਿੱਪੀ ਦਰਿਆ ਵਿੱਚ ਡੁੱਬੇ ਬੱਚਿਆਂ ਦੀ ਕੀਤੀ ਜਾ ਰਹੀ ਤਲਾਸ਼

ਸੈਕਰਾਮੈਂਟੋ, 7 ਮਈ (ਹੁਸਨ ਲੜੋਆ ਬੰਗਾ) – ਮਿਸੀਸਿੱਪੀ ਦਰਿਆ ਵਿੱਚ ਡੁੱਬੇ 3 ਬੱਚਿਆਂ ਵਿੱਚੋਂ 2 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦੋਂ ਕਿ ਤੀਸਰੇ ਬੱਚੇ ਦੀ ਭਾਲ ਜਾਰੀ ਹੈ। ਨਿਊ ਓਰਲੀਨਜ਼ ਦੇ ਮੇਅਰ ਨੇ ਇਹ ਜਾਣਕਾਰੀ ਦਿੱਤੀ ਹੈ। ਮੇਅਰ ਲਾਟੋਇਆ ਕੈਂਟਰੈਲ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਲੰਘੀ ਰਾਤ 14 ਸਾਲਾ ਬਰੈਂਡੀ ਵਿਲਸਨ ਨਾਮੀ ਲੜਕੀ ਦੀ ਲਾਸ਼ ਦਰਿਆ ਵਿੱਚੋਂ ਲੱਭ ਲਈ ਗਈ ਹੈ। ਪਿਛਲੇ ਮਹੀਨੇ ਦੇ ਅੰਤ ਵਿੱਚ ਨਿਊ ਓਰਲੀਨਜ਼ ਵਿੱਚ ਕਰੈਸੈਂਟ ਸ਼ਹਿਰ ਨਾਲ ਜੁੜਦੇ ਪੁਲ ਨੇੜੇ ਵਿਲਸਨ ਤੋਂ ਇਲਾਵਾ 15 ਸਾਲਾ ਕੈਵਿਨ ਪੂਲ ਜੁਨੀਅਰ ਤੇ 8 ਸਾਲਾ ਇੱਕ ਹੋਰ ਬੱਚੇ ਨੂੰ ਵੇਖਿਆ ਗਿਆ ਸੀ। ਬਾਅਦ ਵਿੱਚ ਕੈਵਿਨ ਦੀ ਦਰਿਆ ਵਿੱਚੋਂ ਲਾਸ਼ ਬਰਾਮਦ ਕਰ ਲਈ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਤਿੰਨੇ ਬੱਚੇ ਦਰਿਆ ਨੇੜੇ ਖੇਡ ਰਹੇ ਸਨ ਕਿ ਉਨ੍ਹਾਂ ਵਿੱਚੋਂ ਇੱਕ ਲੜਕੀ ਦਰਿਆ ਵਿੱਚ ਡਿੱਗ ਗਈ ਜਿਸ ਨੂੰ ਬਚਾਉਣ ਲਈ ਦੂਸਰੇ ਬੱਚੇ ਵੀ ਦਰਿਆ ਵਿੱਚ ਚਲੇ ਗਏ। ਮੇਅਰ ਕੈਂਟਰੈਲ ਨੇ ਕਿਹਾ ਹੈ ਕਿ ਉਹ ਪੀੜਤ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹਨ ਤੇ ਮੈ ਸਬੰਧਿਤ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਪੀੜਤ ਪਰਿਵਾਰਾਂ ਨਾਲ ਨਿਰੰਤਰ ਤਾਲਮੇਲ ਰੱਖਣ ਤੇ ਉਨ੍ਹਾਂ ਦੇ ਦੁੱਖ ਨੂੰ ਘੱਟ ਕਰਨ ਵਿੱਚ ਮਦਦ ਕਰਨ।