ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਤੋਂ ਪੁੱਛ ਪੜਤਾਲ, ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ, 13 ਜੂਨ – ‘ਨੈਸ਼ਨਲ ਹੈਰਾਲਡ’ ਅਖ਼ਬਾਰ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ ‘ਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ 10 ਘੰਟੇ ਤੋਂ ਵੱਧ ਸਮਾਂ ਪੁੱਛ ਪੜਤਾਲ ਕੀਤੀ। ਈਡੀ ਵੱਲੋਂ ਪੁੱਛ ਪੜਤਾਲ ਲਈ ਰਾਹੁਲ ਗਾਂਧੀ ਨੂੰ ਮੰਗਲਵਾਰ ਫਿਰ ਪੇਸ਼ ਹੋਣ ਲਈ ਆਖਿਆ ਗਿਆ ਹੈ। ਰਾਹੁਲ ਗਾਂਧੀ ਸਵੇਰੇ 11.10 ਵਜੇ ਕੇਂਦਰੀ ਦਿੱਲੀ ਸਥਿਤ ਈਡੀ ਦਫ਼ਤਰ ਪਹੁੰਚੇ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ 20 ਮਿੰਟ ਬਾਅਦ ਉਨ੍ਹਾਂ ਤੋਂ ਪੁੱਛ ਪੜਤਾਲ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਦੁਪਹਿਰ 2.10 ਵਜੇ ਰਾਹੁਲ ਗਾਂਧੀ ਨੂੰ ਖਾਣਾ ਖਾਣ ਲਈ ਜਾਣ ਦੀ ਆਗਿਆ ਦਿੱਤੀ ਗਈ ਜਿਸ ਮਗਰੋਂ 3.30 ਵਜੇ ਵਾਪਸ ਆਏ।
ਈਡੀ ਅਧਿਕਾਰੀਆਂ ਵੱਲੋਂ ਰਾਹੁਲ ਤੋਂ ਰਾਤ 9 ਵਜੇ ਤੋਂ ਬਾਅਦ ਤੱਕ ਪੁੱਛ ਪੜਤਾਲ ਕੀਤੀ ਜਾਂਦੀ ਰਹੀ। ਈਡੀ ਅਧਿਕਾਰੀਆਂ ਵੱਲੋਂ ਪੱਛ ਪੜਤਾਲ ਕੀਤੇ ਜਾਣ ਮਗਰੋਂ ਰਾਹੁਲ ਗਾਂਧੀ ਰਾਤ ਲਗਭਗ 11.10 ਵਜੇ ਈਡੀ ਦਫ਼ਤਰ ਤੋਂ ਬਾਹਰ ਨਿਕਲੇ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਰਾਹੁਲ ਗਾਂਧੀ ਤੋਂ ਮੁੜ ਪੁੱਛ ਪੜਤਾਲ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਹ ਜਾਂਚ ‘ਨੈਸ਼ਨਲ ਹੈਰਾਲਡ’ ਅਖ਼ਬਾਰ ਦੇ ਮਾਲਕੀ ਹੱਕ ਵਾਲੀ ‘ਯੰਗ ਇੰਡੀਅਨ’ ਕੰਪਨੀ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਸਬੰਧਿਤ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਨੈਸ਼ਨਲ ਹੈਰਾਲਡ’ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਜਦੋਂ 10 ਜੂਨ ਦਿਨ ਸੋਮਵਾਰ ਨੂੰ ਈਡੀ ਅੱਗੇ ਪੇਸ਼ ਹੋਏ। ਇਸ ਮੌਕੇ ਰਾਹੁਲ ਨੂੰ ਹਮਾਇਤ ਦੇਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਵੱਡੀ ਵਿੱਚ ਗਿਣਤੀ ਵਿੱਚ ਵਰਕਰ ਵੀ ਈਡੀ ਦਫ਼ਤਰ ਪਹੁੰਚੇ। ਰਾਹੁਲ ਗਾਂਧੀ ਈਡੀ ਦਫ਼ਤਰ ਜਾਣ ਸਮੇਂ ਕਾਂਗਰਸ ਦਫ਼ਤਰ ਤੋਂ ਕੁੱਝ ਦੂਰ ਤੱਕ ਪੈਦਲ ਗਏ। ਪੁਲੀਸ ਨੇ ਇਸ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਰੋਕ ਦਿੱਤਾ। ਰਾਹੁਲ ਦਾ ਕਾਫ਼ਲਾ ਸਵੇਰੇ 11 ਵਜੇ ਦੇ ਕਰੀਬ ਈਡੀ ਦਫ਼ਤਰ ਪੁੱਜਾ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਐਲਾਨੇ ਮਾਰਚ ਦੇ ਮੱਦੇਨਜ਼ਰ ਪੁਲੀਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪਾਰਟੀ ਦਫ਼ਤਰ ਦੁਆਲੇ ਧਾਰਾ 144 ਲਗਾ ਦਿੱਤੀ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਈਡੀ ਨੂੰ ਭਾਜਪਾ ਦਾ ‘ਚੋਣ ਮੈਨੇਜਮੈਂਟ ਵਿਭਾਗ’ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਕਾਂਗਰਸ ਦੇ ‘ਸੱਤਿਆਗ੍ਰਹਿ’ ਨੂੰ ਰੋਕਣ ਲਈ ਨਵੀਂ ਦਿੱਲੀ ਇਲਾਕੇ ਵਿੱਚ ਅਣਐਲਾਨਿਆ ਆਪਾਤਕਾਲ ਲਗਾ ਦਿੱਤਾ ਹੈ। ਰਾਹੁਲ ਗਾਂਧੀ ਦੀ ਪੇਸ਼ੀ ਨੂੰ ਦੇਖਦਿਆਂ ਕਾਂਗਰਸ ਨੇ ਮੁਲਕ ਵਿੱਚ ਈਡੀ ਦਫ਼ਤਰਾਂ ਦੇ ਬਾਹਰ ‘ਸੱਤਿਆਗ੍ਰਹਿ’ ਦਾ ਫ਼ੈਸਲਾ ਕੀਤਾ ਸੀ ਅਤੇ ਦਿੱਲੀ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਦੀ ਤਿਆਰੀ ਵਿੱਢੀ ਸੀ।