ਸਾਰੇ ਧਰਮਾਂ ਪ੍ਰਤੀ ਸਤਿਕਾਰ ਤੇ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਦੇ ਹਾਂ – ਦੁਜਾਰਿਕ

ਸੰਯੁਕਤ ਰਾਸ਼ਟਰ, 8 ਜੂਨ – ਭਾਜਪਾ ਆਗੂਆਂ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਕਈ ਮੁਸਲਿਮ ਮੁਲਕਾਂ ਦੇ ਤਿੱਖੇ ਪ੍ਰਤੀਕਰਮ ਦਰਮਿਆਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਕਿਹਾ ਕਿ ‘ਉਹ ਸਾਰੇ ਧਰਮਾਂ ਪ੍ਰਤੀ ਸਤਿਕਾਰ ਤੇ ਸਹਿਣਸ਼ੀਲਤਾ ਨੂੰ ਦ੍ਰਿੜ੍ਹਤਾ ਨਾਲ ਉਤਸ਼ਾਹਿਤ ਕਰਦੇ ਹਨ।’ ਤਰਜਮਾਨ ਨੇ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਉਪਰੋਕਤ ਟਿੱਪਣੀ ਕੀਤੀ। ਪੱਤਰਕਾਰ ਨੇ ਭਾਜਪਾ ਦੀ ਸਾਬਕਾ ਕੌਮੀ ਤਰਜਮਾਨ ਨੂਪੁਰ ਸ਼ਰਮਾ ਤੇ ਪਾਰਟੀ ਦੀ ਦਿੱਲੀ ਇਕਾਈ ਦੇ ਮੀਡੀਆ ਇੰਚਾਰਜ ਨਵੀਨ ਕੁਮਾਰ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਵਿਵਾਦਿਤ ਟਿੱਪਣੀਆਂ ਦੀ ਕਈ ਮੁਸਲਿਮ ਦੇਸ਼ਾਂ ਵੱਲੋਂ ਨਿੰਦਾ ਕੀਤੇ ਜਾਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਸੀ। ਦੁਜਾਰਿਕ ਨੇ ਸੋਮਵਾਰ ਨੂੰ ਨਿਯਮਤ ਪ੍ਰੈੱਸ ਮਿਲਣੀ ਦੌਰਾਨ ਕਿਹਾ, ”ਮੈਂ ਇਸ ਨਾਲ ਸਬੰਧਤ ਖ਼ਬਰਾਂ ਵੇਖੀਆਂ ਹਨ, ਪਰ ਮੈਂ ਖ਼ੁਦ ਇਹ ਟਿੱਪਣੀਆਂ ਨਹੀਂ ਵੇਖੀਆਂ। ਪਰ ਇਸ ਦੇ ਬਾਵਜੂਦ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਸੀਂ ਸਾਰੇ ਧਰਮਾਂ ਪ੍ਰਤੀ ਸਨਮਾਨ ਤੇ ਸਹਿਣਸ਼ੀਲਤਾ ਦੀ ਭਾਵਨਾ ਨੂੰ ਦ੍ਰਿੜ੍ਹਤਾ ਨਾਲ ਉਤਸ਼ਾਹਿਤ ਕਰਦੇ ਹਾਂ।” ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀਆਂ ਦਾ ਕਈ ਮੁਸਲਿਮ ਦੇਸ਼ਾਂ ਨੇ ਵਿਰੋਧ ਕੀਤਾ, ਜਿਸ ਮਗਰੋਂ ਭਾਜਪਾ ਨੇ ਨੂਪੁਰ ਸ਼ਰਮਾ ਨੂੰ ਮੁਅੱਤਲ ਤੇ ਜਿੰਦਲ ਨੂੰ ਪਾਰਟੀ ‘ਚੋਂ ਬਾਹਰ ਕਰ ਦਿੱਤਾ ਸੀ। ਕਤਰ, ਇਰਾਨ ਤੇ ਕੁਵੈਤ ਮਗਰੋਂ ਇੰਡੋਨੇਸ਼ੀਆ, ਸਾਊਦੀ ਅਰਬ, ਬਹਿਰੀਨ ਤੇ ਅਫ਼ਗ਼ਾਨਿਸਤਾਨ ਸੋਮਵਾਰ ਨੂੰ ਉਨ੍ਹਾਂ ਮੁਲਕਾਂ ਵਿੱਚ ਸ਼ਾਮਲ ਹੋ ਗਏ ਸਨ, ਜਿਨ੍ਹਾਂ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀਆਂ ਦੀ ਨਿਖੇਧੀ ਕੀਤੀ ਤੇ ਸਾਰੇ ਧਾਰਮਿਕ ਅਕੀਦਿਆਂ ਦੇ ਸਨਮਾਨ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ।