ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ ‘ਚ ਰੋਸ ਪ੍ਰਦਰਸ਼ਨ

ਨਵੀਂ ਦਿੱਲੀ, 10 ਜੂਨ – ਇੱਥੇ ਦੀ ਜਾਮਾ ਮਸਜਿਦ ਵਿਖੇ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਸੈਂਕੜੇ ਲੋਕਾਂ ਦੀ ਭੀੜ ਮਸਜਿਦ ਅੱਗੇ ਇਕੱਠੀ ਹੋ ਗਈ ਅਤੇ ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀ ਕੀਤੀ ਸੀ ਅਤੇ ਉਸ ਨੂੰ ਫਰਿੰਜ਼ ਐਲੀਮੈਂਟ ਦੱਸਿਆ ਸੀ। ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਮਸਜਿਦ ਦੀਆਂ ਪੌੜੀਆਂ ‘ਤੇ ਖੜ੍ਹੇ ਹੋਏ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ ਤੇ ਉਹ ਨੂਪੁਰ ਸ਼ਰਮਾ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।
ਇਹ ਵਿਰੋਧ ਪ੍ਰਦਰਸ਼ਨ ਦਿੱਲੀ ਦੀ ਜਾਮਾ ਮਸਜਿਦ ਤੋਂ ਲੈ ਕੇ ਕੋਲਕਾਤਾ, ਬਿਹਾਰ ਦੇ ਰਾਂਚੀ, ਯੂਪੀ ਦੇ ਲਖਨਊ, ਸਹਾਰਨਪੁਰ ਤੱਕ ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਹੋਏ। ਪੁਲਿਸ ਵੱਲੋਂ ਭੀੜ ਨੂੰ ਕਾਬੂ ਕਰਨ ਲਈ ਖ਼ਾਸੀ ਮਸ਼ੱਕਤ ਕਰਨੀ ਪਈ ਹੈ। ਇਨ੍ਹਾਂ ਸ਼ਹਿਰਾਂ ‘ਚ ਭਾਜਪਾ ਦੀ ਸਾਬਕਾ ਨੇਤਾ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਖ਼ਿਲਾਫ਼ ਨਾਅਰੇਬਾਜ਼ੀ ਹੋਈ ਹੈ। ਉੱਤਰ ਪ੍ਰਦੇਸ਼ ‘ਚ ਲਖਨਊ ਅਤੇ ਸਹਾਰਨਪੁਰ ਦੇ ਇਲਾਵਾ ਦੇਵਬੰਦ ਅਤੇ ਪ੍ਰਯਾਗਰਾਜ ‘ਚ ਵੀ ਵਿਰੋਧ ਪ੍ਰਦਰਸ਼ਨ ਹੋਏ। ਦੇਵਬੰਦ ‘ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲਿਆ ਹੈ। ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਹੋਈਆਂ ਝੜਪਾਂ ਦੌਰਾਨ ਕਈ ਥਾਵਾਂ ‘ਤੇ ਪੱਥਰ ਬਾਜ਼ੀ ਵੀ ਹੋਈ, ਪੁਲਿਸ ਨੇ ਕਈ ਥਾਵਾਂ ‘ਤੇ ਲਾਠੀ ਚਾਰਜ ਕੀਤਾ ਅਤੇ ਹੰਝੂ ਗੈੱਸ ਦੇ ਗੋਲੇ ਵੀ ਸੁੱਟੇ।
ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ‘ਚ ਪ੍ਰਦਰਸ਼ਨਕਾਰੀਆਂ ਨੇ ਚੱਕਾ ਜਾਮ ਕੀਤਾ। ਭਾਜਪਾ ਦੇ ਦੋ ਮੁਅੱਤਲ ਆਗੂਆਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵੱਲੋਂ ਹਾਲ ਹੀ ਵਿੱਚ ਪੈਗੰਬਰ ਮੁਹੰਮਦ ਬਾਰੇ ਦਿੱਤੇ ਗਏ ਵਿਵਾਦਿਤ ਬਿਆਨਾਂ ਕਾਰਨ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ‘ਤੇ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰ ਦਿੱਤੀਆਂ। ਇਸੇ ਦੌਰਾਨ ਧੂਲਾਗੜ੍ਹ, ਪੰਚਲਾ ਤੇ ਉਲੂਬੇਰੀਆ ਵਿੱਚ ਮੁਜ਼ਾਹਰਾਕਾਰੀਆਂ ਦੀ ਪੁਲੀਸ ਨਾਲ ਝੜਪ ਵੀ ਹੋਈ ਕਿਉਂਕਿ ਪੁਲੀਸ ਕੌਮੀ ਹਾਈਵੇਅ ਨੰਬਰ-6 ‘ਤੇ ਰੋਕਾਂ ਹਟਾਉਣ ਲਈ ਯਤਨਸ਼ੀਲ ਸੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਵਿਵਾਦਿਤ ਬਿਆਨ ਦੇਣ ਵਾਲੇ ਮੁਅੱਤਲ ਭਾਜਪਾ ਆਗੂਆਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ।