ਇਕ ਵਾਰ ਡੀ.ਡੀ. ਪੰਜਾਬੀ ਨੂੰ ਕਿਸੇ ਪ੍ਰੋਗਰਾਮ ਲਈ ਸ਼ਿਵ ਕੁਮਾਰ ਬਟਾਲਵੀ ਦੀ ਵੀਡੀਓ ਚਾਹੀਦੀ ਸੀ। ਲੱਖ ਕੋਸ਼ਿਸ਼ ਦੇ ਬਾਵਜੂਦ ਕਿਧਰੋਂ ਕੋਈ ਵੀਡੀਓ ਨਾ ਮਿਲੀ। ਅਖੀਰ ਕੁਝ ਸਕਿੰਟਾਂ ਦੀ ਵੀਡੀਓ ਬੀ.ਬੀ.ਸੀ. ਕੋਲੋਂ ਹਾਸਲ ਹੋਈ। ਉਹੀ ਵੀਡੀਓ ਅੱਜ ਥਾਂ-ਥਾਂ ‘ਤੇ ਆਪਾਂ ਵੇਖਦੇ ਸੁਣਦੇ ਹਾਂ।
ਉੱਤੋਂ ਬਾਅਦ ਦੂਰਦਰਸ਼ਨ ਕੇਂਦਰ ਜਲੰਧਰ ਨੇ ਬੜੇ ਯੋਜਨਾਬੱਧ ਢੰਗ ਨਾਲ ਬਜ਼ੁਰਗ ਸਾਹਿਤਕਾਰਾਂ, ਕਲਾਕਾਰਾਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।
ਅੱਜ ਪੰਜਾਬੀ ਚੈਨਲਾਂ ਦੀ ਗਿਣਤੀ ਭਾਵੇਂ ਵਧ ਗਈ ਹੈ ਪਰੰਤੂ ਸਾਹਿਤ, ਸੰਗੀਤ ਤੇ ਕਲਾ ਖੇਤਰ ਦੀਆਂ ਸਿਰਮੌਰ ਸ਼ਖ਼ਸੀਅਤਾਂ ਨਾਲ ਲੰਮੀਆਂ ਮੁਲਾਕਾਤਾਂ ਦਾ ਰੁਝਾਨ ਘੱਟ ਗਿਆ ਹੈ। ਸਾਰਾ ਫ਼ੋਕਸ ਸਿਆਸੀ ਸਰਗਰਮੀਆਂ ‘ਤੇ ਹੋ ਗਿਆ ਹੈ। ਸਹਿਜ ਤੇ ਸੁਹਜ ਭਰੇ, ਸਕੂਨ ਦੇਣ ਵਾਲੇ ਪ੍ਰੋਗਰਾਮ ਹਾਸ਼ੀਏ ‘ਤੇ ਚਲੇ ਗਏ ਹਨ। ਸਾਰਾ ਦਿਨ ਸਿਆਸੀ ਰੌਲ਼ਾ-ਰੱਪਾ ਜਾਰੀ ਰਹਿੰਦਾ ਹੈ।
ਮੈਨੂੰ ਜਦੋਂ ਵੀ ਦੇਸ਼ ਦੁਨੀਆ ‘ਚੋਂ ਮੀਡੀਆ ਸ਼ਖ਼ਸੀਅਤਾਂ ਦੇ ਫ਼ੋਨ ਆਉਂਦੇ ਹਨ ਤਾਂ ਮੈਂ ਇਹ ਨੁਕਤਾ ਉਠਾਉਣ ਦੀ ਕੋਸ਼ਿਸ਼ ਕਰਦਾ ਹਾਂ। ਕਿਸੇ ਸ਼ਖ਼ਸੀਅਤ ਨਾਲ ਲੰਮੀ ਟੈਲੀਵਿਜ਼ਨ ਮੁਲਾਕਾਤ ਸੁਣਦਿਆਂ ਵੇਖਦਿਆਂ, ਜੀਵਨੀ, ਸਵੈ-ਜੀਵਨੀ ਪੜ੍ਹਨ ਵਰਗਾ ਅਹਿਸਾਸ ਹੁੰਦਾ ਹੈ।
ਬੀਤੇ ਦਿਨੀਂ ਚੰਡੀਗੜ੍ਹ ਤੋਂ ਦੇਸ਼ ਵਿਦੇਸ਼ ਦੀ ਇਕ ਚਰਚਿਤ ਮੀਡੀਆ ਸ਼ਖ਼ਸੀਅਤ ਨਾਲ ਇਸੇ ਨੁਕਤੇ ‘ਤੇ ਲੰਮੀ ਫ਼ੋਨ-ਵਾਰਤਾ ਹੋਈ। ਮੈਂ ਸੁਣ ਕੇ ਹੈਰਾਨ ਰਹਿ ਗਿਆ ਕਿ ਉਨ੍ਹਾਂ ਬਤੌਰ ਐਂਕਰ, ਬਤੌਰ ਪੇਸ਼ਕਾਰ ਅਜਿਹੀਆਂ ਸੈਂਕੜੇ ਇੰਟਰਵਿਊ ਪ੍ਰਸਾਰਿਤ ਕੀਤੀਆਂ ਹਨ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਵੱਖ-ਵੱਖ ਖੇਤਰਾਂ ਦੀਆਂ ਚੁਣੀਂਦਾ ਸ਼ਖ਼ਸੀਅਤਾਂ ਨਾਲ ਕੀਤੀਆਂ ਇਨ੍ਹਾਂ ਮੁਲਾਕਾਤਾਂ ਰਾਹੀਂ ਅਜੋਕੇ ਸਮਿਆਂ ਦੇ ਅਨੇਕਾਂ ਮਸਲੇ ਉਠਾਏ ਗਏ ਹਨ। ਕਲਾਕਾਰਾਂ ਨਾਲ ਕੀਤੀਆਂ ਮੁਲਾਕਾਤਾਂ ਵਿਚ ਉਨ੍ਹਾਂ ਕਲਾਕਾਰਾਂ ਨੇ ਆਪਣੀ ਕਲਾ, ਆਪਣੇ ਜੀਵਨ, ਆਪਣੀ ਪ੍ਰਤਿਭਾ ਦੀਆਂ ਕਈ ਲੁਕਵੀਂਆਂ ਪਰਤਾਂ ਖੋਲ੍ਹੀਆਂ ਹਨ। ਉਦਾਹਰਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨਾਲ ਕੀਤੀ ਇੰਟਰਵਿਊ ਯਾਦਗਾਰੀ ਰਹੀ। ਬੀਤੇ ਕਈ ਮਹੀਨਿਆਂ ਤੋਂ ਇਹ ਯੂਨੀਵਰਸਿਟੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਐਂਕਰ ਨੇ ਵਾਈਸ ਚਾਂਸਲਰ ਨਾਲ ਉੱਚ-ਮਿਆਰੀ ਇੰਟਰਵਿਊ ਦੌਰਾਨ ਯੂਨੀਵਰਸਿਟੀ ਦੇ ਹਰੇਕ ਪਹਿਲੂ ਬਾਰੇ ਸੰਵਾਦ ਛੇੜਿਆ। ਵਾਈਸ ਚਾਂਸਲਰ ਨੇ ਵੀ ਸੰਖੇਪ ਤੇ ਸਪਸ਼ਟ ਸ਼ਬਦਾਂ ਵਿਚ ਸਹੀ ਜਾਣਕਾਰੀ ਦਰਸ਼ਕਾਂ ਨੂੰ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਭਾਵੇਂ ਵਾਈਸ ਚਾਂਸਲਰ ਨੂੰ ਬਹੁਤ ਸਾਰੇ ਤਿੱਖੇ ਤੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਨ੍ਹਾਂ ਸਹਿਜ ਰਹਿੰਦਿਆਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਮੁਲਾਕਾਤ ਖ਼ਤਮ ਹੋਣ ‘ਤੇ ਉਨ੍ਹਾਂ ਇਸ ਗੱਲੋਂ ਐਂਕਰ ਦਾ ਧੰਨਵਾਦ ਕੀਤਾ ਕਿ ਸਵਾਲ ਬਹੁਤ ਵਧੀਆ ਪੁੱਛੇ ਗਏ ਹਨ ਅਤੇ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ ਹੈ।
ਪ੍ਰੋ. ਅਰਵਿੰਦ ਨੇ ਇੰਟਰਵਿਊ ਦੌਰਾਨ ਕਈ ਗੱਲਾਂ ਅਜਿਹੀਆਂ ਕੀਤੀਆਂ ਜਿਨ੍ਹਾਂ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਵਿਦਵਾਨਾਂ ਦਾ ਕਾਲ ਪੈ ਗਿਆ ਹੈ। ਕਿਸੇ ਵੀ ਕੰਮ ਲਈ ਵਿਦਵਾਨ ਲੱਭਣ ਜਾਈਦਾ ਤਾਂ ਨਹੀਂ ਲੱਭਦੇ। ਪਹਿਲਾਂ ਇਵੇਂ ਨਹੀਂ ਸੀ। ਅਕਾਦਮਿਕ ਕੰਮ ਨੂੰ ਜਿੰਨੇ ਵੱਡੇ ਰੂਪ ‘ਚ ਅੱਗੇ ਵਧਾਉਣਾ ਚਾਹੀਦਾ ਸੀ ਨਹੀਂ ਵਧਾਇਆ ਗਿਆ। ਨਵੀਆਂ ਭਰਤੀਆਂ ਨਹੀਂ ਹੋ ਰਹੀਆਂ। ਵੱਖ-ਵੱਖ ਵਿਭਾਗਾਂ ਵਿਚ ਜਿੰਨੇ ਵਿਦਵਾਨਾਂ ਦੀ ਲੋੜ ਹੈ ਓਨੇ ਨਹੀਂ ਹਨ। ਇਹ ਨੀਤੀਆਂ ਕਾਰਨ ਹੋਇਆ ਹੈ। ਸਾਲ 1996 ਤੋਂ ਸਰਕਾਰੀ ਕਾਲਜਾਂ ਵਿਚ ਪੱਕੀ ਭਰਤੀ ਨਹੀਂ ਹੋਈ। ਕਈ ਸਰਕਾਰੀ ਕਾਲਜਾਂ ਵਿਚ ਇਕ-ਇਕ, ਦੋ-ਦੋ ਹੀ ਪੱਕੇ ਪ੍ਰੋਫੈਸਰ ਹਨ।
ਵਾਈਸ ਚਾਂਸਲਰ ਨੇ ਅੱਗੇ ਕਿਹਾ ਕਿ ਮੈਂ ਆਪਣੇ ਇਕ ਸਾਲ ਵਿਚ ਸਾਰਾ ਦਿਨ ਪ੍ਰਬੰਧਕੀ ਕੰਮਾਂ ‘ਚ ਲੱਗਾ ਰਹਿਣ ਦੇ ਬਾਵਜੂਦ 5 ਖੋਜ ਪੇਪਰ ਲਿਖੇ ਹਨ ਪਰ ਸੈਂਕੜੇ ਅਧਿਆਪਕ ਅਜਿਹੇ ਹਨ ਜਿਨ੍ਹਾਂ ਨੇ ਇਕ ਵੀ ਖੋਜ ਪੇਪਰ ਨਹੀਂ ਲਿਖਿਆ। ਯੂਨੀਵਰਸਿਟੀ ਦਾ ਮਨੋਰਥ ਕੇਵਲ ਇਹ ਨਹੀਂ ਹੁੰਦਾ ਕਿ ਪੜ੍ਹ ਕੇ ਜਾਣ ਵਾਲਿਆਂ ਨੂੰ ਤੱਤ ਫੱਟ ਨੌਕਰੀਆਂ ਮਿਲ ਜਾਣ ਬਲਕਿ ਵਿਦਵਾਨ ਪੈਦਾ ਕਰਨਾ ਵੀ ਹੁੰਦਾ ਹੈ।
ਇਹ ਐਂਕਰ ਦੁਆਰਾ ਨਿੱਠ ਕੇ ਕੀਤੀ ਉੱਚ-ਮਿਆਰੀ ਤੇ ਬੌਧਿਕ ਪੱਧਰ ਦੀ ਅਜਿਹੀ ਟੀ.ਵੀ. ਇੰਟਰਵਿਊ ਸੀ ਜਿਸ ਰਾਹੀਂ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਉਭਾਰ ਕੇ ਉਨ੍ਹਾਂ ਦੇ ਹੱਲ ਲਈ ਹੋ ਰਹੇ ਯਤਨਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨਾਲ ਜੁੜੇ ਤਿੱਖੇ ਸਵਾਲਾਂ ਦੇ ਜਵਾਬ ਵੀ ਪ੍ਰੋ. ਅਰਵਿੰਦ ਨੇ ਬੜੇ ਸਹਿਜ, ਬੜੇ ਸਪਸ਼ਟ ਢੰਗ ਨਾਲ ਦਿੱਤੇ। ਅਜਿਹੀਆਂ ਟੀ.ਵੀ. ਇੰਟਰਵਿਊ ਪੰਜਾਬੀ ਚੈਨਲਾਂ ਨੂੰ ਰੋਜ਼ਾਨਾ ਪ੍ਰਸਾਰਿਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਵਿਚਲੇ ਬੌਧਿਕ ਖੱਪੇ ਨੂੰ ਭਰਿਆ ਜਾ ਸਕੇ। ਦੁਨੀਆ ਨੂੰ ਇਹ ਸੰਦੇਸ਼, ਇਹ ਸੰਕੇਤ ਦਿੱਤਾ ਜਾ ਸਕੇ ਕਿ ਪੰਜਾਬੀ ਕੇਵਲ ਨੱਚਣ-ਟੱਪਣ ਵਾਲੇ ਲੋਕ ਹੀ ਨਹੀਂ ਹਨ। ਉਹ ਗੰਭੀਰ ਤੇ ਬੌਧਿਕ ਪੱਧਰ ਦੀਆਂ ਗੱਲਾਂ ਵੀ ਕਰ ਸਕਦੇ ਹਨ ਅਤੇ ਪੰਜਾਬ ਨੂੰ ਹਰ ਪੱਖ ਤੋਂ ਅੱਗੇ ਲਿਜਾ ਸਕਦੇ ਹਨ।
ਦੂਸਰੀ ਲੰਮੀ ਮੁਲਾਕਾਤ ਜਿਹੜੀ ਮੈਂ ਵੇਖੀ ਸੁਣੀ ਉਹ ਗੁਰਦਾਸ ਮਾਨ ਦੀ ਸੀ। ਉਸ ਨੇ ਵੀ ਬਹੁਤੀਆਂ ਗੱਲਾਂ ਪੰਜਾਬ ਤੇ ਪੰਜਾਬੀਆਂ ਦੀ ਵਰਤਮਾਨ ਚਿੰਤਾ ਦੀਆਂ ਕੀਤੀਆਂ। ਕਿਸੇ ਕਲਾਕਾਰ, ਕਿਸੇ ਸ਼ਖ਼ਸੀਅਤ ਅੰਦਰ ਕੀ ਕੁਝ ਪਿਆ ਹੁੰਦਾ, ਉਹ ਕੀ ਸੋਚਦਾ, ਕਿਵੇਂ ਸੋਚਦਾ, ਅਜਿਹੀਆਂ ਟੀ.ਵੀ. ਮੁਲਾਕਾਤਾਂ ਉਹ ਕੁਝ ਉਸ ਦੇ ਮੂੰਹੋਂ ਸੁਣਨ ਵਿਚ ਸਹਾਈ ਹੁੰਦੀਆਂ ਹਨ। ਮਾਨ ਦਾ ਕਹਿਣਾ ਸੀ ਕਿ ਮੈਂ ਪਾਣੀਆਂ, ਬਾਣੀਆਂ, ਹਾਣੀਆਂ, ਜਵਾਨੀਆਂ ਦੀ ਗੱਲ ਕਰਦਾ ਹਾਂ ਪਰ ਅੱਜ ਨਸਲਾਂ, ਫ਼ਸਲਾਂ, ਅਕਲਾਂ ਤੇ ਜਵਾਨੀਆਂ ਨੂੰ ਬਚਾਉਣ ਦੀ ਲੋੜ ਹੈ। ਪੰਜਾਬੀ ਨਾ ਕਦੇ ਅੱਕੇ ਨਾ ਥੱਕੇ ਹਨ ਪਰ ਅੱਜ ਸਭ ਉਲਟ ਪੁਲਟ ਹੋ ਗਿਆ। ਪਤਾ ਨਹੀਂ ਅਸੀਂ ਕੀ ਖਾ ਰਹੇ ਹਾਂ, ਕੀ ਪੀ ਰਹੇ ਹਾਂ। ਮੈਂ ਨੂੰ ਪਰੇ ਕਰਕੇ, ਲੋਭ ਲਾਲਚ ਲਾਂਭੇ ਕਰਕੇ, ਹਲੀਮੀ ਨਾਲ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ। ਪੰਜਾਬੀ ਚੈਨਲਾਂ ਨੂੰ ਅਜਿਹੀਆਂ ਲੰਮੀਆਂ ਸੰਜੀਦਾ ਮੁਲਾਕਾਤਾਂ ਰੋਜ਼ਾਨਾ ਪ੍ਰਸਾਰਿਤ ਕਰਨ ਦੀ ਲੋੜ ਹੈ।
Columns ਕਿਵੇਂ ਰਹੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨਾਲ ਟੀ.ਵੀ. ਮੁਲਾਕਾਤ?