ਜ਼ਿਮਨੀ ਚੋਣ: ਸੰਗਰੂਰ ਵਿੱਚ ਸਭ ਤੋਂ ਘੱਟ ਤੇ ਤ੍ਰਿਪੁਰਾ ‘ਚ ਸਭ ਤੋਂ ਵੱਧ ਪੋਲਿੰਗ

ਨਵੀਂ ਦਿੱਲੀ, 23 ਜੂਨ – ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣਾਂ ਲਈ ਵੋਟਾਂ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਤ੍ਰਿਪੁਰਾ ‘ਚ ਸਭ ਤੋਂ ਵੱਧ 76.6 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਜਦੋਂ ਕਿ ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਭ ਤੋਂ ਘੱਟ 37 ਫ਼ੀਸਦੀ ਵੋਟਾਂ ਪਈਆਂ ਹਨ। ਆਜ਼ਮਗੜ੍ਹ ਤੇ ਰਾਮਪੁਰ ਲੋਕ ਸਭਾ ਜ਼ਿਮਨੀ ਚੋਣ ਵਿੱਚ 43 ਫ਼ੀਸਦੀ ਵੋਟਾਂ ਪੈਣ ਦੀਆਂ ਰਿਪੋਰਟਾਂ ਹਨ। ਝਾਰਖੰਡ ਤੇ ਆਂਧਰਾ ਪ੍ਰਦੇਸ਼ ਦੀ ਇੱਕ-ਇੱਕ ਅਸੈਂਬਲੀ ਸੀਟ ਲਈ ਕ੍ਰਮਵਾਰ 56 ਤੇ67 ਫ਼ੀਸਦੀ ਪੋਲਿੰਗ ਹੋਈ।
ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲੋਈ ਵੋਟਿੰਗ ਦਾ ਅਮਲ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਵੋਟਾਂ ਪੈਣ ਦੀ ਰਫ਼ਤਾਰ ਹਾਲਾਂਕਿ ਬਹੁਤ ਮੱਠੀ ਰਹੀ। ਕਈ ਪੋਲਿੰਗ ਸਟੇਸ਼ਨਾਂ ‘ਤੇ ਚੁੱਪ ਪਸਰੀ ਰਹੀ। ਸ਼ਾਮ 7 ਵਜੇ ਤੱਕ 37 ਫ਼ੀਸਦੀ ਤੋਂ ਥੋੜ੍ਹੀ ਵੱਧ ਵੋਟਾਂ ਪੈਣ ਦੀਆਂ ਰਿਪੋਰਟਾਂ ਹਨ। ਪੋਲਿੰਗ ਮੁਕੰਮਲ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ, ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਦੇ ਦਲਵੀਰ ਸਿੰਘ ਗੋਲਡੀ ਸਣੇ ਕੁੱਲ 16 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਿਆ। ਚੋਣ ਨਤੀਜਿਆਂ ਦਾ ਐਲਾਨ 26 ਜੂਨ ਨੂੰ ਹੋਵੇਗਾ।