ਗੁਰੂ ਅਮਰ ਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਿਨਸਿਨਾਟੀ ਓਹਾਇਓ ਵਿਖੇ ਸਜੇ ਵਿਸ਼ੇਸ਼ ਦੀਵਾਨ

ਭਾਈ ਪਿੰਦਰਪਾਲ ਸਿੰਘ ਜੀ ਵੱਲੋਂ ਕੀਤੀ ਗਈ ਕਥਾ ਦੌਰਾਨ ਸੰਗਤਾਂ ਦਾ ਇਕੱਠ
ਭਾਈ ਪਿੰਦਰਪਾਲ ਸਿੰਘ ਜੀ ਨੂੰ ਹੱਥ ਲਿਖਤ ਗੁਰਮੁਖੀ ਵਰਨ ਮਾਲਾ ਭੇਟ ਕਰਦੇ ਹੋਏ ਰਣਜੀਤ ਸਿੰਘ (ਸੱਜੇ)

ਗਿਆਨੀ ਪਿੰਦਰਪਾਲ ਸਿੰਘ ਜੀ ਨੇ ਗੁਰਦੁਆਰਾ ਸਾਹਿਬ ‘ਚ ਕੀਤੀ ਗਈ ਕਥਾ-ਵਿਚਾਰ
ਸੈਕਰਾਮੈਂਟੋ, 30 ਮਈ (ਹੁਸਨ ਲੜੋਆ ਬੰਗਾ) – ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰ ਦਾਸ ਜੀ ਦਾ ਪ੍ਰਕਾਸ਼ ਪੁਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਨ੍ਹਾਂ ਦੋ ਦਿਨਾਂ ਸਮਾਗਮਾਂ ‘ਤੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਅਤੇ ਵਿਦਵਾਨ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਨੇ ਗੁਰਦੁਆਰਾ ਗੁਰੂ ਨਾਨਕ ਸੋਸਾਇਟੀ ਆਫ਼ ਗ੍ਰੇਟਰ ਸਿਨਸਿਨਾਟੀ ਵਿਖੇ ਕਥਾ ਵਿਚਾਰ ਕੀਤੀ। ਉਨ੍ਹਾਂ ਗੁਰੂ ਸਾਹਿਬ ਜੀ ਦੇ ਜੀਵਨ ਤੇ ਇਤਿਹਾਸ ਬਾਰੇ ਆਈ ਸੰਗਤ ਨੂੰ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ, ਭਾਈ ਜੀਤ ਸਿੰਘ ਤੇ ਭਾਈ ਨਿਰਮਲ ਸਿੰਘ ਨੇ ਵੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਪਿੰਦਰਪਾਲ ਸਿੰਘ ਜੀ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖ਼ੁਸ਼ਖ਼ਤ ਲਿਖਾਈਕਾਰ ਰਣਜੀਤ ਸਿੰਘ ਪੁੰਨ ਨੇ ਹੱਥ ਦੇ ਨਾਲ ਬਣੇ ਈਜੀਪਸ਼ੀਅਨ ਕਾਗ਼ਜ਼ ਤੇ ਹੱਥ ਲਿਖਤ ਗੁਰਮੁਖੀ ਵਰਨ-ਮਾਲਾ ਵਾਲੀ ਤਸਵੀਰ ਭਾਈ ਪਿੰਦਰਪਾਲ ਸਿੰਘ ਜੀ ਨੂੰ ਭੇਟ ਕੀਤੀ।ਇਹ ਮਿਸਰ ਤੋਂ ਬਣਿਆ ਕਾਗ਼ਜ਼ ਹਜ਼ਾਰਾਂ ਸਾਲਾਂ ਤੱਕ ਖ਼ਰਾਬ ਨਹੀਂ ਹੁੰਦਾ।
ਇਹਨਾਂ ਵਿਸ਼ੇਸ਼ ਸਮਾਗਮਾਂ ਵਿੱਚ ਸਿਨਸਿਨਾਟੀ ਦੇ ਲਾਗਲੇ ਸ਼ਹਿਰਾਂ ਡੇਟਨ, ਕੋਲੰਬਸ, ਕੈਨਟੱਕੀ, ਇੰਡੀਆਨਾ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਇਸ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਦੋ ਦਿਨਾਂ ਲਈ ਚੱਲੇ ਇਹਨਾਂ ਵਿਸ਼ੇਸ਼ ਸਮਾਗਮਾਂ ਲਈ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।