ਕਾਬੁਲ ‘ਚ ਸਥਿਤ ਗੁਰਦੁਆਰਾ ਕਰਤੇ ਪਰਵਾਨ ‘ਤੇ ਬੰਬ ਨਾਲ ਹਮਲਾ, ਦੋ ਹਲਾਕ

ਬੰਬ ਧਮਾਕਿਆਂ ‘ਚ 7 ਹੋਰ ਜ਼ਖ਼ਮੀ; ਮ੍ਰਿਤਕਾਂ ਵਿੱਚ 1 ਅਫ਼ਗ਼ਾਨ ਸਿੱਖ ਵੀ ਸ਼ਾਮਲ; ਅਫ਼ਗ਼ਾਨ ਬਲਾਂ ਨਾਲ ਹੋਏ ਮੁਕਾਬਲੇ ਵਿੱਚ 3 ਹਮਲਾਵਰ ਮਾਰੇ ਗਏ
ਕਾਬੁਲ, 18 ਜੂਨ – ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰੇ ਵਿਚ ਅੱਜ ਹੋਏ ਕਈ ਬੰਬ ਧਮਾਕਿਆਂ ‘ਚ ਦੋ ਵਿਅਕਤੀ ਮਾਰੇ ਗਏ ਤੇ ਸੱਤ ਹੋਰ ਫੱਟੜ ਹੋ ਗਏ। ਮ੍ਰਿਤਕਾਂ ਵਿਚ ਇਕ ਅਫ਼ਗ਼ਾਨ ਸਿੱਖ ਵੀ ਸ਼ਾਮਲ ਹੈ। ਹਾਲਾਂਕਿ ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੇ ਇਕ ਵਾਹਨ ਨੂੰ ਗੁਰਦੁਆਰੇ ਤੱਕ ਪਹੁੰਚਣ ਤੋਂ ਰੋਕ ਲਿਆ ਤੇ ਵੱਡੀ ਤ੍ਰਾਸਦੀ ਤੋਂ ਬਚਾਅ ਹੋ ਗਿਆ। ਤਾਲਿਬਾਨ ਦੇ ਇਕ ਤਰਜਮਾਨ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਕਰਤੇ ਪਰਵਾਨ ਗੁਰਦੁਆਰੇ ਉੱਤੇ ਹਮਲਾ ਕੀਤਾ ਗਿਆ ਤੇ ਤੁਰੰਤ ਬਾਅਦ ਅਤਿਵਾਦੀਆਂ ਤੇ ਤਾਲਿਬਾਨ ਦੇ ਸੁਰੱਖਿਆ ਕਰਮੀਆਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਮੁਕਾਬਲਾ ਕਈ ਘੰਟੇ ਚੱਲਿਆ ਤੇ ਸਾਰੇ ਤਿੰਨ ਹਮਲਾਵਰ ਮਾਰੇ ਗਏ ਹਨ। ਤਾਲਿਬਾਨ ਦੇ ਤਰਜਮਾਨ ਨੇ ਕਿਹਾ ਕਿ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦਿਆ ਵਾਹਨ ਗੁਰਦੁਆਰੇ ਦੇ ਬਾਹਰ ਹੀ ਉਡਾ ਦਿੱਤਾ ਗਿਆ ਤੇ ਇਸ ਨਾਲ ਹੋਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਤਾਲਿਬਾਨ ਦੇ ਬੁਲਾਰੇ ਅਬਦੁਲ ਨਫ਼ੀ ਟਕੋਰ ਨੇ ਪੁਸ਼ਟੀ ਕੀਤੀ ਕਿ ‘ਇਸਲਾਮਿਕ ਅਮੀਰਾਤ ਫੋਰਸ’ ਦਾ ਇਕ ਮੈਂਬਰ ਤੇ ਇਕ ਅਫ਼ਗ਼ਾਨ ਸਿੱਖ ਹਮਲੇ ਵਿਚ ਮਾਰੇ ਗਏ ਹਨ। ਸੱਤ ਹੋਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਪਹਿਲਾਂ ਇਕ ਬੰਦੂਕਧਾਰੀ ਨੇ ਹੈਂਡ ਗ੍ਰਨੇਡ ਸੁੱਟਿਆ ਜਿਸ ਨਾਲ ਗੁਰਦੁਆਰੇ ਦੇ ਗੇਟ ਨੇੜੇ ਅੱਗ ਲੱਗ ਗਈ। ਕਾਬੁਲ ਦੇ ਪੁਲੀਸ ਮੁਖੀ ਮੁਤਾਬਿਕ ਸਾਰੇ ਤਿੰਨ ਹਮਲਾਵਰਾਂ ਨੂੰ ਹਲਾਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ‘ਬੀਬੀਸੀ’ ਦੀ ਇਕ ਰਿਪੋਰਟ ਮੁਤਾਬਿਕ ਜਦ ਗੁਰਦੁਆਰੇ ਉੱਤੇ ਸੁਵਖਤੇ ਹਮਲਾ ਹੋਇਆ ਉਦੋਂ ਅੰਦਰ ਕਰੀਬ 30 ਜਣੇ ਸਨ। ਬੰਬ ਧਮਾਕੇ ਕਰਤੇ ਪਰਵਾਨ ਇਲਾਕੇ ਵਿਚ ਹੋਏ ਹਨ ਤੇ ਇਸ ਇਲਾਕੇ ਵਿਚ ਹੀ ਜ਼ਿਆਦਾਤਰ ਅਫ਼ਗ਼ਾਨ ਹਿੰਦੂ ਤੇ ਸਿੱਖ ਰਹਿੰਦੇ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਕਈ ਧਮਾਕਿਆਂ ਦੀ ਆਵਾਜ਼ ਸੁਣੀ ਤੇ ਮਗਰੋਂ ਗੋਲੀਆਂ ਚੱਲਣ ਦੀ ਆਵਾਜ਼ ਵੀ ਆਈ। ਹਮਲੇ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਸਜਿਦਾਂ ਤੇ ਘੱਟਗਿਣਤੀਆਂ ਉੱਤੇ ਅਫ਼ਗ਼ਾਨਿਸਤਾਨ ਵਿਚ ਹੁੰਦੇ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਖੋਰਾਸਾਨ) ਲੈਂਦਾ ਰਿਹਾ ਹੈ। ਚੀਨ ਦੀ ‘ਸ਼ਿਨਹੂਆ’ ਖ਼ਬਰ ਏਜੰਸੀ ਮੁਤਾਬਿਕ ਹਮਲਾ ਸਵੇਰੇ ਕਰੀਬ 6 ਵਜੇ ਹੋਇਆ ਤੇ ਵੱਡੇ ਧਮਾਕੇ ਸੁਣੇ ਗਏ। ਉਨ੍ਹਾਂ ਮੁਤਾਬਿਕ ਦੂਜਾ ਧਮਾਕਾ, ਪਹਿਲੇ ਧਮਾਕੇ ਤੋਂ ਅੱਧੇ ਘੰਟੇ ਬਾਅਦ ਹੋਇਆ। ਸਾਰੀ ਥਾਂ ਨੂੰ ਫ਼ਿਲਹਾਲ ਸੀਲ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ 2020 ਵਿਚ ਹੋਏ ਇਕ ਹਮਲੇ ਸਮੇਂ ਅਫ਼ਗ਼ਾਨਿਸਤਾਨ ਵਿਚ 700 ਸਿੱਖ ਤੇ ਹਿੰਦੂ ਰਹਿ ਰਹੇ ਸਨ। ਇਸ ਤੋਂ ਬਾਅਦ ਦਰਜਨਾਂ ਨੇ ਮੁਲਕ ਛੱਡ ਦਿੱਤਾ ਪਰ ਕੁਝ ਕਾਬੁਲ, ਜਲਾਲਾਬਾਦ ਤੇ ਗ਼ਜ਼ਨੀ ਵਿਚ ਰੁਕ ਗਏ। ਤਾਲਿਬਾਨ ਵੱਲੋਂ ਪਿਛਲੇ ਸਾਲ ਅਗਸਤ ਵਿਚ ਅਫ਼ਗ਼ਾਨਿਸਤਾਨ ਦੀ ਸੱਤਾ ਸੰਭਾਲਣ ਤੋਂ ਬਾਅਦ ਲਗਾਤਾਰ ਹਮਲੇ ਹੋ ਰਹੇ ਹਨ ਤੇ ਸੁੰਨੀ ਮੁਸਲਿਮ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਇਨ੍ਹਾਂ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਮਾਰਚ 2020 ਵਿਚ ਕਾਬੁਲ ਦੇ ਹੀ ਇਕ ਗੁਰਦੁਆਰੇ ਉੱਤੇ ਹੋਏ ਹਮਲੇ ‘ਚ 25 ਜਣੇ ਮਾਰੇ ਗਏ ਸਨ। ਸ਼ੋਰ ਬਾਜ਼ਾਰ ਵਿਚ ਹੋਏ ਹਮਲੇ ਦੀ ਜ਼ਿੰਮੇਵਾਰੀ ਉਸ ਵੇਲੇ ਇਸਲਾਮਿਕ ਸਟੇਟ ਨੇ ਲਈ ਸੀ।