ਮੈਸੂਰ, 21 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੋਂ ਦੇ ਇਤਿਹਾਸਕ ਮੈਸੂਰ ਪੈਲੇਸ ਦੇ ਅਹਾਤੇ ‘ਚ ਮਨਾਏ ਗਏ 8ਵੇਂ ਇੰਟਰਨੈਸ਼ਨਲ ਯੋਗ ਦਿਵਸ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਪਹੁੰਚੇ ਲੋਕਾਂ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਯੋਗ ਵੱਖ ਵੱਖ ਮੁਲਕਾਂ ਵਿਚਾਲੇ ਸਹਿਯੋਗ ਹੀ ਨਹੀਂ ਬਣਾ ਸਕਦਾ ਬਲਕਿ ਇਹ ਸਮੱਸਿਆਵਾਂ ਦੇ ਹੱਲ ਦੇ ਸਮਰੱਥ ਵੀ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਸਾਡੇ ਬ੍ਰਹਿਮੰਡ ‘ਚ ਸ਼ਾਂਤੀ ਲਿਆਉਂਦਾ ਹੈ ਅਤੇ ਮਨੁੱਖਤਾ ਲਈ ਸਿਹਤਮੰਦ ਜ਼ਿੰਦਗੀ ਦੀ ਉਮੀਦ ਜਗਾਉਂਦਾ ਹੈ। ਉਨ੍ਹਾਂ ਰਿਸ਼ੀਆਂ ਦੇ ਹਵਾਲੇ ਨਾਲ ਕਿਹਾ, ‘ਯੋਗ ਸਾਡੇ ਲਈ ਸ਼ਾਂਤੀ ਲਿਆਉਂਦਾ ਹੈ। ਇਹ ਸ਼ਾਂਤੀ ਕਿਸੇ ਇਕੱਲੇ ਮਨੁੱਖ ਲਈ ਨਹੀਂ ਬਲਕਿ ਸਾਡੇ ਸਮਾਜ, ਦੇਸ਼, ਦੁਨੀਆ ਤੇ ਬ੍ਰਹਿਮੰਡ ਲਈ ਹੈ।’ ਉਨ੍ਹਾਂ ਕਿਹਾ, ‘ਯੋਗ ਬਾਰੇ ਕਿਸੇ ਦੀ ਧਾਰਨਾ ਵੱਖਰੀ ਹੋ ਸਕਦੀ ਹੈ ਪਰ ਭਾਰਤੀ ਸੰਤਾਂ ਨੇ ਆਪਣੇ ਮੰਤਰਾਂ ਰਾਹੀ ਸਾਧਾਰਨ ਢੰਗ ਨਾਲ ਇਸ ਦਾ ਜਵਾਬ ਦਿੱਤਾ ਹੈ ਕਿ ਪੂਰੇ ਬ੍ਰਹਿਮੰਡ ਦੀ ਸ਼ੁਰੂਆਤ ਸਾਡੇ ਆਪਣੇ ਸਰੀਰ ਤੇ ਆਤਮਾ ਤੋਂ ਹੁੰਦੀ ਹੈ। ਬ੍ਰਹਿਮੰਡ ਸਾਡੇ ਤੋਂ ਸ਼ੁਰੂ ਹੁੰਦਾ ਹੈ ਅਤੇ ਚੇਤਨਾ ਪੈਦਾ ਹੁੰਦੀ ਹੈ।’ ਉਨ੍ਹਾਂ ਕਿਹਾ ਕਿ ਚੀਜ਼ਾਂ ਆਤਮ-ਚੇਤਨਾ ਤੋਂ ਸ਼ੁਰੂ ਹੁੰਦੀਆਂ ਤੇ ਫਿਰ ਦੁਨੀਆ ਬਾਰੇ ਚੇਤਨਾ ਆਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਜਦੋਂ ਅਸੀਂ ਆਪਣੇ ਬਾਰੇ ਤੇ ਆਪਣੇ ਸੰਸਾਰ ਬਾਰੇ ਜਾਗਰੂਕ ਹੋ ਜਾਂਦੇ ਹਾਂ ਤਾਂ ਅਸੀਂ ਉਨ੍ਹਾਂ ਚੀਜ਼ਾਂ ਦੀ ਖੋਜ ਕਰਦੇ ਹਾਂ ਜਿਨ੍ਹਾਂ ਨੂੰ ਬਦਲਣ ਦੀ ਲੋੜ ਹੁੰਦੀ ਹੈ। ਖ਼ੁਦ ਵਿੱਚ ਤੇ ਦੁਨੀਆ ਵਿੱਚ ਵੀ। ਉਹ ਜੀਵਨ ਸ਼ੈਲੀ ਨਾਲ ਜੁੜੀਆਂ ਚੁਣੌਤੀਆਂ ਹੋਣ ਜਾਂ ਵਾਤਾਵਰਨ ਤਬਦੀਲੀ ਵਰਗੀਆਂ ਆਲਮੀ ਚੁਣੌਤੀਆਂ ਹੋਣ ਜਾਂ ਕੌਮਾਂਤਰੀ ਸੰਘਰਸ਼ ਹੋਵੇ।’ ਉਨ੍ਹਾਂ ਕਿਹਾ ਕਿ ਯੋਗ ਦੁਨੀਆ ਨੂੰ ਇਨ੍ਹਾਂ ਚੁਣੌਤੀਆਂ ਪ੍ਰਤੀ ਸੁਚੇਤ ਤੇ ਸਮਰੱਥ ਬਣਾਉਂਦਾ ਹੈ। ਯੋਗ ਵੱਖ ਵੱਖ ਮੁਲਕਾਂ ਨੂੰ ਜੋੜ ਸਕਦਾ ਹੈ ਤੇ ਇਹ ਸਾਰਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਢੰਗ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਅਤਾ ਦਾ ਅਮੀਰ ਵਿਰਸਾ ਅੱਜ ਦੁਨੀਆ ਭਰ ਦੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਹੀ ਨਹੀਂ ਬਣ ਰਿਹਾ ਬਲਕਿ ਇਹ ਜ਼ਿੰਦਗੀ ਜਿਊਣ ਦਾ ਢੰਗ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਯੋਗ ਸਿਰਫ਼ ਘਰਾਂ ਤੇ ਅਧਿਆਤਮਿਕ ਕੇਂਦਰਾਂ ਤੱਕ ਹੀ ਸੀਮਤ ਸੀ ਪਰ ਹੁਣ ਇਹ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਗਿਆ ਹੈ। ਇਸ ਮੌਕੇ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਬਸਵਰਾਜ ਬੋਮਈ, ਕੇਂਦਰੀ ਆਯੂਸ਼ ਮੰਤਰੀ ਸਰਬਨੰਦ ਸੋਨੋਵਾਲ, ਮੈਸੂਰ ਸ਼ਾਹੀ ਪਰਿਵਾਰ ਦੇ ਯਦੂਵੀਰ ਕ੍ਰਿਸ਼ਨਦੱਤਾ ਚਾਮਰਾਜਾ ਵਾਡੀਆਰ ਤੇ ਰਾਜਮਾਤਾ ਪ੍ਰਮੋਦਾ ਦੇਵੀ ਸਮੇਤ ਹੋਰ ਹਸਤੀਆਂ ਹਾਜ਼ਰ ਸਨ।
Home Page ਇੰਟਰਨੈਸ਼ਨਲ ਯੋਗ ਦਿਵਸ: ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦੁਨੀਆ ਦੀਆਂ ਸਮੱਸਿਆਵਾਂ ਦਾ...