8 ਜੂਨ ਦਿਨ ਬੁੱਧਵਾਰ ਤੋਂ ਸਾਰੀਆਂ ਕੌਂਸਲਰ ਸੇਵਾਵਾਂ ਨਵੇਂ ਪਤੇ ਤੋਂ ਪਹਿਲਾਂ ਵਾਂਗ ਹੀ ਪ੍ਰਾਪਤ ਹੋਣਗੀਆਂ
ਵੈਲਿੰਗਟਨ, 6 ਜੂਨ (ਕੂਕ ਪੰਜਾਬੀ ਸਮਾਚਾਰ/ਸ. ਹਰਜਿੰਦਰ ਸਿੰਘ ਬਸਿਆਲਾ) – ਇੱਥੇ ਸਥਿਤ ‘ਹਾਈ ਕਮਿਸ਼ਨ ਆਫ਼ ਇੰਡੀਆ’ ਦੀ ਨਵੀਂ ਬਿਲਡਿੰਗ 72, ਪੀਪੀਟੀਆ ਸਟ੍ਰੀਟ, ਥੋਰਨਡਨ, ਵੈਲਿੰਗਟਨ ਵਿਖੇ ਬਣ ਕੇ ਤਿਆਰ ਹੋ ਗਈ ਹੈ ਤੇ ਜਿਸ ਦਾ ਗ੍ਰਹਿ ਪ੍ਰਵੇਸ਼ ਸਮਾਗਮ 5 ਜੂਨ ਦਿਨ ਐਤਵਾਰ ਨੂੰ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂਆਂ ਵੱਲੋਂ ਆਪਣੇ-ਆਪਣੇ ਧਰਮ ਅਨੁਸਾਰ ਪ੍ਰਾਰਥਨਾ ਕਰਕੇ ਬਿਲਡਿੰਗ ਦੀ ਆਰੰਭਤਾ ਕੀਤੀ ਗਈ। ਦੇਸ਼ ਦੇ ਮੂਲ ਬਾਸ਼ਿੰਦਿਆਂ ਦੀ ਸ਼ਮੂਲੀਅਤ ਕਰਦਿਆਂ ਮਾਓਰੀ ਆਗੂ ਨੇ, ਕ੍ਰਿਸਚੀਅਨ ਪਾਦਰੀ ਵੱਲੋਂ ਵੀ ਪ੍ਰਾਰਥਨਾ ਕੀਤੀ ਗਈ। ਗੁਰਦੁਆਰਾ ਸਾਹਿਬ ਵੈਲਿੰਗਟਨ ਦੇ ਗ੍ਰੰਥੀ ਭਾਈ ਦਲਬੀਰ ਸਿੰਘ ਨੇ ਸਿੱਖ ਮਰਿਆਦਾ ਅਨੁਸਾਰ ਅਰਦਾਸ ਕੀਤੀ। ਬੋਧੀ ਸਮਾਜ ਵੱਲੋਂ ਵੀ ਪ੍ਰਾਰਥਨਾ ਕੀਤੀ ਗਈ। ਮੌਜੂਦਾ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸ਼ੀ ਨੇ ਜਿੱਥੇ ਉਦਘਾਟਨੀ ਪੱਥਰ ਤੋਂ ਪਰਦਾ ਚੁੱਕਿਆ ਉੱਥੇ ਇਸ ਇਮਾਰਤ ਨੂੰ ਬਣਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ। ਧਾਰਮਿਕ ਪ੍ਰਤੀਨਿਧੀਆਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਹਾਈ ਕਮਿਸ਼ਨਰ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਦੇ ਮਨਾਏ ਜਾ ਰਹੇ ਜਸ਼ਨਾਂ ਵਿੱਚ ਇਹ ਇੱਕ ਮੀਲ ਪੱਥਰ ਹੈ। ਸਮਾਗਮ ‘ਚ ਭਾਰਤੀ ਤਿਰੰਗਾ ਝੰਡਾ ਲਹਿਰਾ ਕੇ, ਰਾਜਸੀ ਚਿੰਨ੍ਹ ਅਤੇ ਉਦਘਾਟਨੀ ਪੱਥਰ ਉੱਤੋਂ ਪਰਦਾ ਉਠਾ ਕੇ ਭਾਰਤੀ ਰਾਸ਼ਟਰੀ ਗੀਤ ਦੇ ਨਾਲ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਇਸ ਨਵੇਂ ਦਫ਼ਤਰ ਦੀ ਇਮਾਰਤ ਸੰਨ 2009 ਦੇ ਵਿੱਚ 8.22 ਮਿਲੀਅਨ ਡਾਲਰ (40 ਕਰੋੜ ਭਾਰਤੀ ਰੁਪਏ) ਦੇ ਨਾਲ ਖ਼ਰੀਦੀ ਗਈ 1923 ਵਰਗ ਮੀਟਰ ਜ਼ਮੀਨ ਦੇ ਉੱਤੇ ਨਿਊਜ਼ੀਲੈਂਡ ਪਾਰਲੀਮੈਂਟ ਦੇ ਬਿਲਕੁਲ ਨਜ਼ਦੀਕ ਇਕ ਸੜਕੀ ਮੋੜ ਉੱਤੇ ਬਣਾਇਆ ਗਿਆ ਹੈ। ਛੱਤਿਆ ਹੋਇਆ ਖੇਤਰਫਲ 6435 ਵਰਗ ਮੀਟਰ ਹੈ ਅਤੇ ਦਫ਼ਤਰ ਲਗਭਗ 6 ਸਾਲਾਂ ਦੇ ਵਿੱਚ ਬਣ ਕੇ ਤਿਆਰ ਹੋਇਆ ਹੈ। ਇਹ 300 ਲੋਕਾਂ ਨੂੰ ਬਿਠਾਉਣ ਦੀ ਸਮਰੱਥਾ ਰੱਖਦਾ ਹੈ। 12 ਕੌਂਸਲਰ ਰਿਹਾਇਸ਼ੀ ਅਪਾਰਟਮੈਂਟ ਹਨ। ਪਾਰਲੀਮੈਂਟ ਤੋਂ ਲਗਭਗ 350 ਮੀਟਰ ਦੀ ਦੂਰੀ ਉੱਤੇ ਹੀ ਇਹ ਦਫ਼ਤਰ ਬਣਾਇਆ ਗਿਆ ਹੈ। ਇਹ ਜ਼ਮੀਨ ਹੁਣ ਭਾਰਤੀ ਰਾਸ਼ਟਰਪਤੀ ਦੇ ਨਾਂਅ ਉੱਤੇ ਹੋਣ ਕਰਕੇ ਭਾਰਤ ਦੇ ਨਾਂਅ ਹੋ ਗਈ ਹੈ, ਜਿੱਥੇ ਪਾਸਪੋਰਟ, ਓਸੀਆਈ ਕਾਰਡ, ਪੁਲਿਸ ਕਲੀਅਰਿੰਸ ਅਤੇ ਹੋਰ ਦਸਤਾਵੇਜ਼ ਤਿਆਰ ਹੋ ਕੇ ਪ੍ਰਵਾਸੀ ਭਾਰਤੀਆਂ ਨੂੰ ਮਿਲਿਆ ਕਰਨਗੇ। ਇਸ ਵੇਲੇ ਭਾਰਤੀ ਹਾਈ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸੀ 2019 ਤੋਂ ਹਨ ਜਦੋਂ ਕਿ ਅਕਤੂਬਰ 2017 ਤੋਂ ਆਕਲੈਂਡ ਸਥਿਤ ਭਾਰਤੀ ਦੂਤਾਵਾਸ ਦਾ ਆਨਰੇਰੀ ਕੌਂਸਲ ਦਫ਼ਤਰ ਹੈ, ਜਿੱਥੋਂ ਆਨਰੇਰੀ ਕੌਂਸਲ ਸ. ਭਵਦੀਪ ਸਿੰਘ ਢਿੱਲੋਂ ਸੇਵਾਵਾਂ ਜਾਰੀ ਰੱਖ ਰਹੇ ਹਨ।
ਗੌਰਤਲਬ ਹੈ ਕਿ 6 ਜੂਨ ਦਿਨ ਸੋਮਵਾਰ ਅਤੇ 7 ਜੂਨ ਦਿਨ ਮੰਗਲਵਾਰ ਨੂੰ ਨਵੀਂ ਥਾਂ ‘ਤੇ ਤਬਦੀਲ ਹੋਣ ਕਰਕੇ ਸਾਰੀਆਂ ਵਾਕਇੰਨ ਸੇਵਾਵਾਂ ਬੰਦ ਰਹਿਣਗੀਆਂ।
8 ਜੂਨ ਦਿਨ ਬੁੱਧਵਾਰ ਤੋਂ ਹਾਈ ਕਮਿਸ਼ਨ ਆਫ਼ ਇੰਡੀਆ ਆਪਣੀ ਬਣੀ ਨਵੀਂ ਬਿਲਡਿੰਗ 72 ਪੀਪੀਟੀਆ ਸਟ੍ਰੀਟ, ਥੋਰਨਡਨ, ਵੈਲਿੰਗਟਨ ਤੋਂ ਮੁੜ ਵਾਂਗ ਸੇਵਾਵਾਂ ਆਰੰਭ ਕਰ ਦੇਵੇਗਾ।
ਹਾਈ ਕਮਿਸ਼ਨ ਨੇ ਕਿਹਾ ਕਿ ਇਸ ਦੌਰਾਨ ਐਮਰਜੈਂਸੀ/ਅਰਜੈਂਟ ਕੌਂਸਲਰ ਸੇਵਾਵਾਂ ਕੰਮ ਕਰਦੀਆਂ ਰਹਿਣਗੀਆਂ, ਉਸ ਲਈ ਮੋਬਾਈਲ ਨੰਬਰ 021-539817 ਉੱਤੇ ਕਾਲ ਕਰ ਸਕਦੇ ਹੋ।
3 ਜੂਨ ਤੋਂ ਕੋਰੀਅਰ ਰਾਹੀ ਜਮ੍ਹਾ ਕਰਨ ਲਈ ਭੇਜੀਆਂ ਜਾਣ ਵਾਲੀਆਂ ਐਪਲੀਕੇਸ਼ਨਜ਼ ਨਵੇਂ ਪਤੇ High Commission Of India, 72 Pipitea Street, Thorndon, Wellington ਉੱਤੇ ਹੀ ਭੇਜੀਆਂ ਜਾਣ। ਸਾਰੀਆਂ ਕੋਰੀਅਰ ਕੰਪਨੀਆਂ ਨੂੰ 6 ਜੂਨ ਤੋਂ ਨਵੇਂ ਪਤੇ ਉੱਤੇ ਕੋਰੀਅਰ ਭੇਜਣ ਲਈ ਕਹਿ ਦਿੱਤਾ ਗਿਆ ਹੈ। ਪਰ ਤੁਸੀਂ ਓਡਨਰੀ ਐਨਜ਼ੈੱਡ ਪੋਸਟ ਤੁਸੀਂ High Commission Of India, P O Box 4045, Wellington 6011 ਉੱਤੇ ਭੇਜੋ।
ਇਸ ਤੋਂ ਇਲਾਵਾ 8 ਜੂਨ ਦਿਨ ਬੁੱਧਵਾਰ ਤੋਂ ਸਾਰੀਆਂ ਕੌਂਸਲਰ ਸੇਵਾਵਾਂ ਨਵੇਂ ਪਤੇ ਤੋਂ ਪਹਿਲਾਂ ਵਾਂਗ ਹੀ ਪ੍ਰਾਪਤ ਕਰ ਸਕੋਗੇ। ਜੀਵੇਂ ਐਪਲੀਕੇਸ਼ਨ ਜਮ੍ਹਾ ਕਰਵਾਉਣ ਦਾ ਸਮਾਂ ਸਵੇਰੇ 9.30 ਤੋਂ ਦੁਪਹਿਰ 12.00 ਵਜੇ ਤੱਕ ਅਤੇ ਡਾਕੂਮੈਂਟ ਲੈਣ ਦਾ ਸਮਾਂ ਸ਼ਾਮੀ 4.00 ਵਜੇ ਤੋਂ ਸ਼ਾਮੀ 5.00 ਵਜੇ ਤੱਕ ਦਾ ਹੀ ਹੈ। ਉਨ੍ਹਾਂ ਦੱਸਿਆ ਕਿ ਟੈਲੀਫ਼ੋਨ, ਫੈਕਸ ਨੰਬਰ ਅਤੇ ਈਮੇਲ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਇਸ ਸੰਬੰਧੀ ਤੁਸੀਂ ਹੋਰ ਵਧੇਰੇ ਜਾਣਕਾਰੀ ਲਈ www.hciwellington.gov.in ਉੱਤੇ ਜਾ ਕੇ ਹਾਸਿਲ ਕਰ ਸਕਦੇ ਹੋ।
Home Page ਵੈਲਿੰਗਟਨ ਵਿਖੇ ‘ਹਾਈ ਕਮਿਸ਼ਨ ਆਫ਼ ਇੰਡੀਆ’ ਦੀ ਨਵੀਂ ਬਿਲਡਿੰਗ ਦਾ ‘ਗ੍ਰਹਿ ਪ੍ਰਵੇਸ਼’...