ਖੇਡ ਜਗਤ ਵਿੱਚ ਬਹੁਤ ਉੱਚ ਪੱਧਰ ਦੀਆਂ ਪ੍ਰਾਪਤੀਆਂ ਕਰਕੇ ਨੌਰਦਨ ਰੇਲਵੇ ਦੇ ਕਲਾਸ ਵੰਨ ਅਫ਼ਸਰ ਐਡੀਸ਼ਨਲ ਰਜਿਸਟਰਾਰ (ਆਰ.ਸੀ.ਟੀ/ ਆਈ.ਆਰ.ਟੀ.ਐੱਸ) ਦੀ ਉੱਚ ਪਦਵੀ ਤੋਂ ਰਿਟਾਇਰ ਹੋਏ ਸਰਦਾਰ ਮਨਜੀਤ ਸਿੰਘ ਭੁੱਲਰ ਜੇਠੂਨੰਗਲੀਏ 18 ਅਪ੍ਰੈਲ 2022 ਨੂੰ 64 ਸਾਲ ਦੀ ਸ਼ਾਨਦਾਰ ਉਮਰ ਭੋਗ ਕੇ ਪਰਿਵਾਰ, ਸਨੇਹੀਆਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਖੇਡ ਪ੍ਰੇਮੀਆਂ ਨੂੰ ਸਦਾ ਲਈ ਵਿਛੋੜਾ ਦੇ ਕੇ ਆਪਣੇ ਘਰ ਰਣਜੀਤ ਐਵਿਨਿਊ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ ਹਨ।
ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦਿਆਂ ਖੇਡ ਖੇਤਰ ‘ਚ ਮਾਣ-ਮੱਤੀਆਂ ਪ੍ਰਾਪਤੀਆਂ ਕੀਤੀਆਂ:
ਮਾਤਾ ਪਿਤਾ ਜੀ ਨੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਆਪਣੇ ਹੋਣਹਾਰ ਸਪੁੱਤਰ ਮਨਜੀਤ ਸਿੰਘ ਭੁੱਲਰ ਨੂੰ ਸੰਸਾਰ ਪ੍ਰਸਿੱਧ ਵਿੱਦਿਅਕ ਅਦਾਰੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲ ਕਰਵਾ ਦਿੱਤਾ ਜਿੱਥੇ ਵਾਹਿਗੁਰੂ ਜੀ ਨੇ ਆਪ ਜੀ ਦੀ ਕਿਸਮਤ ਖੋਲ੍ਹ ਦਿੱਤੀ। ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁੱਖ ਡੀਪੀਈ ਅਜੈਬ ਸਿੰਘ, ਅਤੇ ਸਹਾਇਕ ਡੀਪੀਈ ਅਮਰੀਕ ਸਿੰਘ ਬਾਜਵਾ ਅਤੇ ਚਿਮਨੀ ਸਾਹਿਬ ਨੇ ਕਾਲਜ ਦੇ ਐਥਲੈਟਿਕਸ ਉਸਤਾਦ ਅਜੀਤ ਸਿੰਘ ਨੂੰ ਭੁੱਲਰ ਦੀ ਬਾਂਹ ਫੜਾ ਦਿੱਤੀ। ਬੱਸ ਫਿਰ ਕੀ ਸੀ ਮਨਜੀਤ ਸਿੰਘ ਭੁੱਲਰ ਨੇ ਕਈ ਪ੍ਰਕਾਰ ਦੀਆਂ ਦੌੜਾਂ ਤੋਂ ਇਲਾਵਾ ਸਭ ਤੋਂ ਮੁਸ਼ਕਲ ਅੜਿੱਕਾ ਦੌੜ (ਹਰਡਲਜ) ਵਿੱਚ ਸਵੇਰੇ ਸ਼ਾਮ ਏਨੀ ਮਿਹਨਤ ਕੀਤੀ ਕਿ ਕਿਸੇ ਵੀ ਟੂਰਨਾਮੈਂਟ ਵਿੱਚ ਕੋਈ ਵੀ ਖਿਡਾਰੀ ਆਪ ਦੇ ਅੱਗੇ ਨਹੀਂ ਲੰਘ ਸਕਿਆ। ਇੰਟਰ ਕਾਲਜ, ਇੰਟਰ ਯੂਨੀਵਰਸਿਟੀ, ਨੈਸ਼ਨਲ, ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਜਿੱਤਾਂ ਹੀ ਜਿੱਤਾਂ ਪ੍ਰਾਪਤ ਕਰਕੇ ਆਪ ਨੇ ਖੇਡਾਂ ਦੇ ਖੇਤਰ ਵਿੱਚ ਖਾਲਜਾ ਕਾਲਜ ਅੰਮ੍ਰਿਤਸਰ ਦਾ ਨਾਮ ਰੌਸ਼ਨ ਕਰ ਦਿੱਤਾ ਸੀ। ਖਾਲਸਾ ਕਾਲਜ ਦੇ ਛਪਦੇ ਮੈਗਜ਼ੀਨ “ਦਰਬਾਰ” ਵਿੱਚ ਭੁੱਲਰ ਦੇ ਨਾਲ ਹੋਰ ਕੌਮਾਂਤਰੀ ਖਿਡਾਰੀਆਂ ਬਲਵਿੰਦਰ ਸਿੰਘ ਬਾਜਵਾ (ਲੌਂਗ ਜੰਪ) ਅਤੇ ਰਣਬੀਰ ਸਿੰਘ ਸਰਕਾਰੀਆ (ਏਸ਼ੀਆਡ ਹਾਕੀ ਖਿਡਾਰੀ) ਨੂੰ “ਗਲੋਰੀ ਆਫ਼ ਕਾਲਜ” ਦਾ ਸ਼ਾਨਦਾਰ ਟਾਈਟਲ ਦਿੱਤਾ ਸੀ। ਉਸ ਵੇਲੇ ਦੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਗੁਰਬਖ਼ਸ਼ ਸਿੰਘ ਸ਼ੇਰਗਿੱਲ ਨੇ ਖੇਡ ਖੇਤਰ ਵਿੱਚ ਮਾਰੇ ਮਾਰ੍ਹਕਿਆਂ ਕਰਕੇ ਮਨਜੀਤ ਸਿੰਘ ਭੁੱਲਰ ਦੀ ਵੱਢ ਆਕਾਰੀ ਫ਼ੋਟੋ ਕਾਲਜ ਦੀ ਫ਼ੋਟੋ ਗੈਲਰੀ ‘ਚ ਸਥਾਪਿਤ ਕਰਕੇ ਮਾਣ ਬਖ਼ਸ਼ਿਆ ਹੈ।
ਮਨਜੀਤ ਸਿੰਘ ਭੁੱਲਰ ਦੀਆਂ ਕੌਮਾਂਤਰੀ ਖੇਡ ਪ੍ਰਾਪਤੀਆਂ:
(1) 1974 ‘ਚ ਵਰਲਡ ਸਕੂਲ ਗੇਮਜ਼ ਵਿੱਚ 300 ਮੀਟਰ ਹਰਡਲਜ ‘ਚ ਜੇਤੂ ਰਹੇ।
(2) ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ 11980 ‘ਚ ਹੋਈ ਇੰਟਰਨੈਸ਼ਨਲ ਫਰੈਂਡਲੀ ਐਥਲੈਟਿਕਸ ਮੀਟ ਵਿੱਚ ਭੁੱਲਰ ਨੇ ਭਾਗ ਲੈ ਕੇ ਜਿੱਤਾਂ ਪ੍ਰਾਪਤ ਕੀਤੀਆਂ। —-(3) ਟੋਕੀਓ ਵਿਖੇ 1981 ‘ਚ ਹੋਈਆਂ ‘ਏਸ਼ੀਅਨ ਟਰੈਕ ਐਂਡ ਫ਼ੀਲਡ ਗੇਮਜ਼’ ਵਿੱਚ ਮਨਜੀਤ ਸਿੰਘ ਭੁੱਲਰ ਨੇ 400 ਮੀਟਰ ਹਰਡਲਜ ਵਿੱਚ 5ਵੀਂ ਪੁਜ਼ੀਸ਼ਨ ਪ੍ਰਾਪਤ ਕੀਤੀ ਸੀ।
(4) ਇੰਡੀਅਨ ਰੇਲਵੇ ਵਿਭਾਗ ਵੱਲੋਂ 1981 ‘ਚ ਵਰਲਡ ਰੇਲਵੇ ਐਥਲੈਟਿਕਸ ਮੀਟ ਵਿੱਚ ਮਨਜੀਤ ਸਿੰਘ ਭੁੱਲਰ ਨੇ 400 ਮੀਟਰ ਹਰਡਲਜ ਦੌੜ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਬਰਾਊਂਜ ਮੈਡਲ ਜਿੱਤਿਆ ਸੀ।
(5) ਦਿਲੀ ਵਿਖੇ ਨਵੰਬਰ 1982 ਨੂੰ ਹੋਈਆਂ ਏਸ਼ੀਅਨ ਗੇਮਜ਼ ਵਿੱਚ 400 ਮੀਟਰ ਹਰਡਲਜ ‘ਚ ਚੌਥੀ ਪੁਜ਼ੀਸ਼ਨ ਪ੍ਰਾਪਤ ਕੀਤੀ ਸੀ।
(6) ਬੰਗਲਾ ਦੇਸ਼ ਦੇ ਸ਼ਹਿਰ ਢਾਕਾ ਵਿਖੇ 1985 ‘ਚ ਹੋਈਆਂ ਸੈਫ਼ ਖੇਡਾਂ ਵਿੱਚ ਮਨਜੀਤ ਸਿੰਘ ਭੁੱਲਰ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਹਾਸਲ ਕੀਤਾ ਸੀ। ਇੰਡੀਅਨ ਰੇਲਵੇ ਵਿਭਾਗ ‘ਚ ਕਈ ਉੱਚ ਅਹੁਦਿਆਂ ‘ਤੇ ਰਹੇ:
ਮਨਜੀਤ ਸਿੰਘ ਭੁੱਲਰ ਨੇ ਜਿੱਥੇ ਖੇਡਾਂ ਦੇ ਖੇਤਰ ਵਿੱਚ ਬਹੁਤ ਉੱਚੀਆਂ ਬੁਲੰਦੀਆਂ ਨੂੰ ਛੋਹਿਆ ਓਥੇ ਇੰਡੀਅਨ ਰੇਲਵੇ ਵਿੱਚ ਬਹੁਤ ਉੱਚੇ ਰੁਤਬੇ ਦੀਆਂ ਕੁਰਸੀਆਂ ‘ਤੇ ਬੈਠ ਕੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਦਾ ਮਾਣ ਖੱਟਿਆ। ਰੇਲਵੇ ‘ਚ ਸਰਵਿਸ ਦੀ ਆਰੰਭਤਾ ਅੰਮ੍ਰਿਤਸਰ ਵਿਖੇ ਸੀ.ਆਈ.ਡੀ. ਪੋਸਟ ਨਾਲ ਹੋਈ। ਇਸ ਤੋਂ ਬਾਅਦ ਕਈ ਥਾਂਵਾਂ ‘ਤੇ ਏ.ਸੀ.ਐਮ., ਏ.ਟੀ.ਐਮ., ਡੀ.ਟੀ.ਐਮ., ਡੀ.ਸੀ.ਐਮ. ਆਦਿ ਪੋਸਟਾਂ ਉੱਪਰ ਰਹੇ ਅਤੇ ਅਖੀਰ ਇੱਕੋ ਇੱਕ ਭਾਰਤੀ ਖਿਡਾਰੀ ਮਨਜੀਤ ਸਿੰਘ ਭੁੱਲਰ ਦੇ ਭਾਗਾਂ ਵਿੱਚ ਆਇਆ ਰੇਲਵੇ ਦਾ ਬਹੁਤ ਉੱਚਾ ਐਡੀਸ਼ਨਲ ਰਜਿਸਟਰਾਰ (ਆਰ.ਸੀ.ਟੀ/ ਆਈ.ਆਰ.ਟੀ.ਐੱਸ) ਦਾ ਕਲਾਸ ਵੰਨ ਦਾ ਵਕਾਰੀ ਅਹੁਦਾ। ਇਸੇ ਉੱਚ ਅਹੁਦੇ ਤੋਂ ਹੀ ਮਨਜੀਤ ਸਿੰਘ ਭੁੱਲਰ 28 ਅਪ੍ਰੈਲ 2018 ਨੂੰ ਰਿਟਾਇਰ ਹੋਏ ਸਨ।
ਮਨਜੀਤ ਸਿੰਘ ਭੁੱਲਰ ਦੇ ਮਾਤਾ ਪਿਤਾ, ਭੈਣ-ਭਰਾਵਾਂ ਅਤੇ ਪਰਿਵਾਰ ਬਾਰੇ:
ਸ. ਮਨਜੀਤ ਸਿੰਘ ਭੁੱਲਰ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਜੇਠੂਨੰਗਲ (ਨੇੜੇ ਮਜੀਠਾ) ਵਿਖੇ ਮਾਤਾ ਅਵਤਾਰ ਕੌਰ ਦੀ ਕੁੱਖੋਂ ਅਤੇ ਸਰਦਾਰ ਸਵਰਨ ਸਿੰਘ ਭੁੱਲਰ ਦੇ ਗ੍ਰਹਿ 28 ਅਪ੍ਰੈਲ 1985 ਈ: ਨੂੰ ਹੋਇਆ ਸੀ। ਆਪ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਇੱਕ ਵੱਡੀ ਭੈਣ ਸੁਖ ਹੈ। ਇੱਕ ਵੱਡਾ ਭਰਾ ਸਤਵੰਤ ਸਿੰਘ ਸੀ ਅਤੇ ਇਕ ਵੱਡਾ ਭਰਾ ਬਲਜਿੰਦਰ ਸਿੰਘ ਹੈ। ਭੁੱਲਰ ਜੀ ਦਾ ਵਿਆਹ ਸ਼ਾਟਪੁੱਟ ਦੀ ਇੰਟਰਨੈਸ਼ਨਲ ਖਿਡਾਰਨ ਬਖਤਾਵਰ ਨਾਲ 1986 ਨੂੰ ਹੋਇਆ ਸੀ। ਆਪ ਦੀ ਇੱਕ ਬੇਟੀ ਕਮਲਪ੍ਰੀਤ ਕੌਰ ਭੁੱਲਰ ਲਾਅਨ ਟੈਨਿਸ ਅਤੇ ਗੌਲਫ਼ ਦੀ ਕੌਮਾਂਤਰੀ ਖਿਡਾਰਨ ਅਤੇ ਬੇਟਾ ਕਰਨਬੀਰ ਸਿੰਘ ਭੁੱਲਰ ਰਾਈਫ਼ਲ ਅਤੇ ਪਿਸਟਲ ਖੇਡ ‘ਚ ਨੈਸ਼ਨਲ ਸ਼ੂਟਰ ਖਿਡਾਰੀ ਹੈ। ਭੁੱਲਰ ਜੀ ਦੀ ਪਤਨੀ ਬਖਤਾਵਰ ਭੁੱਲਰ ਵੀ ਲਗਾਤਾਰ 13 ਵਾਰ ਸ਼ਾਟਪੁੱਟ ‘ਚ ਅਤੇ 7 ਵਾਰ ਡਿਸਕਸ ਥਰੋਅ ‘ਚ ਨੈਸ਼ਨਲ ਚੈਂਪੀਅਨ ਬਣਨ ਤੋਂ ਇਲਾਵਾ ਦਿੱਲੀ ਵਿਖੇ ਹੋਈਆਂ ਏਸ਼ੀਅਨ ਗੇਮਜ਼ ‘ਚ ਸ਼ਾਟਪੁੱਟ ‘ਚ 4ਥਾਂ ਅਤੇ ਡਿਸਕਸ ਥਰੋਅ ‘ਚ 5ਵਾਂ ਸਥਾਨ ਪ੍ਰਾਪਤ ਕੀਤਾ ਸੀ।
Columns ਵਿਛੋੜਾ ਦੇ ਗਏ: ‘ਕੌਮਾਂਤਰੀ ਖਿਡਾਰੀ ਅਤੇ ਰੇਲਵੇ ਦੇ ਰਿਟਾ: ਉੱਚ ਅਧਿਕਾਰੀ ਮਨਜੀਤ...