ਦਿੱਲੀ/ਸਿਕੰਦਰਾਬਾਦ,17 ਜੂਨ – ਹਥਿਆਰਬੰਦ ਬਲਾਂ ਵਿੱਚ ਭਰਤੀ ਸਕੀਮ ‘ਅਗਨੀਪਥ’ ਖ਼ਿਲਾਫ਼ ਉੱਠੇ ਰੋਹ ਦਾ ਸੇਕ ਦੱਖਣੀ ਰਾਜਾਂ ਤੱਕ ਪੁੱਜ ਗਿਆ ਹੈ। ਤਿਲੰਗਾਨਾ ਦੇ ਸਿਕੰਦਰਾਬਾਦ ਵਿੱਚ ਰੇਲਵੇ ਸੁਰੱਖਿਆ ਬਲਾਂ (ਆਰਪੀਐੱਫ) ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਚਲਾਈ ਗੋਲੀ ਵਿੱਚ ਇਕ ਵਿਅਕਤੀ ਹਲਾਕ ਤੇ ਹੋਰ ਜ਼ਖ਼ਮੀ ਹੋ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਥਲ ਸੈਨਾ ਮੁਖੀ ਮਨੋਜ ਪਾਂਡੇ ਵੱਲੋਂ ਭਰਤੀ ਸਕੀਮ ਨੂੰ ਲੈ ਕੇ ਦਿੱਤੇ ਭਰੋਸਿਆਂ ਨੂੰ ਦਰਕਿਨਾਰ ਕਰਕੇ ਨੌਜਵਾਨਾਂ ਨੇ ਹੱਥਾਂ ‘ਚ ਡਾਂਗਾਂ ਤੇ ਪੱਥਰ ਲੈ ਕੇ ਸ਼ਹਿਰ ਤੇ ਛੋਟੇ ਕਸਬਿਆਂ ਵਿੱਚ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਤੇ ਕੌਮੀ ਮਾਰਗਾਂ ‘ਤੇ ਆਵਾਜਾਈ ਠੱਪ ਕੀਤੀ। ਬਿਹਾਰ ਤੇ ਯੂਪੀ ਵਿਚ ਹਿੰਸਕ ਪ੍ਰਦਰਸ਼ਨਾਂ ਦਾ ਦੌਰ ਅੱਜ ਵੀ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਬਿਹਾਰ, ਉੱਤਰ ਪ੍ਰਦੇਸ਼ ਤੇ ਤਿਲੰਗਾਨਾ ਸਣੇ ਵੱਖ ਵੱਖ ਥਾਈਂ ਸੱਤ ਰੇਲ ਗੱਡੀਆਂ ਫ਼ੂਕ ਦਿੱਤੀਆਂ। ਹਜੂਮ ਨੇ ਸਰਕਾਰੀ ਤੇ ਨਿੱਜੀ ਜਾਇਦਾਦਾਂ ਦੀ ਵੀ ਭੰਨਤੋੜ ਕੀਤੀ। ਪਟਨਾ ਵਿੱਚ ਹਜੂਮ ਨੇ ਭਾਜਪਾ ਆਗੂ ਤੇ ਉਪ ਮੁੱਖ ਮੰਤਰੀ ਰੇਣੂ ਦੇਵੀ ਦੇ ਘਰ ਅਤੇ ਭਾਜਪਾ ਵਿਧਾਇਕ ਦੀ ਕਾਰ ਨੂੰ ਨਿਸ਼ਾਨਾ ਬਣਾਇਆ। ਬਿਹਾਰ ਭਾਜਪਾ ਦੇ ਪ੍ਰਧਾਨ ਸੰਜੈ ਜੈਸਵਾਲ ਦੇ ਬੇਤੀਆ ਕਸਬੇ ਵਿਚਲੇ ਘਰ ਦੀ ਵੀ ਭੰਨਤੋੜ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਵਿੱਚ ਵੀ ਲੋਕਾਂ ਨੇ ਸਰਕਾਰੀ ਬੱਸਾਂ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਹਿੰਸਕ ਪ੍ਰਦਰਸ਼ਨਾਂ ਕਰਕੇ ਅੱਜ ਘੱਟੋ-ਘੱਟ 200 ਰੇਲ ਗੱਡੀਆਂ ਦੀ ਆਵਾਜਾਈ ਅਸਰਅੰਦਾਜ਼ ਹੋਈ ਤੇ 300 ਤੋਂ ਵੱਧ ਗੱਡੀਆਂ ਨੂੰ ਰੱਦ ਕਰਨਾ ਪਿਆ। ਮੱਧ ਪ੍ਰਦੇਸ਼ ਦੀ ਰਾਜਧਾਨੀ ਇੰਦੌਰ, ਹਰਿਆਣਾ ਦੇ ਨਰਵਾਨਾ, ਹਿਸਾਰ, ਫ਼ਤਿਆਬਾਦ ਤੇ ਝੱਜਰ ਅਤੇ ਪੱਛਮੀ ਬੰਗਾਲ ਤੇ ਝਾਰਖੰਡ ਵਿੱਚ ਵੀ ਕਈ ਥਾਈਂ ਲੋਕਾਂ ਨੇ ਪ੍ਰਦਰਸ਼ਨ ਕੀਤੇ। ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਹੋਈ ਹਿੰਸਾ ਲਈ 1000 ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰ ਸਰਕਾਰ ਨੂੰ ਅਗਨੀਪਥ ਸਕੀਮ ‘ਤੇ ਫ਼ੌਰੀ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ।
ਉੱਤਰ ਪ੍ਰਦੇਸ਼ ਤੋਂ ਤਿਲੰਗਾਨਾ ਅਤੇ ਬਿਹਾਰ ਤੋਂ ਮੱਧ ਪ੍ਰਦੇਸ਼ ਤੱਕ ਦੇਸ਼ ਦੇ ਇਕ ਵੱਡੇ ਹਿੱਸੇ ਵਿੱਚ ਰੋਹ ਵਿੱਚ ਆਏ ਹਜੂਮ ਨੇ ਪੱਥਰਬਾਜ਼ੀ ਕਰਕੇ ਕਰੋੜਾਂ ਰੁਪਏ ਦੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਮੁਜ਼ਾਹਰਾਕਾਰੀਆਂ ਨੇ ਬਿਹਾਰ ਵਿੱਚ ਦੋ ਅਤੇ ਉੱਤਰ ਪ੍ਰਦੇਸ਼ ਤੇ ਤਿਲੰਗਾਨਾ ਵਿੱਚ ਇਕ ਇਕ ਰੇਲ ਗੱਡੀ ਨੂੰ ਅੱਗ ਲਾ ਦਿੱਤੀ। ਬਿਹਾਰ ਵਿਚ ਫ਼ੌਜ ‘ਚ ਭਰਤੀ ਹੋਣ ਦੇ ਚਾਹਵਾਨਾਂ ਨੇ ਲਖੀਸਰਾਏ ਵਿੱਚ ਨਵੀਂ ਦਿੱਲੀ-ਭਾਗਲਪੁਰ ਵਿਕਰਮਸ਼ਿਲਾ ਐਕਸਪ੍ਰੈੱਸ ਅਤੇ ਸਮਸਤੀਪੁਰ ਵਿੱਚ ਨਵੀਂ ਦਿੱਲੀ-ਦਰਭੰਗਾ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਗੱਡੀਆਂ ਦੀਆਂ ਬੋਗੀਆਂ ਨੂੰ ਅੱਗ ਲਾ ਕੇ ਫ਼ੂਕ ਦਿੱਤਾ। ਲਖੀਸਰਾਏ ਸਟੇਸ਼ਨ ਉੱਤੇ ਲੋਕ ਰੇਲ ਗੱਡੀਆਂ ਦੀ ਆਵਾਜਾਈ ਨੂੰ ਰੋਕਣ ਲਈ ਪਟੜੀਆਂ ‘ਤੇ ਲੇਟ ਗਏ, ਜਿਨ੍ਹਾਂ ਨੂੰ ਰੇਲਵੇ ਤੇ ਸਥਾਨਕ ਪੁਲੀਸ ਨੇ ਉੱਥੋਂ ਖਿੰਡਾਇਆ। ਪ੍ਰਦਰਸ਼ਨਕਾਰੀਆਂ ਨੇ ਬਕਸਰ, ਭਾਗਲਪੁਰ ਤੇ ਸਮਸਤੀਪੁਰ ਵਿੱਚ ਕਈ ਥਾਈਂ ਟਾਇਰਾਂ ਨੂੰ ਅੱਗ ਲਾ ਕੇ ਕੌਮੀ ਮਾਰਗਾਂ ‘ਤੇ ਆਵਾਜਾਈ ਠੱਪ ਕੀਤੀ।
ਸਿਕੰਦਰਾਬਾਦ ਸਟੇਸ਼ਨ ‘ਤੇ ਤਿੰਨ ਸੌ ਤੋਂ ਸਾਢੇ ਤਿੰਨ ਸੌ ਲੋਕਾਂ ਦੇ ਹਜੂਮ ਨੇ ਯਾਤਰੀ ਗੱਡੀ ਦੇ ਪਾਰਸਲ ਕੋਚ ਨੂੰ ਅੱਗ ਲਾ ਦਿੱਤੀ। ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਹਵਾ ਵਿੱਚ ਕੀਤੀ ਫਾਇਰਿੰਗ ਦੌਰਾਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੇ ਮਗਰੋਂ ਦਮ ਤੋੜ ਦਿੱਤਾ। ਦੱਖਣ ਕੇਂਦਰੀ ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੋਲੀ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਜਵਾਨਾਂ ਨੇ ਚਲਾਈ ਸੀ। 15 ਦੇ ਕਰੀਬ ਹੋਰ ਜ਼ਖ਼ਮੀ ਸਰਕਾਰ ਗਾਂਧੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉੱਤਰ ਪ੍ਰਦੇਸ਼ ਦੇ ਬਲੀਆ ਕਸਬੇ ਵਿੱਚ ਨੌਜਵਾਨਾਂ ਨੇ ‘ਭਾਰਤ ਮਾਤਾ ਕੀ ਜੈ’ ਅਤੇ ‘ਅਗਨੀਪਥ ਵਾਪਸ ਲੋ’ ਦੇ ਨਾਅਰੇ ਲਾਏ ਤੇ ਰੇਲਵੇ ਟਰੈਕ ‘ਤੇ ਖ਼ਾਲੀ ਖੜ੍ਹੀ ਰੇਲ ਗੱਡੀ ਨੂੰ ਅੱਗ ਲਾ ਕੇ ਫ਼ੂਕ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕੁਝ ਹੋਰਨਾਂ ਗੱਡੀਆਂ ਦੀ ਵੀ ਭੰਨਤੋੜ ਕੀਤੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਲਾਠੀਆਂ ਵਰ੍ਹਾਈਆਂ। ਇਸ ਦੌਰਾਨ ਵਾਰਾਨਸੀ, ਫ਼ਿਰੋਜ਼ਾਬਾਦ ਤੇ ਅਮੇਠੀ ਵਿੱਚ ਰੋਹ ਵਿੱਚ ਆਏ ਲੋਕਾਂ ਨੇ ਸਰਕਾਰੀ ਬੱਸਾਂ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ
Home Page ਫ਼ੌਜ ‘ਚ ਭਰਤੀ ਸਕੀਮ ‘ਅਗਨੀਪਥ’ ਖ਼ਿਲਾਫ਼ ਦੇਸ਼ ਭਰ ‘ਚ ਹਿੰਸਕ ਪ੍ਰਦਰਸ਼ਨ ਜਾਰੀ