ਡਰੱਗਜ਼ ਮਾਮਲਾ: ਐੱਨਸੀਬੀ ਨੇ ਚਾਰਜਸ਼ੀਟ ਦਾਖਲ ਕੀਤੀ, ਅਦਾਕਾਰ ਸ਼ਾਹਰੁਖ ਦੇ ਪੁੱਤਰ ਆਰੀਅਨ ਨੂੰ ਕਲੀਨ ਚਿੱਟ

ਮੁੰਬਈ, 27 ਮਈ – ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਜਹਾਜ਼ ‘ਤੇ ਨਸ਼ੀਲੇ ਪਦਾਰਥ ਮਿਲਣ ਦੇ ਮਾਮਲੇ ‘ਚ ਛੇ ਮਹੀਨੇ ਬਾਅਦ 6 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿੱਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਕੇਸ ‘ਚ ਆਰੀਅਨ ਖਾਨ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਚਾਰਜਸ਼ੀਟ ‘ਚ ਆਰੀਅਨ ਖਾਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਬਿਆਨ ਦੇ ਅਨੁਸਾਰ ਐੱਸਆਈਟੀ ਦੀ ਜਾਂਚ ਦੇ ਅਧਾਰ ‘ਤੇ 20 ਵਿੱਚੋਂ 14 ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਸ਼ਿਕਾਇਤ ਦਰਜ ਕੀਤੀ ਜਾ ਰਹੀ ਹੈ। ਸਬੂਤਾਂ ਦੀ ਘਾਟ ਕਾਰਣ ਛੇ ਹੋਰ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਨਹੀਂ ਕੀਤੀ ਜਾ ਰਹੀ।
ਦਿਲਚਸਪ ਹੈ ਕਿ ਆਰੀਅਨ ਖਾਨ ਦੇ ਦੋਸਤ ਅਰਬਾਜ ਮਰਚੈਂਟ ਨੂੰ ਐੱਨਸੀਬੀ ਨੇ ਦੋਸ਼ੀ ਮੰਨਿਆ ਹੈ ਅਤੇ ਉਸ ਦੇ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਅਰਬਾਜ ਹੀ ਉਹ ਸ਼ਖ਼ਸ ਸਨ, ਜਿਨ੍ਹਾਂ ਦੇ ਨਾਲ ਆਰੀਅਨ ਉਸ ਰਾਤ ਕਰੂਜ਼ ਉੱਤੇ ਗਿਆ ਸੀ। ਐੱਨਸੀਬੀ ਨੂੰ ਅਰਬਾਜ ਦੇ ਕੋਲੋਂ ਹੀ ਬੇਹੱਦ ਘੱਟ ਮਾਤਰਾ ਵਿੱਚ ਡਰੱਗਜ਼ ਦਾ ਪੈਕਟ ਮਿਲਿਆ ਸੀ।
ਡਰੱਗਜ਼ ਕੇਸ ਵਿੱਚ ਐੱਨਸੀਬੀ ਦੀ ਸਿੱਟ ਨੇ ਜਿਨ੍ਹਾਂ 6 ਲੋਕਾਂ ਨੂੰ ਕਲੀਨ ਚਿੱਟ ਦਿੱਤੀ ਹੈ ਉਨ੍ਹਾਂ ਵਿੱਚ ਆਰੀਅਨ ਖਾਨ ਦੇ ਨਾਲ ਹੀ ਅਵਿਨ ਸਾਹੂ, ਗੋਪਾਲ ਜੀ ਆਨੰਦ, ਸਮੀਰ ਸਾ, ਭਾਸਕਰ ਅਰੋੜਾ ਅਤੇ ਮਾਨਵ ਸਿੰਘਲ ਦੇ ਨਾਮ ਸ਼ਾਮਿਲ ਹਨ। ਲੰਘੇ ਸਾਲ ਐੱਨਸੀਬੀ ਮੁੰਬਈ ਦੀ ਟੀਮ ਨੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ ਵਿੱਚ 2 ਅਕਤੂਬਰ ਦੀ ਰਾਤ ਕਰੂਜ਼ ਸ਼ਿਪ ਉੱਤੇ ਛਾਪੇਮਾਰੀ ਕੀਤੀ ਸੀ। ਆਰੀਅਨ ਖਾਨ ਸਮੇਤ 8 ਲੋਕਾਂ ਨੂੰ ਮੁੰਬਈ ਤੋਂ ਗੋਆ ਜਾ ਰਹੀ Cordelia Cruise ਸ਼ਿਪ ਤੋਂ ਫੜਿਆ ਗਿਆ ਸੀ। ਇਸ ਦੇ ਅਗਲੇ ਦਿਨ ਯਾਨੀ 3 ਅਕਤੂਬਰ ਨੂੰ ਐੱਨਸੀਬੀ ਨੇ ਆਰੀਅਨ ਖਾਨ ਅਤੇ ਉਨ੍ਹਾਂ ਦੇ ਦੋਸਤ ਅਰਬਾਜ ਮਰਚੈਂਟ ਦੇ ਖ਼ਿਲਾਫ਼ ਕੇਸ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ਵਿੱਚ ਆਰੀਅਨ ਖਾਨ ਨੂੰ ਕਰੀਬ 28 ਦਿਨ ਤੱਕ ਆਰਥਰ ਰੋਡ ਜੇਲ੍ਹ ਵਿੱਚ ਵੀ ਰਹਿਣਾ ਪਿਆ ਸੀ। ਜ਼ਿਲ੍ਹਾ ਅਦਾਲਤ ਵੱਲੋਂ ਜ਼ਮਾਨਤ ਖ਼ਾਰਜ ਹੋਣ ਦੇ ਬਾਅਦ ਬੰਬੇ ਹਾਈ ਕੋਰਟ ਨੇ ਆਰੀਅਨ ਖਾਨ ਨੂੰ ਜ਼ਮਾਨਤ ਉੱਤੇ ਰਿਹਾਈ ਦਿੱਤੀ ਸੀ।