ਮਹਿਲਾ ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ: ਭਾਰਤੀ ਨਿਖ਼ਤ ਜ਼ਰੀਨ ਨੇ 52 ਕਿੱਲ ਭਾਰ ਵਰਗ ‘ਚ ਵਰਲਡ ਚੈਂਪੀਅਨ ਦਾ ਖ਼ਿਤਾਬ ਜਿੱਤੀ

ਇਸਤੰਬੁਲ, 19 ਮਈ – ਇੱਥੇ ਭਾਰਤੀ ਮੁੱਕੇਬਾਜ਼ ਨਿਖ਼ਤ ਜ਼ਰੀਨ ਨੇ 52 ਕਿੱਲੋ ਭਾਰ ਵਰਗ ‘ਚ ਮਹਿਲਾ ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ ਸੋਨ ਤਗਮੇ ਨਾਲ ਜਿੱਤ ਲਈ ਹੈ। ਜ਼ਰੀਨ ਫਾਈਨਲ ਵਿੱਚ ਥਾਈਲੈਂਡ ਦੀ ਜਿਟਪੋਂਗ ਜੁਟਾਮਸ ਨੂੰ 5-0 ਨਾਲ ਹਰਾ ਕੇ ਵਰਲਡ ਚੈਂਪੀਅਨ ਬਣੀ ਹੈ। ਤਿਲੰਗਾਨਾ ਦੀ ਮੁੱਕੇਬਾਜ਼ ਜ਼ਰੀਨ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੇ ਵਿਰੋਧੀ ਮੁੱਕੇਬਾਜ਼ਾਂ ‘ਤੇ ਦਬਦਬਾ ਬਣਾਈ ਰੱਖਿਆ ਅਤੇ ਫਾਈਨਲ ਵਿੱਚ ਥਾਈਲੈਂਡ ਦੀ ਮੁੱਕੇਬਾਜ਼ ਨੂੰ 30-27, 29-28, 29-28, 30-27, 29-28 ਨਾਲ ਹਰਾਇਆ।
25 ਸਾਲਾ ਨਿਖ਼ਤ ਜ਼ਰੀਨ ਵਰਲਡ ਚੈਂਪੀਅਨਸ਼ਿਪ ਖ਼ਿਤਾਬ ਜਿੱਤਣ ਵਾਲੀ 5ਵੀਂ ਭਾਰਤੀ ਮਹਿਲਾ ਮੁੱਕੇਬਾਜ਼ ਬਣ ਗਈ ਹੈ। ਭਾਰਤ ਦਾ ਇਸ ਚੈਂਪੀਅਨਸ਼ਿਪ ਵਿੱਚ ਇਹ ਪਹਿਲਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਛੇ ਵਾਰ ਦੀ ਚੈਂਪੀਅਨ ਐੱਮ.ਸੀ. ਮੈਰੀਕੌਮ (2002, 2005, 2006, 2008, 2010 ਅਤੇ 2018) ਸਰਿਤਾ ਦੇਵੀ (2006), ਜੇਨੀ ਆਰ. ਐੱਲ. (2006), ਅਤੇ ਲੇਖਾ ਕੇ. ਸੀ. ਇਹ ਖ਼ਿਤਾਬ ਜਿੱਤ ਚੁੱਕੀਆਂ ਹਨ। ਮਹਿਲਾ ਵਰਲਡ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਨਾਂ ਹੁਣ 39 ਤਗਮੇ ਹੋ ਗਏ ਹਨ, ਜਿਸ ਵਿੱਚ 10 ਸੋਨ, 8 ਚਾਂਦੀ ਅਤੇ 21 ਕਾਂਸੀ ਦੇ ਤਗਮੇ ਸ਼ਾਮਲ ਹਨ।
ਨਿਖ਼ਤ ਜ਼ਰੀਨ ਤੋਂ ਇਲਾਵਾ ਵਰਲਡ ਚੈਂਪੀਅਨਸ਼ਿਪ ਵਿੱਚ ਭਾਰਤੀ ਮਹਿਲਾ ਮੁੱਕੇਬਾਜ਼ ਮਨੀਸ਼ਾ ਮੌਨ ਨੇ 57 ਕਿੱਲੋ ਭਾਰ ਵਰਗ ‘ਚ ਅਤੇ ਪ੍ਰਵੀਨ ਹੁੱਡਾ ਨੇ 63 ਕਿੱਲੋ ਭਾਰ ਵਰਗ ‘ਚ ਕਾਂਸੀ ਦੇ ਤਗਮੇ ਜਿੱਤੇ।
ਮਹਿਲਾ ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦੇ 12 ਮੈਂਬਰੀ ਦਲ ਨੇ ਹਿੱਸਾ ਲਿਆ ਸੀ, ਪਰ ਇਸ ਵਾਰ ਭਾਰਤ ਦੀ ਪਿਛਲੇ ਮਹਿਲਾ ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਤਗਮਿਆਂ ਦੀ ਗਿਣਤੀ ‘ਚ ਇੱਲ ਤਗਮੇ ਦੀ ਗਿਰਾਵਟ ਆਈ ਹੈ ਤੇ ਚਾਰ ਸਾਲ ਬਾਅਦ ਕੋਈ ਭਾਰਤੀ ਮਹਿਲਾ ਮੁੱਕੇਬਾਜ਼ ਵਰਲਡ ਚੈਂਪੀਅਨ ਬਣੀ ਹੈ, ਐੱਮ.ਸੀ. ਮੈਰੀਕੌਮੈ ਨੇ 2018 ਵਿੱਚ ਪਿਛਲਾ ਸੋਨੇ ਦਾ ਤਗਮਾ ਜਿੱਤਿਆ ਸੀ।