ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਦੁਰਘਟਨਾ ਵਿੱਚ ਮੌਤ

Andrew Symonds was a real match-winner in white-ball cricket. File photo: Reuters/Andy Clark

ਕੁਈਨਜ਼ਲੈਂਡ, 15 ਮਈ – ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਦੁਰਘਟਨਾ ਵਿੱਚ ਮੌਤ ਹੋ ਗਈ ਹੈ। 46 ਸਾਲ ਦੇ ਐਂਡਰਿਊ ਸਾਇਮੰਡਸ ਦੀ ਕਾਰ ਕੁਈਨਜ਼ਲੈਂਡ ਦੇ ਟਾਊਨਸਵਿਲੇ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਕੁਈਨਜ਼ਲੈਂਡ ਪੁਲਿਸ ਨੇ ਇੱਕ ਬਿਆਨ ‘ਚ ਕਿਹਾ ਕਿ ਸ਼ਨੀਵਾਰ ਰਾਤ ਕਰੀਬ 10.30 ਵਜੇ ਸਾਇਮੰਡਸ ਦੀ ਕਾਰ ਦਾ ਐਕਸੀਡੈਂਟ ਹੋਇਆ। ਐਂਡਰਿਊ ਸਾਇਮੰਡਸ ਗੱਡੀ ਆਪ ਚਲਾ ਰਿਹਾ ਸੀ। ਅਚਾਨਕ ਉਨ੍ਹਾਂ ਦੀ ਕਾਰ ਸੜਕ ਛੱਡ ਕੇ ਪਲਟ ਗਈ। ਮੌਕੇ ‘ਤੇ ਪਹੁੰਚੀ ਐਮਰਜੈਂਸੀ ਸਰਵਿਸਿਜ਼ ਨੇ ਐਂਡਰਿਊ ਸਾਇਮੰਡਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸੱਟਾਂ ਦੀ ਵਜ੍ਹਾ ਤੋਂ ਉਨ੍ਹਾਂ ਨੇ ਦਮ ਤੋੜ ਦਿੱਤਾ। ਫੋਰੈਂਸਿਕ ਕਰੈਸ਼ ਯੂਨਿਟ ਜਾਂਚ ਕਰ ਰਹੀ ਹੈ ਕਿ ਹਾਦਸਾ ਕਿਵੇਂ ਹੋਇਆ।
ਆਸਟਰੇਲੀਆ ਲਈ 26 ਟੈੱਸਟ ਮੈਚ ਖੇਡਣ ਵਾਲੇ ਐਂਡਰਿਊ ਸਾਇਮੰਡਸ ਨੇ ਵਨਡੇ ਕ੍ਰਿਕੇਟ ਵਿੱਚ ਡੂੰਘੀ ਛਾਪ ਛੱਡੀ ਸੀ। ਐਂਡਰਿਊ ਸਾਇਮੰਡਸ ਕ੍ਰਿਕੇਟ ਦੀ ਦੁਨੀਆ ਉੱਤੇ ਇੱਕ ਮੁਸ਼ਤ ਰਾਜ ਕਰਨ ਵਾਲੀ 1999-2007 ਵਾਲੀ ਆਸਟਰੇਲੀਆ ਟੀਮ ਦਾ ਅਹਿਮ ਹਿੱਸਾ ਰਹੇ।
ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਅਚਾਨਕ ਮੌਤ ਨਾਲ ਆਸਟਰੇਲੀਆ ਸਮੇਤ ਪੂਰੀ ਦੁਨੀਆ ਦੇ ਕ੍ਰਿਕੇਟ ਫੈਂਨਸ ਵਿੱਚ ਦੁੱਖ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਦੇ ਸ਼ੁਰੂ ‘ਚ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਸ਼ੇਨ ਵਾਰਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।