ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਮੀਡੀਆ ਸਾਹਮਣੇ ਮੁਖ਼ਾਤਬ ਹੋਏ

ਸਿਡਨੀ, 10 ਮਈ – ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਆਸਟਰੇਲੀਆ ਗਏ ਹੋਏ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦਾ ਕਹਿਣਾ ਹੈ ਕਿ ਉਹ ਹੋਰ ਨੌਕਰੀਆਂ ਅਤੇ ਨਵੇਂ ਮੌਕੇ ਪੈਦਾ ਕਰਨ ਲਈ ਮਿਲ ਕੇ ਕੰਮ ਕਰਨ ਲਈ ਦ੍ਰਿੜ੍ਹ ਹਨ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਅੱਜ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਰਿਸ਼ਤੇ ਨੂੰ ‘ਪਰਿਵਾਰਕ’ ਦੱਸਿਆ ਹੈ। ਇਹ ਹਮਰੁਤਬਾ ਜੋੜੀ ਟਰਾਂਸ-ਤਸਮਾਨ ਸਬੰਧਾਂ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਣ ਲਈ ਦ੍ਰਿੜ੍ਹ ਹਨ। ਉਨ੍ਹਾਂ ਨੇ ਕਿਹਾ ਕਿ, ‘ਇਸ ਦਾ ਮਤਲਬ ਹੈ ਨਵੀਆਂ ਨੌਕਰੀਆਂ, ਨਵਾਂ ਵਿਕਾਸ, ਸਹਿਯੋਗ ਦੇ ਨਵੇਂ ਮੌਕੇ ਮਿਲਣਗੇ’।
ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਸਾਂਝੀਆਂ ਦੁਵੱਲੀਆਂ ਚਿੰਤਾਵਾਂ ਵਿੱਚ ਜਲਵਾਯੂ ਤਬਦੀਲੀ ਅਤੇ ਖੇਤਰੀ ਭੂ-ਰਾਜਨੀਤਿਕ ਮੁਕਾਬਲੇ ਸ਼ਾਮਲ ਹਨ। ਸਾਡੀ ਪਹੁੰਚ ਪੈਸੀਫਿਕ ਸੰਸਥਾਵਾਂ ਨਾਲ ਸਤਿਕਾਰ, ਪਾਰਦਰਸ਼ਤਾ ਅਤੇ ਸ਼ਮੂਲੀਅਤ ‘ਤੇ ਅਧਾਰਿਤ ਹੈ।
ਨਿਊਜ਼ੀਲੈਂਡ ਪ੍ਰਧਾਨ ਮੰਤਰੀ ਆਰਡਰਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਲਬਾਨੀਜ਼ ਦੀ ਪ੍ਰਾਹੁਣਚਾਰੀ ਲਈ ਧੰਨਵਾਦੀ ਹਨ। ਉਨ੍ਹਾਂ ਨੇ ਕਿਹਾ ਕਿ ਆਸਟਰੇਲੀਆ ਨਾਲ ਸਾਡੇ ਨਜ਼ਦੀਕੀ ਸਬੰਧ ਹਨ। ਪ੍ਰਧਾਨ ਮੰਤਰੀ ਆਰਡਰਨ ਨੇ ਪ੍ਰਧਾਨ ਮੰਤਰੀ ਅਲਬਾਨੀਜ਼ ਨਾਲ ਮੁਲਾਕਾਤ ਨੂੰ ਸਬੰਧਾਂ ਨੂੰ ‘ਰੀਸੈਟ’ ਕਰਨ ਦੇ ਇੱਕ ਮੌਕੇ ਦੇ ਰੂਪ ਵਜੋਂ ਵੀ ਕਿਹਾ, ਸ਼ਾਇਦ ਕੁੱਝ ਤਣਾਅ ਨੂੰ ਦਰਸਾਉਂਦਾ ਹੈ ਜੋ ਅਲਬਾਨੀਜ਼ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨਾਲ ਮੌਜੂਦ ਸਨ। ਇਸ ਤੋਂ ਪਹਿਲਾਂ ਅੱਜ, ਆਰਡਰਨ ਨੇ ਆਸਟਰੇਲੀਆਈ ਬ੍ਰੇਕਫਾਸਟ ਟੀਵੀ ‘ਤੇ ਇੱਕ ਇੰਟਰਵਿਊ ਵਿੱਚ 501 ਡਿਪੋਟੇਸ਼ਜ਼ ਬਾਰੇ ਚਿੰਤਾ ਜ਼ਾਹਿਰ ਕੀਤੀ।