ਨਵੀਂ ਦਿੱਲੀ, 3 ਜੂਨ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਸ਼ਮੀਰ ਵਾਦੀ ਵਿੱਚ ਦਹਿਸ਼ਤਗਰਦਾਂ ਵੱਲੋਂ ਪਿਛਲੇ ਇੱਕ ਮਹੀਨੇ ਦੌਰਾਨ ਗ਼ੈਰ-ਕਸ਼ਮੀਰੀਆਂ (ਖ਼ਾਸ ਕਰਕੇ ਕਸ਼ਮੀਰੀ ਪੰਡਤਾਂ) ਨੂੰ ਮਿੱਥ ਕੇ ਨਿਸ਼ਾਨਾ ਬਣਾਏ ਜਾਣ ਦੀਆਂ ਵਧਦੀਆਂ ਘਟਨਾਵਾਂ ਦਰਮਿਆਨ ਜੰਮੂ ਤੇ ਕਸ਼ਮੀਰ ਵਿੱਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਅਤੇ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੀ ਮੌਜੂਦ ਸਨ। ਖ਼ਬਰਾਂ ਮੁਤਾਬਿਕ ਮੀਟਿੰਗ ਦੌਰਾਨ ਅਗਾਮੀ ਅਮਰਨਾਥ ਯਾਤਰਾ ਨੂੰ ਲੈ ਕੇ ਵੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਪਿਛਲੇ 15 ਦਿਨਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ‘ਚ ਇਹ ਦੂਜੀ ਉੱਚ ਪੱਧਰੀ ਮੀਟਿੰਗ ਸੀ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਅਰਵਿੰਦ ਕੁਮਾਰ, ਸੀਆਰੀਪੀਐੱਫ ਦੇ ਡੀਜੀ ਕੁਲਦੀਪ ਸਿੰਘ, ਬੀਐੱਸਐੱਫ ਮੁਖੀ ਪੰਕਜ ਸਿੰਘ ਅਤੇ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਵੀ ਹਾਜ਼ਰ ਸਨ। ਸ਼ਾਹ ਨੇ ਇਸ ਤੋਂ ਪਹਿਲਾਂ ਉਪ ਰਾਜਪਾਲ ਮਨੋਜ ਸਿਨਹਾ, ਅਰਵਿੰਦ ਕੁਮਾਰ, ‘ਰਾਅ’ ਦੇ ਸਕੱਤਰ ਸਾਮੰਤ ਗੋਇਲ ਤੇ ਡੀਜੀਪੀ ਦਿਲਬਾਗ ਸਿੰਘ ਨਾਲ ਗ਼ੈਰ-ਰਸਮੀ ਮੀਟਿੰਗ ਵੀ ਕੀਤੀ। ਕਾਬਿਲੇਗੌਰ ਹੈ ਕਿ ਟਾਰਗੈੱਟ ਕਿਲਿੰਗ ਤਹਿਤ ਕਸ਼ਮੀਰ ਵਾਦੀ ਵਿੱਚ ਗ਼ੈਰ-ਕਸ਼ਮੀਰੀ ਲੋਕਾਂ ਜਿਨ੍ਹਾਂ ਵਿੱਚ ਗ਼ੈਰ-ਮੁਸਲਿਮ, ਸਲਾਮਤੀ ਦਸਤਿਆਂ, ਕਲਾਕਾਰ ਤੇ ਆਮ ਲੋਕ ਸ਼ਾਮਲ ਹਨ, ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਜਸਥਾਨ ਨਾਲ ਸਬੰਧਿਤ ਬੈਂਕ ਮੁਲਾਜ਼ਮ ਤੇ ਇੱਟਾਂ ਦੇ ਭੱਠੇ ਉੱਤੇ ਕੰਮ ਕਰਦੇ ਬਿਹਾਰੀ ਮਜ਼ਦੂਰ ਨੂੰ ਦਹਿਸ਼ਤਗਰਦਾਂ ਨੇ ਲੰਘੇ ਦਿਨ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ ਜਦੋਂ ਕਿ ਇਕ ਮਜ਼ਦੂਰ ਜ਼ਖ਼ਮੀ ਹੋ ਗਿਆ ਸੀ। ਪਹਿਲੀ ਮਈ ਤੋਂ ਹੁਣ ਤੱਕ ਟਾਰਗੈੱਟ ਕਿਲਿੰਗ ਤਹਿਤ 9 ਹੱਤਿਆਵਾਂ ਹੋ ਚੁੱਕੀਆਂ ਹਨ।
Home Page ਜੰਮੂ-ਕਸ਼ਮੀਰ ਸਮੱਸਿਆ: ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਾਦੀ ਦੇ ਸੁਰੱਖਿਆ ਹਾਲਾਤ ਬਾਰੇ...