ਜਲੰਧਰ, 14 ਜੂਨ (ਅਮੋਲਕ ਸਿੰਘ) – ਜਲ੍ਹਿਆਂਵਾਲਾ ਬਾਗ਼ ਦੇ ਪ੍ਰਵੇਸ਼ ਦੁਆਰ ਲਾਗੇ ਟਿਕਟ ਖਿੜਕੀਆਂ ਅਤੇ ਨਿੱਜੀ ਭਾਈਵਾਲੀ ਨਾਲ ਦਾਖ਼ਲਾ ਫ਼ੀਸ ਲਾਗੂ ਕਰਨ ਦੀਆਂ ਤਿਆਰੀਆਂ ਦੇ ਉੱਘੜਵੇਂ ਸੰਕੇਤ ਸਾਹਮਣੇ ਆਉਣ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਨੂੰ ਵਾਅਦਾ-ਖ਼ਿਲਾਫ਼ੀ ਕਰਾਰ ਦਿੰਦਿਆਂ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ‘ਚ ਸਥਾਨਕ ਲੋਕ-ਪੱਖੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵਫ਼ਦ 16 ਜੂਨ ਸਵੇਰੇ 10 ਵਜੇ ਮਿਲ ਕੇ ਯਾਦ ਪੱਤਰ ਸੌਂਪ ਕੇ ਮੰਗ ਕਰੇਗਾ ਕਿ ਆਜ਼ਾਦੀ ਸੰਗਰਾਮ ਦੀ ਮਹਾਨ ਇਤਿਹਾਸਕ ਵਿਰਾਸਤ ਨਾਲ ਛੇੜ ਛਾੜ ਅਤੇ ਨਿੱਜੀ ਕੰਪਨੀਆਂ ਰਾਹੀਂ ਦਾਖ਼ਲਾ ਫ਼ੀਸ ਮੜ੍ਹਨ ਵਰਗੇ ਕਦਮ ਚੁੱਕਣੇ ਬੰਦ ਕੀਤੇ ਜਾਣ ਅਤੇ ਸ਼ਹੀਦੀ ਸਥਾਨ ਦਾ ਮੂਲ ਸਰੂਪ ਬਹਾਲ ਕੀਤਾ ਜਾਏ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਯਾਦ ਪੱਤਰ ‘ਚ ਜ਼ੋਰਦਾਰ ਮੰਗ ਕੀਤੀ ਜਾਵੇਗੀ ਕਿ ਸਭਿਆਚਾਰਕ ਮੰਤਰਾਲਾ, ਪੁਰਾਤਤਵ ਵਿਭਾਗ, ਕੇਂਦਰੀ ਹਕੂਮਤ ਅਤੇ ਜਲ੍ਹਿਆਂਵਾਲਾ ਬਾਗ਼ ਟਰੱਸਟ ਤੁਰੰਤ ਜਨਤਕ ਤੌਰ ‘ਤੇ ਐਲਾਨ ਕਰਨ ਕਿ ਦਾਖ਼ਲਾ ਫ਼ੀਸ ਨਹੀਂ ਲਾਈ ਜਾਏਗੀ ਅਤੇ ਟਿਕਟ ਲਾਉਣ ਦੀ ਤਿਆਰੀ ਨਾਲ ਜੁੜਵਾਂ ਸਾਮਾਨ ਤੁਰੰਤ ਹਟਾ ਲਿਆ ਜਾਏਗਾ।
ਕਮੇਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ 19 ਜੂਨ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ‘ਚ ਬੋਰਡ ਆਫ਼ ਟਰੱਸਟ ਦੀ ਹੋ ਰਹੀ ਮੀਟਿੰਗ ‘ਚ ਜਲ੍ਹਿਆਂਵਾਲਾ ਬਾਗ਼ ਦੇ ਮੂਲ-ਸਰੂਪ ਦੀ ਬਹਾਲੀ ਅਤੇ ਦਾਖ਼ਲਾ ਫ਼ੀਸ ਲਾਗੂ ਕਰਨ ਦੇ ਚੁੱਕੇ ਜਾ ਕਦਮਾਂ ਨੂੰ ਪਿਛਲ ਮੋੜਾ ਦੇਣ ਲਈ ਅਗਲੀ ਸਰਗਰਮੀ ਬਾਰੇ ਵਿਚਾਰ ਕੀਤਾ ਜਾਏਗਾ।
ਕਮੇਟੀ ਆਗੂਆਂ ਨੇ ਦੱਸਿਆ ਕਿ 16 ਨਵੰਬਰ 2021 ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਜਨਤਕ ਇਕੱਤਰਤਾ ਅਤੇ ਰੋਸ ਮਾਰਚ ਕਰਕੇ ਗਵਰਨਰ ਪੰਜਾਬ ਰਾਹੀਂ ਇਨ੍ਹਾਂ ਮੰਗਾਂ ਲਈ ਭੇਜੇ ਮੰਗ-ਪੱਤਰ ਉਪਰੰਤ ਸਰਕਾਰ ਅਤੇ ਪ੍ਰਸ਼ਾਸਨ ਦੇ ਨੁੰਮਾਦਿਆਂ ਵੱਲੋਂ ਬਿਆਨ ਜਾਰੀ ਕਰਦਿਆਂ ਵਿਸ਼ਵਾਸ ਦੁਆਇਆ ਗਿਆ ਸੀ ਕਿ ਦਾਖ਼ਲਾ ਫ਼ੀਸ ਨਹੀਂ ਲਾਏ ਜਾਏਗੀ। ਹੁਣ ਫ਼ੀਸ ਲਈ ਤਿਆਰੀਆਂ ਕਰਨਾ ਨੰਗੀ ਚਿੱਟੀ ਵਾਅਦਾ ਖ਼ਿਲਾਫ਼ੀ ਹੈ।
Home Page ਜਲ੍ਹਿਆਂਵਾਲਾ ਬਾਗ਼ ਦਾਖ਼ਲਾ ਫ਼ੀਸ ਦੀਆਂ ਤਿਆਰੀਆਂ ਤੁਰੰਤ ਰੋਕਣ ਦੀ ਮੰਗ