ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੂੰ ਅੰਮ੍ਰਿਤਸਰ ਤੋਂ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਕਰਾਉਣ ਦੀ ਅਪੀਲ

ਅੰਮ੍ਰਿਤਸਰ, 10 ਜੂਨ – ਬੀਤੇ ਦਿਨੀਂ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਦਾ ਇੱਕ ਬਿਆਨ ਆਇਆ ਕਿ ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਜਯੋਤੀਰਾਦਿਤਿਆ ਸਿੰਧੀਆ ਨਾਲ ਮੁਲਾਕਾਤ ਕਰਕੇ ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਆਦਮਪੁਰ ਹਵਾਈ ਅੱਡੇ ਨੂੰ ਮੁੜ ਚਾਲੂ ਕਰਾਉਣ ਦੀ ਵੀ ਮੰਗ ਕੀਤੀ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ੍ਰੀ ਸੋਮ ਪ੍ਰਕਾਸ਼ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਮਰੀਕਾ, ਕੈਨੇਡਾ, ਇਟਲੀ, ਜਰਮਨ ਆਦਿ ਮੁਲਕਾਂ ਲਈ ਉਡਾਣਾਂ ਸ਼ੁਰੂ ਕਰਾਉਣ ਅਤੇ ਵਿਦੇਸ਼ੀ ਏਅਰਲਾਈਨਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ਲਈ ਉਡਾਣਾਂ ਸ਼ੁਰੂ ਕਰ ਸਕਣ ਲਈ ਆਗਿਆ ਦਿਵਾਉਣ ਦੀ ਅਪੀਲ ਕੀਤੀ ਹੈ।
ਗੁਮਟਾਲਾ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਆਦਿ ਦੇਸ਼ਾਂ ਨੂੰ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਅੰਮ੍ਰਿਤਸਰ ਨੂੰ ਅਣਗੌਲਿਆ ਕਰਨ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਨਾਲ ਹੁਣ ਕੇਂਦਰੀ ਮੰਤਰੀ ਵੱਲੋਂ ਵੀ ਅੰਮ੍ਰਿਤਸਰ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ ਹਵਾਈ ਅੱਡਾ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਤੇ ਇਸ ਦੀ ਪਟੜੀ ਵੀ 12 ਹਜ਼ਾਰ ਫੁੱਟ ਤੋਂ ਵੱਧ ਹੈ। ਇਹੋ ਕਾਰਨ ਹੈ ਕਿ ਜਦ ਦਿੱਲੀ ਹਵਾਈ ਅੱਡੇ ਦਾ ਮੌਸਮ ਬਹੁਤ ਖ਼ਰਾਬ ਹੁੰਦਾ ਹੈ ਤਾਂ ਹਵਾਈ ਜਹਾਜ਼ਾਂ ਨੂੰ ਇੱਥੇ ਉਤਾਰਿਆ ਜਾਂਦਾ ਹੈ। ਅੰਮ੍ਰਿਤਸਰ ਹਵਾਈ ਅੱਡਾ ਸਰਕਾਰੀ ਹੋਣ ਕਰਕੇ ਇਸ ਨਾਲ ਵਿਤਕਰਾ ਹੋ ਰਿਹਾ ਹੈ। ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਜਾਣ ਵਾਲਿਆਂ ਵਿੱਚੋਂ 40 ਪ੍ਰਤੀਸ਼ਤ ਪੰਜਾਬੀ ਹੁੰਦੇ ਹਨ। ਬਹੁਤ ਸਾਰੀਆਂ ਵਿਦੇਸ਼ੀ ਏਅਰ ਲਾਈਨਾਂ, ਖ਼ਾਸ ਕਰਕੇ ਖਾੜੀ ਮੁਲਕਾਂ ਤੋਂ ਇੱਥੇ ਆਉਣਾ ਚਾਹੁੰਦੀਆਂ ਹਨ, ਪਰ ਭਾਰਤ ਸਰਕਾਰ ਦੁਵੱਲੇ ਹਵਾਈ ਸਮਝੌਤਿਆਂ ਵਿੱਚ ਇਨ੍ਹਾਂ ਨੂੰ ਆਗਿਆ ਨਹੀਂ ਦੇ ਰਹੀ।
ਮੰਚ ਆਗੂ ਨੇ ਮੰਤਰੀ ਜੀ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਹੁਸ਼ਿਆਰਪੁਰ ਲੋਕ ਸਭਾ ਦੀ ਸੀਟ ਦੀ ਨੁਮਾਇੰਦਗੀ ਕਰਦੇ ਹਨ ਜੋ ਕਿ ਪੰਜਾਬ ਵਿਚ ਹੈ, ਇਸ ਲਈ ਜੇ ਉਹ ਵਾਕਿਆ ਹੀ ਪੰਜਾਬੀਆਂ ਦੀ ਖ਼ਜ਼ਲ-ਖੁਆਰੀ ਤੋਂ ਫ਼ਿਕਰਮੰਦ ਹਨ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਅਮਰੀਕਾ, ਕੈਨੇਡਾ, ਇਟਲੀ, ਜਰਮਨ ਆਦਿ ਮੁਲਕਾਂ ਨੂੰ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਾਉਣੀਆਂ ਚਾਹੀਦੀਆਂ ਹਨ। ਵਿਦੇਸ਼ੀ ਏਅਰਲਾਈਨਾਂ ਨੂੰ ਆਗਿਆ ਦਿਵਾਉਣੀ ਚਾਹੀਦੀ ਹੈ। ਹੁਣ ਮੰਤਰੀ ਨਿਤਿਨ ਗਦਕਰੀ ਨੇ ਹਾਈਵੇ ਬਹੁਤ ਵਧੀਆ ਬਣਾ ਦਿੱਤੇ ਹਨ ਅਤੇ ਐਕਸਪ੍ਰੈੱਸਵੇ ਤੇ ਵੀ ਕੰਮ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਬਠਿੰਡਾ, ਜਲੰਧਰ, ਲੁਧਿਆਣਾ ਆਦਿ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਬਹੁਤ ਹੀ ਘੱਟ ਸਮੇਂ ਵਿੱਚ ਪਹੁੰਚਿਆ ਜਾ ਸਕਦਾ ਹੈ।
ਉਨ੍ਹਾਂ ਨੇ ਮੰਤਰੀ ਜੀ ਨੂੰ ਯਾਦ ਦੁਆਇਆ ਕਿ ਉਨ੍ਹਾਂ ਤੋਂ ਪਹਿਲਾਂ ਸ੍ਰੀ ਵਿਜੇ ਸਾਪਲਾ ਜੀ ਇਸ ਸੀਟ ਦੀ ਨੁਮਾਇੰਦਗੀ ਕਰਦੇ ਸਨ ਤਾਂ ਉਨ੍ਹਾਂ ਨੇ ਹੁਸ਼ਿਆਰਪੁਰ ਵਿਚ ਮੰਚ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਦ ਮੰਚ ਦੇ ਇਕ ਡੈਪੂਟੇਸ਼ਨ ਦੀ ਸ਼ਹਿਰੀ ਹਵਾਬਾਜ਼ੀ ਮੰਤਰੀ ਤੇ ਕੇਂਦਰੀ ਸੈਰ ਸਪਾਟਾ ਮੰਤਰੀ ਨਾਲ ਮੀਟਿੰਗ ਕਰਵਾਈ ਸੀ ਜਿਸ ਦੇ ਸਿੱਟੇ ਵਜੋਂ ਅੰਮ੍ਰਿਤਸਰ ਅੱਡੇ ਨੂੰ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਉੜੇ ਦੇਸ਼ ਕਾ ਆਮ ਨਾਗਰਿਕ (ਉੜਾਣ) ਸਕੀਮ” ਵਿੱਚ ਸ਼ਾਮਲ ਕੀਤਾ ਗਿਆ ਜਿਸ ਨਾਲ ਦੇਸ਼ ਦੇ ਵੱਖ ਵੱਖ ਸ਼ਹਿਰਾਂ ਨੂੰ ਨਵੀਆਂ ਉਡਾਣਾਂ ਸ਼ੁਰੂ ਹੋਈਆਂ ਅਤੇ ਬਰਮਿੰਘਮ ਲਈ ਵੀ ਉਡਾਣ ਸ਼ੁਰੂ ਹੋਈ। ਗੁਮਟਾਲਾ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਲਈ ਸਮਾਂ ਦੇਣ ਦੀ ਵੀ ਗੁਜ਼ਾਰਿਸ਼ ਕੀਤੀ।