ਫੀਫਾ ਦਰਜਾਬੰਦੀ: ਨਿਊਜ਼ੀਲੈਂਡ 103ਵੇਂ ਅਤੇ ਭਾਰਤ 104ਵੇਂ ਸਥਾਨ ‘ਤੇ ਪੁੱਜਿਆ

ਆਕਲੈਂਡ/ਨਵੀਂ ਦਿੱਲੀ, 23 ਜੂਨ – ਫੀਫਾ ਵਿਸ਼ਵ ਦਰਜਾਬੰਦੀ ਵਿੱਚ ਨਿਊਜ਼ੀਲੈਂਡ ਤੇ ਭਾਰਤ ਦੀ ਪੁਰਸ਼ ਟੀਮ ਅੱਗੇ-ਪਿੱਛੇ ਹਨ, ਨਿਊਜ਼ੀਲੈਂਡ ਦੀ ਫੁੱਟਬਾਲ ਟੀਮ ਫੀਫਾ ਵਿਸ਼ਵ ਦਰਜਾਬੰਦੀ ਵਿੱਚ 103ਵੇਂ ਅਤੇ ਭਾਰਤੀ ਫੁੱਟਬਾਲ ਟੀਮ 104ਵੇਂ ਸਥਾਨ ‘ਤੇ ਆ ਗਈ ਹੈ। ਨਿਊਜ਼ੀਲੈਂਡ ਨੂੰ ਦੋ ਸਥਾਨਾਂ ਦਾ ਘਾਟਾ ਹੋਇਆ ਹੈ ਉਸ ਦੇ 1199 ਅੰਕ ਹਨ, ਜਦਕਿ ਭਾਰਤੀ ਟੀਮ ਨੂੰ ਏਸ਼ੀਆਈ ਕੱਪ ਕੁਆਲੀਫਿਕੇਸ਼ਨ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦੋ ਸਥਾਨਾਂ ਦਾ ਫ਼ਾਇਦਾ ਮਿਲਿਆ ਹੈ, ਉਸ ਦੇ ਵੀ ਨਿਊਜ਼ੀਲੈਂਡ ਦੇ ਬਰਾਬਰ 1199 ਅੰਕ ਹਨ।
ਏਸ਼ੀਆਈ ਫੁੱਟਬਾਲ ਫੈਡਰੇਸ਼ਨ (ਏਐੈੱਫਸੀ) ਦੇ ਮੈਂਬਰਾਂ ਵਿੱਚ ਭਾਰਤ 19ਵੇਂ ਸਥਾਨ ‘ਤੇ ਜਦਕਿ ਵਿਸ਼ਵ ਦਰਜਾਬੰਦੀ ਵਿੱਚ ਈਰਾਨ 23ਵੇਂ ਸਥਾਨ ‘ਤੇ ਹੈ ਅਤੇ ਏਐੱਫਸੀ ਦੇਸ਼ਾਂ ਵਿੱਚ ਸਿਖਰ ‘ਤੇ ਬਰਕਰਾਰ ਹੈ। ਦੱਸਣਯੋਗ ਹੈ ਕਿ ਸੁਨੀਲ ਛੇਤਰੀ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਇਸੇ ਮਹੀਨੇ ਏਸ਼ੀਆਈ ਕੱਪ ਕੁਆਲੀਫਿਕੇਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਗਰੁੱਪ ਡੀ ਵਿੱਚ ਤਿੰਨੋਂ ਲੀਗ ਮੁਕਾਬਲੇ ਜਿੱਤ ਕਿ 2023 ਵਿੱਚ ਹੋਣ ਵਾਲੇ 24 ਟੀਮਾਂ ਦੇ ਫਾਈਨਲਸ ਵਿੱਚ ਜਗ੍ਹਾ ਬਣਾਈ। ਵਿਸ਼ਵ ਦਰਜਾਬੰਦੀ ਵਿੱਚ ਬ੍ਰਾਜ਼ੀਲ ਪਹਿਲੇ ਸਥਾਨ ‘ਤੇ ਹੈ। ਉਸ ਤੋਂ ਬਾਅਦ ਬੈਲਜੀਅਮ, ਅਰਜਨਟੀਨਾ, ਫਰਾਂਸ, ਇੰਗਲੈਂਡ, ਸਪੇਨ, ਇਟਲੀ, ਨੈਦਰਲੈਂਡਜ਼, ਪੁਰਤਗਾਲ ਅਤੇ ਡੈਨਮਾਰਕ ਕ੍ਰਮਵਾਰ ਪਹਿਲੇ 10 ਸਥਾਨ ‘ਚ ਸ਼ਾਮਿਲ ਹਨ।