* ਖਾਣ ਪੀਣ ਵਾਲੀਆਂ ਵਸਤਾਂ ਹੋਈਆਂ ਮਹਿੰਗੀਆਂ, ਮਕਾਨ ਮਾਲਕਾਂ ਨੇ ਕਿਰਾਏ ਵਿਚ ਕੀਤਾ ਵਾਧਾ
ਸੈਕਰਾਮੈਂਟੋ, 11 ਜੂਨ (ਹੁਸਨ ਲੜੋਆ ਬੰਗਾ) – ਅਮਰੀਕਾ ਵਿਚ ਮਹਿੰਗਾਈ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਸਿਖਰ ‘ਤੇ ਪੁੱਜ ਗਈ ਹੈ। ਗੈਸ, ਖੁਰਾਕੀ ਵਸਤਾਂ ਤੇ ਰਿਹਾਇਸ਼ ਦੇ ਕਿਰਾਏ ਵਿਚ ਹੋਏ ਵਾਧੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾਈਆਂ ਹਨ। ਆਰਥਕ ਮਾਹਿਰਾਂ ਦਾ ਅਨੁਮਾਨ ਹੈ ਕਿ ਜਿਸ ਤੇਜੀ ਨਾਲ ਮਹਿੰਗਾਈ ਵਧੀ ਹੈ, ਉਸ ਤੇਜੀ ਨਾਲ ਘਟੇਗੀ ਨਹੀਂ ਤੇ ਇਸ ਦੇ ਘਟਣ ਦੀ ਰਫਤਾਰ ਸੁਸਤ ਹੋਵੇਗੀ। ਖਪਤਕਾਰ ਸੂਚਕ ਅੰਕ ਵਿਚ 8.6% ਸਲਾਨਾ ਦਾ ਵਾਧਾ ਹੋਇਆ ਹੈ। ਕਿਰਤ ਵਿਭਾਗ ਅਨੁਸਾਰ ਦਸੰਬਰ 1981 ਤੋਂ ਬਾਅਦ ਖਪਤਕਾਰ ਸੂਚਕ ਅੰਕ ਵਿਚ ਹੋਇਆ ਇਹ ਵਾਧਾ ਸਭ ਤੋਂ ਵੱਡਾ ਹੈ। ਆਰਥਕ ਮਾਹਿਰਾਂ ਦਾ ਮੰਨਣਾ ਹੈ ਕਿ ਮੁਦਰਾ ਸਫੀਤੀ ਦੀ ਦਰ 8.3% ‘ਤੇ ਕਾਇਮ ਰਖੀ ਜਾ ਸਕਦੀ ਹੈ। ਪਿਛਲੇ ਮਹੀਨੇ ਮਈ ਵਿਚ ਖਪਤਕਾਰ ਸੂਚਕ ਅੰਕ ਵਿਚ 1% ਦਾ ਵਾਧਾ ਹੋਇਆ ਹੈ ਤੇ ਇਹ ਅਪ੍ਰੈਲ ਮਹੀਨੇ ਨਾਲੋਂ 0.3% ਜਿਆਦਾ ਹੈ। ਗੈਸ ਦੀ ਕੀਮਤ ਵਿਚ 4.1% ਦਾ ਵਾਧਾ ਹੋਇਆ ਹੈ ਜਦ ਕਿ ਕਰਿਆਣੇ ਦੀਆਂ ਕੀਮਤਾਂ 1.4% ਵਧੀਆਂ ਹਨ ਤੇ ਪਿਛਲੇ ਸਾਲ ਦੀ ਤੁਲਨਾ ਵਿਚ ਇਹ ਕੀਮਤਾਂ 11.9% ਵਧੀਆਂ ਹਨ। ਇਸ ਦਾ ਵੱਡਾ ਕਾਰਨ ਯੁਕਰੇਨ ਵਿਚ ਰੂਸ ਦੀ ਚਲ ਰਹੀ ਜੰਗ ਹੈ ਜਿਸ ਕਾਰਨ ਸਪਲਾਈ ਰੁਕ ਗਈ ਹੈ। ਤੇਲ, ਕਣਕ, ਮੱਕੀ ਤੇ ਹੋਰ ਵਸਤਾਂ ਦੀ ਸਪਲਾਈ ਵਿਚ ਵਿਘਨ ਨਿਰੰਤਰ ਜਾਰੀ ਹੈ। ਪਿਛਲੇ ਮਹੀਨੇ ਕੇਕ,ਕੱਪ ਕੇਕਸ ਤੇ ਕੁਕੀਜ ਦੀਆਂ ਕੀਮਤਾਂ ਵਿਚ 3.1% ਦਾ ਵਾਧਾ ਹੋਇਆ। ਮੱਛੀ ਦੀ ਕੀਮਤ 2.2% ਵਧੀ ਹੈ ਤੇ ਆਂਡਿਆਂ ਦੀ ਕੀਮਤ 5% ਵਧੀ ਹੈ ਜੋ ਅਪ੍ਰੈਲ ਵਿਚ10.3% ਵਧੀ ਸੀ। ਮੁਰਗੇ ਦੀ ਕੀਮਤ ਵਿਚ ਲਗਾਤਾਰ ਦੂਸਰੇ ਮਹੀਨੇ 3% ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਕੋਵਿਡ ਮਹਾਮਾਰੀ ਦੌਰਾਨ ਘਰਾਂ ਦੀਆਂ ਕੀਮਤਾਂ ਵਿਚ ਹੋਏ ਤੇਜੀ ਨਾਲ ਵਾਧੇ ਦੇ ਮੱਦੇਨਜਰ ਮਾਲਕਾਂ ਨੇ ਆਪਣਾ ਮੁਨਾਫਾ ਕਾਇਮ ਰਖਣ ਲਈ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ। ਆਰਥਕ ਮਾਹਿਰਾਂ ਦੀ ਮੰਨੀਏ ਤਾਂ ਅਜੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਈ ਵੀ-ਪਾਰਥਨੋਨ ਵਿਖੇ ਮੁੱਖ ਅਰਥਸ਼ਾਸ਼ਤਰੀ ਵਜੋਂ ਸੇਵਾਵਾਂ ਦੇ ਰਹੇ ਗਰੇਗੋਰੀ ਡਾਕੋ ਨੇ ਇਕ ਨੋਟ ਵਿਚ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਮਹਿੰਗਾਈ ਦੀ ਰਫਤਾਰ ਕਿਸੇ ਵੀ ਪਧਰ ਤੱਕ ਘੱਟ ਸਕਦੀ ਹੈ ਪਰੰਤੂ ਫਿਰ ਵੀ ਇਹ ਸਖਤ ਰਹੇਗੀ। ਵਾਈਟ ਹਾਊਸ ਵੀ ਸਪਸ਼ਟ ਕਰ ਚੁੱਕਾ ਹੈ ਕਿ ਬਾਈਡਨ ਪ੍ਰਾਸ਼ਸਨ ਕੋਲ ਮਹਿੰਗਾਈ ਘੱਟ ਕਰਨ ਲਈ ਕੋਈ ਰਾਹ ਬਚਿਆ ਨਹੀਂ ਹੈ।
Home Page ਅਮਰੀਕਾ ਵਿਚ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਮਹਿੰਗਾਈ ਸਿਖਰ ‘ਤੇ ਪੁੱਜੀ