ਨਵੀਂ ਦਿੱਲੀ, 21 ਜੂਨ – ਰਾਸ਼ਟਰਪਤੀ ਦੇ ਅਹੁਦੇ ਲਈ ਅਗਲੇ ਮਹੀਨੇ 18 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਸਮਾਜਵਾਦੀ ਪਾਰਟੀ ਸਣੇ 13 ਵਿਰੋਧੀ ਪਾਰਟੀਆਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ (84) ਦੇ ਨਾਂ ‘ਤੇ ਮੋਹਰ ਲਾ ਦਿੱਤੀ ਹੈ। ਜਦੋਂ ਕਿ ਭਾਜਪਾ ਦੇ ਸੰਸਦੀ ਬੋਰਡ ਦੀ ਅੱਜ ਇੱਥੇ ਹੋਈ ਬੈਠਕ ਤੋਂ ਬਾਅਦ ਸੱਤਾਧਾਰੀ ਧਿਰ ਐੱਨਡੀਏ ਨੇ ਵੀ ਰਾਸ਼ਟਰਪਤੀ ਚੋਣਾਂ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ। ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੇ ਦਰੌਪਦੀ ਮੁਰਮੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜੋ ਕਿ ਝਾਰਖੰਡ ਦੇ ਰਾਜਪਾਲ ਰਹਿ ਚੁੱਕੇ ਹਨ। ਇਸ ਬਾਰੇ ਐਲਾਨ ਅੱਜ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਨੇ ਕੀਤਾ।
ਜ਼ਿਕਰਯੋਗ ਹੈ ਕਿ ਮੁਰਮੂ ਉੜੀਸਾ ਨਾਲ ਸਬੰਧਤ ਭਾਜਪਾ ਦੀ ਕਬਾਇਲੀ ਆਗੂ ਹਨ। ਮੁਰਮੂ (64) ਪਹਿਲੀ ਕਬਾਇਲੀ ਮਹਿਲਾ ਹੋਣਗੇ, ਜੋ ਚੁਣੇ ਜਾਣ ਦੀ ਸੂਰਤ ਵਿੱਚ ਇਸ ਸਿਖਰਲੇ ਸੰਵਿਧਾਨਕ ਅਹੁਦੇ ‘ਤੇ ਬੈਠਣਗੇ। ਸੰਸਦੀ ਬੋਰਡ ਦੀ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ‘ਤੇ ਫ਼ੈਸਲਾ ਕਰਨ ਲਈ ਐੱਨਸੀਪੀ ਮੁਖੀ ਸ਼ਰਦ ਪਵਾਰ ਵੱਲੋਂ ਸੱਦੀ ਗਈ ਬੈਠਕ ਵਿਚ ਸੰਸਦ ਭਵਨ ‘ਚ ਇਕੱਤਰ ਹੋਏ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਿਨਹਾ ਦੇ ਨਾਂ ਉੱਤੇ ਸਹਿਮਤੀ ਜ਼ਾਹਿਰ ਕੀਤੀ। ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਬੈਠਕ ਤੋਂ ਬਾਅਦ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ, ‘ਸਾਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਸਰਬਸੰਮਤੀ ਨਾਲ ਯਸ਼ਵੰਤ ਸਿਨਹਾ ਨੂੰ 18 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਵਿਰੋਧੀ ਧਿਰਾਂ ਦੇ ਉਮੀਦਵਾਰ ਦੇ ਰੂਪ ਵਿੱਚ ਚੁਣਿਆ ਹੈ।’
ਐੱਨਡੀਏ ਵੱਲੋਂ ਅੱਜ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਜੇਪੀ ਨੱਢਾ ਨੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨਾਲ ਵੀ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਭਾਜਪਾ ਨਾਇਡੂ ਨੂੰ ਵੀ ਦੇਸ਼ ਦੇ ਇਸ ਚੋਟੀ ਦੇ ਸੰਵਿਧਾਨਕ ਅਹੁਦੇ ਲਈ ਉਮੀਦਵਾਰ ਬਣਾ ਸਕਦੀ ਹੈ। ਦੱਸਣਯੋਗ ਹੈ ਕਿ ਵਿਰੋਧੀ ਧਿਰ ਵੱਲੋਂ ਸਿਨਹਾ ਦਾ ਨਾਂ ਪਵਾਰ, ਗੋਪਾਲਕ੍ਰਿਸ਼ਨ ਗਾਂਧੀ ਤੇ ਫ਼ਾਰੂਕ ਅਬਦੁੱਲਾ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਪੇਸ਼ਕਸ਼ ਸਵੀਕਾਰ ਨਾ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਵਿਰੋਧੀ ਧਿਰਾਂ ਦੀ ਬੈਠਕ ਵਿੱਚ ਅੱਜ ਐੱਨਸੀਪੀ, ਟੀਐਮਸੀ (ਤ੍ਰਿਣਮੂਲ ਕਾਂਗਰਸ), ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਸੀਪੀਐਮ, ਸਮਾਜਵਾਦੀ ਪਾਰਟੀ (ਸਪਾ), ਐੱਨਸੀ, ਏਆਈਐਮਆਈਐਮ, ਰਾਸ਼ਟਰੀ ਜਨਤਾ ਦਲ ਤੇ ਏਆਈਯੂਡੀਐਫ ਦੇ ਪ੍ਰਤੀਨਿਧੀ ਸ਼ਾਮਲ ਹੋਏ। ਮੀਟਿੰਗ ਵਿਚ ਕਾਂਗਰਸ ਦੇ ਮਲਿਕਾਰਜੁਨ ਖੜਗੇ ਤੇ ਜੈਰਾਮ ਰਮੇਸ਼, ਟੀਐਮਸੀ ਦੇ ਅਭਿਸ਼ੇਕ ਬੈਨਰਜੀ, ਡੀਐਮਕੇ ਤੇ ਤਿਰੁਚੀ ਸਿਵਾ, ਸੀਪੀਐਮ ਦੇ ਸੀਤਾਰਾਮ ਯੇਚੁਰੀ ਤੇ ਸੀਪੀਆਈ ਦੇ ਡੀ. ਰਾਜਾ ਨੇ ਹਿੱਸਾ ਲਿਆ। ਪੰਜ ਖੇਤਰੀ ਦਲ- ਟੀਆਰਐੱਸ, ਬੀਜੇਡੀ, ਆਪ, ਸ਼੍ਰੋਮਣੀ ਅਕਾਲੀ ਦਲ ਤੇ ਵਾਈਐੱਸਆਰਸੀਪੀ ਇਸ ਬੈਠਕ ਤੋਂ ਦੂਰ ਰਹੇ। ਇਨ੍ਹਾਂ ਪਾਰਟੀਆਂ ਨੂੰ ਫ਼ਿਲਹਾਲ ਕਿਸੇ ਵੀ ਧੜੇ ਵਿੱਚ ਨਹੀਂ ਮੰਨਿਆ ਜਾ ਰਿਹਾ।
ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 29 ਜੂਨ ਹੈ ਤੇ ਚੋਣਾਂ 18 ਜੁਲਾਈ ਨੂੰ ਹੋਣਗੀਆਂ। ਗੌਰਤਲਬ ਹੈ ਕਿ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਦੇ ਪੁੱਤਰ ਜੈਅੰਤ ਸਿਨਹਾ ਜੋ ਕਿ ਭਾਜਪਾ ਦੇ ਸੰਸਦ ਮੈਂਬਰ ਵੀ ਹਨ।
Home Page ਰਾਸ਼ਟਰਪਤੀ ਚੋਣ: ਯਸ਼ਵੰਤ ਸਿਨਹਾ ਵਿਰੋਧੀ ਧਿਰ ਤੇ ਦਰੌਪਦੀ ਮੁਰਮੂ ਐੱਨਡੀਏ ਉਮੀਦਵਾਰ