ਗਾਂਧੀਨਗਰ, 2 ਜੂਨ – ਇਕ ਵੇਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਆਲੋਚਕ ਰਹੇ ਪਾਟੀਦਾਰ ਆਗੂ ਹਾਰਦਿਕ ਪਟੇਲ (28) ਅੱਜ ਭਾਜਪਾ ਵਿੱਚ ਸ਼ਾਮਲ ਹੋ ਗਿਆ। ਪਟੇਲ ਨੇ ਦੋ ਹਫ਼ਤੇ ਪਹਿਲਾਂ ਕਾਂਗਰਸ ਨੂੰ ਅਲਵਿਦਾ ਆਖ ਦਿੱਤੀ ਸੀ। ਗੁਜਰਾਤ ਭਾਜਪਾ ਦੇ ਪ੍ਰਧਾਨ ਸੀ.ਆਰ. ਪਾਟਿਲ ਤੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਹਾਰਦਿਕ ਪਟੇਲ ਦਾ ਪਾਰਟੀ ਵਿੱਚ ਸਵਾਗਤ ਕੀਤਾ। ਪਟੇਲ ਨੂੰ ਭਾਜਪਾ ਦੇ ਸਟੇਟ ਯੂਨਿਟ ਹੈੱਡਕੁਆਟਰ ‘ਕਮਲਮ’ ਵਿੱਚ ਰੱਖੇ ਸਮਾਗਮ ਦੌਰਾਨ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ।
ਗੁਜਰਾਤ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਤੋਂ ਪਹਿਲਾਂ ਇਹ ਪੇਸ਼ਕਦਮੀ ਅਜਿਹੇ ਮੌਕੇ ਹੋਈ ਹੈ ਜਦੋਂ ਭਾਜਪਾ ਸੂਬੇ ਦੀ ਸੱਤਾ ‘ਤੇ ਆਪਣਾ ਕਬਜ਼ਾ ਕਾਇਮ ਰੱਖਣ ਲਈ ਹੱਥ ਪੈਰ ਮਾਰ ਰਹੀ ਹੈ। 182 ਮੈਂਬਰੀ ਗੁਜਰਾਤ ਵਿਧਾਨ ਸਭਾ ਲਈ ਚੋਣਾਂ ਇਸ ਸਾਲ ਦਸੰਬਰ ਵਿੱਚ ਹੋਣੀਆਂ ਹਨ। ਹਾਰਦਿਕ ਪਟੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਿਸੇ ਚੋਣ ਟਿਕਟ ਦੀ ਉਮੀਦ ਨਹੀਂ ਰੱਖੀ ਤੇ ਉਹ ਪਾਰਟੀ ਦੇ ‘ਸਾਧਾਰਨ ਵਰਕਰ’ ਅਤੇ ‘ਸਿਪਾਹੀ’ ਵਜੋਂ ਕੰਮ ਕਰਨਗੇ। ਹਾਰਦਿਕ ਪਟੇਲ ਨੇ ਕਿਹਾ ਕਿ ਉਸ ਨੇ ਕਾਂਗਰਸ ਛੱਡੀ ਕਿਉਂਕਿ ‘ਉਹ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਨਹੀਂ ਕਰਦੀ ਤੇ ਇਸ ਨੇ ਕਰੋੜਾਂ ਹਿੰਦੂਆਂ ਨਾਲ ਜੁੜੇ ਧਾਰਮਿਕ ਮੁੱਦਿਆਂ ਤੋਂ ਦੂਰੀ ਬਣਾ ਰੱਖੀ ਹੈ’।
ਪਟੇਲ ਸਾਲ 2015 ਵਿੱਚ ਸੂਬੇ ਵਿੱਚ ਪਾਟੀਦਾਰ ਭਾਈਚਾਰੇ ਲਈ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਅੰਦੋਲਨ ਦੌਰਾਨ ਸੁਰਖ਼ੀਆਂ ‘ਚ ਆਇਆ ਸੀ। ਉਹ 2019 ਵਿੱਚ ਕਾਂਗਰਸ ‘ਚ ਸ਼ਾਮਲ ਹੋਇਆ ਤੇ ਜੁਲਾਈ 2020 ਵਿੱਚ ਪਾਰਟੀ ਦੀ ਸੂਬਾ ਇਕਾਈ ਦਾ ਵਰਕਿੰਗ ਪ੍ਰਧਾਨ ਬਣਿਆ। ਪਿਛਲੇ ਮਹੀਨੇ 18 ਮਈ ਨੂੰ ਪਟੇਲ ਨੇ ਪਾਰਟੀ ‘ਚੋਂ ਅਸਤੀਫ਼ਾ ਦੇ ਦਿੱਤਾ। ਉਦੋਂ ਤੋਂ ਇਹ ਚੁੰਝ ਚਰਚਾ ਸਿਖਰ ‘ਤੇ ਸੀ ਕਿ ਉਹ ਭਗਵਾ ਪਾਰਟੀ ‘ਚ ਸ਼ਾਮਲ ਹੋ ਸਕਦਾ ਹੈ। ਭਾਜਪਾ ਨੇ ਲੰਘੇ ਦਿਨੀਂ ਉਸ ਦੇ ਭਾਜਪਾ ਨਾਲ ਜੁੜਨ ਦਾ ਐਲਾਨ ਕੀਤਾ ਸੀ। ਸੱਤਾਧਾਰੀ ਪਾਰਟੀ ‘ਚ ਸ਼ਾਮਲ ਹੋਣ ਮਗਰੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੋਲਦਿਆਂ ਪਟੇਲ ਨੇ ਕਿਹਾ, ”ਭਾਜਪਾ ਰਾਸ਼ਟਰ ਹਿੱਤ ਵਿੱਚ ਕੰਮ ਕਰਦੀ ਹੈ ਤੇ ਮੈਂ ਇਕ ਸਾਧਾਰਨ ਵਰਕਰ ਵਜੋਂ ਕੰਮ ਕਰਾਂਗਾ। ਮੈਂ ਹੋਰਨਾਂ ਪਾਰਟੀ ਆਗੂਆਂ ਨੂੰ ਅਪੀਲ ਕਰਾਂਗਾ ਕਿ ਉਹ ਭਾਜਪਾ ਵਿੱਚ ਸ਼ਾਮਲ ਹੋਣ ਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ”।
ਹਾਰਦਿਕ ਪਟੇਲ ਨੇ ਦਾਅਵਾ ਕੀਤਾ ਕਿ ਭਾਜਪਾ ਵਿੱਚ ਸ਼ਾਮਲ ਹੋਣਾ ‘ਘਰ ਵਾਪਸੀ’ ਵਾਂਗ ਹੈ ਕਿਉਂਕਿ ਉਨ੍ਹਾਂ ਦੇ ਮਰਹੂਮ ਪਿਤਾ ਭਾਰਤਭਾਈ ਪਟੇਲ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਆਨੰਦੀਬੇਨ ਪਟੇਲ ਲਈ ਕੰਮ ਕਰਦੇ ਸਨ, ਜਦੋਂ ਉਨ੍ਹਾਂ (ਆਨੰਦੀਬੇਨ) 1990 ਵਿੱਚ ਮੰਡਲ ਸੀਟ ਤੋਂ ਵਿਧਾਨ ਸਭਾ ਚੋਣ ਲੜੀ ਸੀ। ਦੇਸ਼-ਧ੍ਰੋਹ ਨਾਲ ਸਬੰਧਿਤ ਦੋ ਕੇਸਾਂ ਤੋਂ ਬਚਣ ਲਈ ਭਾਜਪਾ ‘ਚ ਸ਼ਾਮਲ ਹੋਣ ਬਾਰੇ ਸਵਾਲ ਦੇ ਜਵਾਬ ਵਿੱਚ ਪਟੇਲ ਨੇ ਕਿਹਾ ਕਿ ਉਹ ਹਮੇਸ਼ਾ ਦੇਸ਼ਭਗਤ ਸੀ ਤੇ ਕੋਰਟ ਦੇ ਹੁਕਮਾਂ ਦੀ ਪਾਲਣਾ ਕਰੇਗਾ। ਪਟੇਲ ਨੇ ਅੱਜ ਸਵੇਰੇ ਇਕ ਟਵੀਟ ‘ਚ ਕਿਹਾ, ‘ਅੱਜ ਮੈਂ ਦੇਸ਼, ਖ਼ਿੱਤੇ, ਸਮਾਜ ਤੇ ਭਾਈਚਾਰੇ ਦੇ ਹਿੱਤਾਂ ਨੂੰ ਜ਼ਿਹਨ ‘ਚ ਰੱਖਦਿਆਂ ਨਵਾਂ ਅਧਿਆਏ ਸ਼ੁਰੂ ਕਰਨ ਲੱਗਾ ਹਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਰਾਸ਼ਟਰ ਦੇ ਵਿਕਾਸ ਲਈ ਸ਼ੁਰੂ ਕੀਤੇ ਕੰਮਾਂ ‘ਚ ‘ਛੋਟੇ ਸਿਪਾਹੀ’ ਵਜੋਂ ਕੰਮ ਕਰਾਂਗਾ”।
Home Page ਪਾਟੀਦਾਰ ਆਗੂ ਹਾਰਦਿਕ ਪਟੇਲ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ ‘ਚ ਸ਼ਾਮਲ