ਕਾਬੁਲ, 22 ਜੂਨ – ਪੂਰਬੀ ਅਫ਼ਗ਼ਾਨਿਸਤਾਨ ਦੇ ਦਿਹਾਤੀ ਤੇ ਪਹਾੜੀ ਇਲਾਕੇ ਨੇੜੇ 6.1 ਰਿਐਕਟਰ ਸਕੇਲ ਦੇ ਪੈਮਾਨੇ ਦੇ ਆਏ ਸ਼ਕਤੀਸ਼ਾਲੀ ਭੂਚਾਲ ਕਾਰਣ 1000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ 1500 ਹੋਰ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ। ਇਸ ਭੂਚਾਲ ਦਾ ਦਾਇਰਾ ਲਗਭਗ 200 ਕਿੱਲੋਮੀਟਰ ਦੇ ਇਲਾਕੇ ਤੱਕ ਫੈਲਿਆ ਹੋਇਆ ਸੀ। ਭੂਚਾਲ ਦਾ ਕੇਂਦਰ ਖੋਸਤ ਸ਼ਹਿਰ ਤੋਂ ਲਗਭਗ 46 ਕਿੱਲੋਮੀਟਰ ਦੂਰ ਪਾਕਿਸਤਾਨ ਦੀ ਸਰਹੱਦ ਨੇੜੇ ਸੀ।
ਪਾਕਿਸਤਾਨ ਦੀ ਸਰਹੱਦ ਨੇੜੇ ਆਏ ਇਸ ਭੂਚਾਲ ਕਾਰਣ ਇਸ ਇਲਾਕੇ ‘ਚ ਜ਼ਿਆਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ ਕਿਉਂਕਿ ਇਸ ਦੂਰ ਦਰਾਜ਼ ਦੇ ਇਲਾਕੇ ‘ਚ ਮਕਾਨ ਤੇ ਇਮਾਰਤਾਂ ਖਸਤਾ ਹਾਲ ਹਨ ਤੇ ਇੱਥੇ ਪਹਾੜ ਖਿਸਕਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਹਨ। ਅਫ਼ਗ਼ਾਨਿਸਤਾਨ ‘ਚ ਰਾਹਤ ਕਾਰਜ ਚਲਾਉਣ ‘ਚ ਮੁਸ਼ਕਲਾਂ ਆ ਸਕਦੀਆਂ ਹਨ ਕਿਉਂਕਿ ਅਮਰੀਕੀ ਫ਼ੌਜਾਂ ਦੇ ਵਾਪਸ ਜਾਣ ਮਗਰੋਂ ਤਾਲਿਬਾਨ ਦੇ ਕਬਜ਼ੇ ਹੇਠ ਆਏ ਇਸ ਮੁਲਕ ਦੀ ਮਦਦ ਕਰਨ ਤੋਂ ਕੌਮਾਂਤਰੀ ਸਹਾਇਤਾ ਏਜੰਸੀਆਂ ਨੇ ਦੂਰੀ ਬਣਾ ਲਈ ਹੈ। ਬਚਾਅ ਦਸਤੇ ਹੈਲੀਕਾਪਟਰਾਂ ਰਾਹੀਂ ਪ੍ਰਭਾਵਿਤ ਇਲਾਕੇ ‘ਚ ਪਹੁੰਚ ਰਹੇ ਹਨ। ਪਕਟਿਕਾ ਤੋਂ ਮਿਲੀਆਂ ਤਸਵੀਰਾਂ ਅਨੁਸਾਰ ਲੋਕਾਂ ਨੂੰ ਹੈਲੀਕਾਪਟਰਾਂ ਦੀ ਮਦਦ ਨਾਲ ਇਸ ਇਲਾਕੇ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ‘ਚ ਲੋਕਾਂ ਦੇ ਤਬਾਹ ਹੋਏ ਘਰ ਵੀ ਦਿਖਾਈ ਦੇ ਰਹੇ ਹਨ।
ਅਫ਼ਗ਼ਾਨਿਸਤਾਨ ਦੇ ਹੰਗਾਮੀ ਸੇਵਾਵਾਂ ਬਾਰੇ ਅਧਿਕਾਰੀ ਸ਼ਰਾਫੁਦੀਨ ਮਸਲਿਮ ਨੇ ਅੱਜ ਮ੍ਰਿਤਕਾਂ ਦੀ ਗਿਣਤੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਭੂਚਾਲ 2002 ‘ਚ ਆਏ ਭੂਚਾਲ ਮਗਰੋਂ ਦੂਜਾ ਵੱਡਾ ਹਾਦਸਾ ਹੈ ਜਿਸ ਵਿੱਚ 1000 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਬਖ਼ਤਰ ਦੇ ਡਾਇਰੈਕਟਰ ਜਨਰਲ ਅਬਦੁਲ ਵਾਹਿਦ ਰਿਆਨ ਨੇ ਟਵੀਟ ਕੀਤਾ ਸੀ ਕਿ ਪਕਤਿਕਾ ‘ਚ 90 ਮਕਾਨ ਤਬਾਹ ਹੋਏ ਹਨ ਅਤੇ ਕਈ ਲੋਕ ਮਲਬੇ ਹੇਠ ਦੱਬੇ ਹੋਏ ਹਨ। ਤਾਲਿਬਾਨ ਸਰਕਾਰ ਦੇ ਉੱਪ ਬੁਲਾਰੇ ਬਿਲਾਲ ਕਰੀਮੀ ਨੇ ਟਵੀਟ ਕੀਤਾ, ‘ਅਸੀਂ ਸਾਰੀਆਂ ਸਹਾਇਤਾ ਏਜੰਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਥਿਤੀ ਸੰਭਾਲਣ ਲਈ ਤੁਰੰਤ ਆਪਣੇ ਦਸਤੇ ਮੌਕੇ ‘ਤੇ ਭੇਜਣ।’ ਉੱਧਰ ਕਾਬੁਲ ‘ਚ ਪ੍ਰਧਾਨ ਮੰਤਰੀ ਮੁਹੰਮਦ ਹਸਨ ਅਖੁੰਡ ਨੇ ਪੀੜਤਾਂ ਦੀ ਮਦਦ ਲਈ ਕਾਰਜ ਕਾਰਜ ਚਲਾਉਣ ਸਬੰਧੀ ਰਾਸ਼ਟਰਪਤੀ ਭਵਨ ‘ਚ ਹੰਗਾਮੀ ਮੀਟਿੰਗ ਸੱਦ ਲਈ ਹੈ।
ਇਸੇ ਦੌਰਾਨ ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਅਫ਼ਗ਼ਾਨਿਸਤਾਨ ‘ਚ ਭੂਚਾਲ ਪੀੜਤਾਂ ਦੀ ਮਦਦ ਦੀ ਕੋਈ ਸਮਰੱਥਾ ਨਹੀਂ ਹੈ। ਅਫ਼ਗ਼ਾਨਿਸਤਾਨ ‘ਚ ਸੰਯੁਕਤ ਰਾਸ਼ਟਰ ਦੇ ਦੂਤ ਰਮੀਜ਼ ਅਲਾਕਬਰੋਵ ਨੇ ਕਿਹਾ, ‘ਅਸੀਂ ਇਸ ਸਬੰਧੀ ਤੁਰਕੀ ਦੀ ਅੰਬੈਸੀ ਨਾਲ ਗੱਲ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਰਸਮੀ ਦਰਖਾਸਤ ਦੀ ਉਡੀਕ ਹੈ’।
Home Page ਅਫ਼ਗ਼ਾਨਿਸਤਾਨ ‘ਚ 6.1 ਦੇ ਸ਼ਕਤੀਸ਼ਾਲੀ ਭੂਚਾਲ ਨਾਲ ਹਜ਼ਾਰ ਤੋਂ ਵੱਧ ਲੋਕਾਂ ਦੀ...