ਨਵੀਂ ਦਿੱਲੀ, 14 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਮੰਤਰਾਲਿਆਂ ਨੂੰ ਕਿਹਾ ਹੈ ਕਿ ਉਹ ‘ਮਿਸ਼ਨ ਮੋਡ’ ਉੱਤੇ ਕੰਮ ਕਰਦਿਆਂ ਅਗਲੇ ਡੇਢ ਸਾਲ ਦੌਰਾਨ 10 ਲੱਖ ਲੋਕਾਂ ਦੀ ਭਰਤੀ ਕਰਨ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਅੱਜ ਦੱਸਿਆ ਕਿ ਸਾਰੇ ਸਰਕਾਰੀ ਵਿਭਾਗਾਂ ਤੇ ਮੰਤਰਾਲਿਆਂ ਵਿੱਚ ਮਨੁੱਖੀ ਸਰੋਤ ਦੀ ਸਥਿਤੀ ਦੀ ਸਮੀਖਿਆ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਹ ਆਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਬੇਰੁਜ਼ਗਾਰੀ ਦੇ ਮਸਲੇ ‘ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀ ਲਗਾਤਾਰ ਕੀਤੀ ਜਾ ਰਹੀ ਆਲੋਚਨਾ ਵਿਚਾਲੇ ਪ੍ਰਧਾਨ ਮੰਤਰੀ ਦਾ ਇਹ ਫ਼ੈਸਲਾ ਆਇਆ ਹੈ। ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ ਖ਼ਾਲੀ ਪਏ ਅਹੁਦਿਆਂ ਦਾ ਮੁੱਦਾ ਪਿਛਲੇ ਕੁੱਝ ਸਾਲਾਂ ਤੋਂ ਸੁਰਖ਼ੀਆਂ ਵਿੱਚ ਰਿਹਾ ਹੈ। ਅਗਲੇ 18 ਮਹੀਨਿਆਂ ਵਿੱਚ 10 ਲੱਖ ਅਹੁਦਿਆਂ ਨੂੰ ਭਰੇ ਜਾਣ ਦਾ ਮਤਲਬ ਹੈ ਕਿ ਭਾਜਪਾ ਕੋਲ 2024 ਦੀਆਂ ਆਗਾਮੀ ਲੋਕ ਸਭਾ ਚੋਣਾਂ ਵਿੱਚ ਬੇਰੁਜ਼ਗਾਰੀ ਦੇ ਮੁੱਦੇ ਉੱਤੇ ਵਿਰੋਧੀ ਧਿਰ ਦੀ ਹਰ ਆਲੋਚਨਾ ਨੂੰ ਕੱਟਣ ਲਈ ਠੋਸ ਜਵਾਬ ਰਹੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਨੌਜਵਾਨਾਂ ਵਿੱਚ ਨਵੀਂ ਉਮੀਦ ਤੇ ਭਰੋਸਾ ਜਾਗੇਗਾ।
ਕੇਂਦਰ ਸਰਕਾਰ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ‘ਚੋਂ 21.75% ਖ਼ਾਲੀ
ਹਾਲ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਵਰਤਮਾਨ ‘ਚ ਕੇਂਦਰ ਸਰਕਾਰ ਅਧੀਨ 31.91 ਲੱਖ ਮੁਲਾਜ਼ਮ ਕੰਮ ਕਰ ਰਹੇ ਹਨ ਜਦੋਂ ਕਿ ਮਨਜ਼ੂਰਸ਼ੁਦਾ ਅਸਾਮੀਆਂ 40.78 ਲੱਖ ਹਨ। ਲਗਭਗ 21.75% ਅਸਾਮੀਆਂ ਖ਼ਾਲੀ ਪਈਆਂ ਹਨ। ਤਨਖ਼ਾਹ ਤੇ ਭੱਤਿਆਂ ਉੱਤੇ ਖ਼ਰਚ ਦੇ ਵਿਭਾਗ ਮੁਤਾਬਿਕ 92% ਮੁਲਾਜ਼ਮ ਰੇਲਵੇ, ਰੱਖਿਆ (ਸਿਵਿਲ), ਗ੍ਰਹਿ ਮਾਮਲਿਆਂ, ਡਾਕ ਤੇ ਰੈਵੀਨਿਊ ਵਿਭਾਗ-ਮੰਤਰਾਲਿਆਂ ਵਿੱਚ ਕੰਮ ਕਰ ਰਹੇ ਹਨ।
Home Page ਕੇਂਦਰ ਸਰਕਾਰ ਵੱਲੋਂ ਅਗਲੇ ਡੇਢ ਸਾਲ ਵਿੱਚ 10 ਲੱਖ ਨੌਕਰੀਆਂ ਦੇਣ ਦਾ...