ਸਿੱਧੂ ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਲਾਰੈਂਸ ਬਿਸ਼ਨੋਈ 22 ਜੂਨ ਤੱਕ ਪੁਲੀਸ ਰਿਮਾਂਡ ‘ਚ

ਚੰਡੀਗੜ੍ਹ, 15 ਜੂਨ – ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰ ਕੇ ਕੀਤੇ ਕਤਲ ਕੇਸ ਵਿੱਚ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮਾਨਸਾ ਪੁਲੀਸ ਵੱਲੋਂ ਅੱਜ ਸਵੇਰੇ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੇ.ਐਮ.ਆਈ.ਸੀ. (ਡਿਊਟੀ ਮੈਜਿਸਟਰੇਟ) ਕੋਰਟ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਉਸ ਨੂੰ 7 ਦਿਨ ਯਾਨੀ ਕੇ 22 ਜੂਨ ਤੱਕ ਪੁਲੀਸ ਰਿਮਾਂਡ ‘ਤੇ ਭੇਜਿਆ ਗਿਆ। ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਜਵਾਹਰਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ।