ਟੋਕੀਓ, 23 ਮਈ – ਭਾਰਤ ਸਾਂਝੇ ਉਦੇਸ਼ਾਂ ਦੀ ਪ੍ਰਾਪਤੀ ਲਈ ਹੋਰ ਭਾਈਵਾਲ ਦੇਸ਼ਾਂ ਨੂੰ ਜੋੜਨ ਲਈ ਅਮਰੀਕਾ ਦੀ ਪਹਿਲਕਦਮੀ ਨਾਲ ਬਣਨ ਵਾਲੇ ਇੰਡੋ-ਪੈਸੀਫਿਕ ਇਕਨਾਮਿਕ ਫਰੇਮਵਰਕ (ਆਈ.ਪੀ.ਈ.ਐਫ.) ਨਾਲ ਜੁੜ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਦਿੱਲੀ ਇਸ ਖੇਤਰ ‘ਚ ਸ਼ਾਂਤੀ ਤੇ ਖ਼ੁਸ਼ਹਾਲੀ ਦਾ ਰਾਹ ਪੱਧਰਾ ਕਰਨ ਲਈ ਇਸ ਨੂੰ ਸਮੂਹਿਕ ਤੇ ਲਚੀਲਾ ਢਾਂਚਾ ਬਣਾਉਣ ਲਈ ਕੰਮ ਕਰੇਗੀ। ਕੁਆਡ ਸੰਮੇਲਨ ਤੋਂ ਇਕ ਦਿਨ ਪਹਿਲਾਂ ਆਈ.ਪੀ.ਈ.ਐਫ. ਦੀ ਸ਼ੁਰੂਆਤ ਕਰਨ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ 12 ਦੇਸ਼ ਇਸ ਨਵੀਂ ਪਹਿਲਕਦਮੀ ਨਾਲ ਜੁੜ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਵੱਡਾ ਨਿਵੇਸ਼ ਇਸ ਕਰਕੇ ਕੀਤਾ ਹੈ, ਕਿਉਂਕਿ ਉਹ ਇਸ ਖੇਤਰ ਦੇ ਸਕਾਰਾਤਮਿਕ ਭਵਿੱਖ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਲੰਬੇ ਸਮੇਂ ਤੋਂ ਵਚਨਬੱਧ ਹੈ। ਆਈ.ਪੀ.ਈ.ਐਫ. ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਈ.ਪੀ.ਈ.ਐਫ. ਦਾ ਐਲਾਨ ਹਿੰਦ-ਪ੍ਰਸ਼ਾਂਤ ਖੇਤਰ ਨੂੰ ਵਿਸ਼ਵ ਆਰਥਿਕ ਵਿਕਾਸ ਦਾ ਇੰਜਣ ਬਣਾਉਣ ਦੀ ਸਮੂਹਿਕ ਇੱਛਾ ਦਾ ਐਲਾਨ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਆਜ਼ਾਦ, ਖੁੱਲ੍ਹੇ ਤੇ ਸਮੂਹਿਕ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਹੈ।
ਇੱਕ ਅਧਿਕਾਰਕ ਬਿਆਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨਿਰੰਤਰ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦੇ ਟੀਚਿਆਂ ਦੀ ਪ੍ਰਾਪਤੀ ਲਈ ਭਾਈਵਾਲਾਂ ਦਰਮਿਆਨ ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹੈ। ਖ਼ੁਸ਼ਹਾਲੀ ਲਈ ਇੰਡੋ-ਪੈਸੀਫਿਕ ਇਕਨਾਮਿਕ ਫਰੇਮਵਰਕ (ਆਈ.ਪੀ.ਈ.ਐਫ.) ਦੀ ਸ਼ੁਰੂਆਤ ਸੰਬੰਧੀ ਕਰਵਾਏ ਸਮਾਗਮ ‘ਚ ਚਰਚਾ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਤਿਹਾਸਕ ਤੌਰ ‘ਤੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਵਪਾਰਕ ਪ੍ਰਵਾਹ ਦੇ ਕੇਂਦਰ ਵਜੋਂ ਵਿਚਰਦਾ ਰਿਹਾ ਹੈ, ਜਿਸ ਕਾਰਨ ਲੋਥਲ (ਗੁਜਰਾਤ) ‘ਚ ਦੁਨੀਆ ਦੀ ਸਭ ਤੋਂ ਪੁਰਾਣੀ ਵਪਾਰਕ ਬੰਦਰਗਾਹ ਹੈ। ਪ੍ਰਧਾਨ ਮੰਤਰੀ ਨੇ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੇ ਤੇ ਰਚਨਾਤਮਿਕ ਹੱਲ ਲੱਭਣ ਦੀ ਲੋੜ ‘ਤੇ ਜ਼ੋਰ ਦਿੱਤਾ । ਮੋਦੀ ਨੇ ਆਈ.ਪੀ.ਈ.ਐਫ. ਲਈ ਖੇਤਰ ਦੇ ਸਾਰੇ ਦੇਸ਼ਾਂ ਨਾਲ ਕੰਮ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਵੀ ਪ੍ਰਗਟਾਈ, ਜੋ ਕਿ ਸਮਾਵੇਸ਼ੀ ਤੇ ਲਚੀਲੀ ਦੋਵੇਂ ਤਰ੍ਹਾਂ ਦੀ ਹੋਵੇ।
Home Page ਟੋਕੀਓ: ਅਮਰੀਕੀ ਅਗਵਾਈ ਵਾਲੇ ਆਈ.ਪੀ.ਈ.ਐਫ. ਨਾਲ ਜੁੜਿਆ ਭਾਰਤ